ਸਿੱਖ ਧਰਮ ਦੇ ਸਿਧਾਂਤ ਸੰਸਾਰ ਲਈ ਚਾਨਣ ਮੁਨਾਰਾ: ਸੰਤ ਰਾੜੇ ਵਾਲੇ
ਪੱਤਰ ਪ੍ਰੇਰਕ
ਪਾਇਲ, 13 ਅਪਰੈਲ
ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿੱਚ ਅੱਜ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਪੰਜ ਪਿਆਰਿਆਂ ਵੱਲੋਂ 652 ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਗੁਰੂ ਸ਼ਬਦ ਨਾਲ ਜੋੜਿਆ ਗਿਆ।
ਇਸ ਮੌਕੇ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ ਨੇ ਗੁਰੂ ਗਿਆਨ ਦੀ ਰੋਸ਼ਨੀ ’ਚ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਅੱਜ ਸੰਸਾਰ ਜਾਤ-ਪਾਤ, ਊਚ-ਨੀਚ ਦੀਆਂ ਵੰਡਾਂ ਦੇ ਸਿਧਾਂਤ ਤੋਂ ਮੁਕਤ ਹੋ ਰਿਹਾ ਹੈ ਅਤੇ ਇੱਕ ਅਕਾਲ-ਪੁਰਖ ਦਾ ਉਪਾਸ਼ਕ ‘ਮਾਨਸ ਕੀ ਜਾਤਿ ਸਭੈ ਏਕੈ ਪਹਚਾਨਬੋ’ ਦਾ ਉਪਾਸ਼ਕ ਹੈ। ਮਹਾਂਪੁਰਸ਼ਾਂ ਨੇ ਕਿਹਾ ਕਿ ਸੰਸਾਰ ਵਿੱਚ ਸਿੱਖ ਹੀ ਅਜਿਹਾ ਧਰਮ ਹੈ ਅਤੇ ਭਵਿੱਖ ਵਿੱਚ ਵੀ ਸਿੱਖ ਧਰਮ ਦਾ ਇਹ ਸਿਧਾਂਤ ਸੰਸਾਰ ਦੇ ਧਰਮਾਂ ਲਈ ਚਾਨਣ ਮੁਨਾਰਾ ਸਿੱਧ ਹੋਵੇਗਾ।
ਪੰਜ ਪਿਆਰਿਆਂ ਵਲੋਂ ਉਨ੍ਹਾਂ ਨੂੰ ਧਰਮ ’ਚ ਪ੍ਰਪੱਕ ਰਹਿਣ, ਗੁਰਬਾਣੀ ਦਾ ਅਭਿਆਸ ਕਰਨ, ਗੁਰੂ ਇਤਿਹਾਸ ਦਾ ਗਿਆਨ ਹਾਸਲ ਕਰਨ ਦੀ ਸਿੱਖਿਆ ਦਿੱਤੀ ਗਈ। ਵਿਸਾਖੀ ਸਮਾਗਮ ਵਿੱਚ ਸੰਤ ਹਰੀ ਸਿੰਘ ਰੰਧਾਵੇ ਵਾਲੇ, ਭਾਈ ਸ਼ਰਨਜੀਤ ਸਿੰਘ, ਭਾਈ ਰਾਜ ਸਿੰਘ, ਬੀਬੀ ਜੀਵਨ ਕੌਰ, ਭਾਈ ਰਣਜੀਤ ਸਿੰਘ, ਭਾਈ ਜਸਵੀਰ ਸਿੰਘ ਅਤੇ ਗੁਰਮਤਿ ਸੰਗੀਤ ਅਕੈਡਮੀ ਰਾੜਾ ਸਾਹਿਬ ਦੇ ਸਿਖਿਆਰਥੀਆਂ ਵੱਲੋਂ ਰੱਬੀ ਬਾਣੀ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਰਾੜਾ ਸਾਹਿਬ, ਬਾਬਾ ਅਮਰ ਸਿੰਘ ਭੋਰਾ ਸਾਹਿਬ, ਟਰੱਸਟੀ ਭਾਈ ਗੁਰਨਾਮ ਸਿੰਘ ਅੜੈਚਾ, ਭਾਈ ਮਲਕੀਤ ਸਿੰਘ ਪਨੇਸਰ, ਡਾ. ਗੁਰਨਾਮ ਕੌਰ ਚੰਡੀਗੜ੍ਹ, ਭਾਈ ਅਮਰ ਸਿੰਘ ਮਲੇਰਕੋਟਲਾ, ਭਾਈ ਰਣਧੀਰ ਸਿੰਘ ਢੀਡਸਾ ਵੱਲੋਂ ਵੀ ਹਾਜ਼ਰੀ ਭਰੀ ਗਈ। ਸਟੇਜ ਸਕੱਤਰ ਦੀ ਸੇਵਾ ਭਾਈ ਹਰਦੇਵ ਸਿੰਘ ਦੋਰਾਹਾ ਅਤੇ ਭਾਈ ਰਣਧੀਰ ਸਿੰਘ ਢੀਡਸਾ ਨੇ ਨਿਭਾਈ।