ਸਿੱਖ ਨੈਸ਼ਨਲ ਕਾਲਜ ’ਚ ਇਨਾਮ ਵੰਡ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 14 ਅਪਰੈਲ
ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ’ਚ ਇਨਾਮ ਵੰਡ ਸਮਾਗਮ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੇ ਪ੍ਰਬੰਧਾਂ ਹੇਠ ਹੋਇਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਫਤਿਹਗੜ੍ਹ ਚੂੜੀਆਂ ਦੇ ਮੌਜੂਦਾ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ (ਸਾਬਕਾ ਕੈਬਨਿਟ ਮੰਤਰੀ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸੇਵਾ ਮੁਕਤ ਕਰਨਲ ਜਸਮੇਰ ਸਿੰਘ ਬਾਲਾ ਸ਼ਾਮਿਲ ਹੋਏ। ਉਨ੍ਹਾਂ ਨਾਲ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ, ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ , ਇੰਜੀ. ਨਰਿੰਦਰਪਾਲ ਸਿੰਘ ਸੰਧੂ, ਪ੍ਰਿੰਸੀਪਲ ਅੰਗਰੇਜ ਸਿੰਘ ਬੋਪਾਰਾਏ ਤੇ ਗੁਰਿੰਦਰਪਾਲ ਸਿੰਘ ਸਾਬੀ ਆਦਿ ਕਮੇਟੀ ਮੈਂਬਰ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਕੀਤੀ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਗੀਤ, ਗਿੱਧਾ, ਭੰਗੜਾ ਆਦਿ ਸੱਭਿਆਚਾਰਕ ਪੇਸ਼ਕਾਰੀ ਦਿੱਤੀਆਂ।
ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਕਾਲਜ ਦੇ ਵਧੀਆਂ ਸੇਵਾਵਾਂ ਨਿਭਾਉਣ ਵਾਲੇ ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਕੁਲਵਿੰਦਰ ਸਿੰਘ, ਸੇਵਾਦਾਰ ਅਰਜਨ ਸਿੰਘ ਅਤੇ ਸ੍ਰੀਮਤੀ ਸੰਤੋਸ ਕੁਮਾਰੀ ਦਾ ਵੀ ਸਨਮਾਨ ਕੀਤਾ। ਮੰਚ ਸੰਚਾਲਨ ਡਾ. ਸਤਿੰਦਰ ਕੌਰ, ਪ੍ਰੋਫੈਸਰ ਹਰਜਿੰਦਰ ਸਿੰਘ ਅਤੇ ਪ੍ਰੋਫੈਸਰ ਅਮਨਦੀਪ ਕੌਰ ਨੇ ਕੀਤਾ।