For the best experience, open
https://m.punjabitribuneonline.com
on your mobile browser.
Advertisement

ਸਿੱਖ ਕਤਲੇਆਮ: ਸਿੱਖ ਫਲਸਫੇ ਤੇ ਸਿਆਸਤ ਨੂੰ ਕੁਚਲਣ ਦੀ ਕਾਰਵਾਈ

05:42 AM Jun 08, 2025 IST
ਸਿੱਖ ਕਤਲੇਆਮ  ਸਿੱਖ ਫਲਸਫੇ ਤੇ ਸਿਆਸਤ ਨੂੰ ਕੁਚਲਣ ਦੀ ਕਾਰਵਾਈ
ਚੰਡੀਗੜ੍ਹ ਵਿੱਚ ਕਰਵਾਏ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਡਾ. ਪਿਆਰੇ ਲਾਲ ਗਰਗ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੂਨ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸੈਕਟਰ-28 ਵਿੱਚ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ‘ਸਾਕਾ 84 ਦੇ ਸਿੱਖ ਸਿਆਸਤ ਉੱਤੇ ਪ੍ਰਭਾਵ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਬੁੱਧੀਜੀਵੀਆਂ ਤੇ ਸਿੱਖ ਚਿੰਤਕਾਂ ਨੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਨਵੰਬਰ 1984 ਵਿੱਚ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਕੀਤਾ ਸਿੱਖਾਂ ਦਾ ਕਤਲੇਆਮ ਅਸਲ ਵਿੱਚ ਭਾਰਤੀ ਸਟੇਟ ਵੱਲੋਂ ਸਿੱਖ ਫਲਸਫੇ ਤੇ ਸਿਆਸਤ ਨੂੰ ਕੁਚਲਣ ਲਈ ਵਹਿਸ਼ੀ ਕਾਰਵਾਈਆਂ ਸਨ। ਇਸ ਲਈ ਹੁਣ ਸਿੱਖ ਫਲਸਫੇ ਨੂੰ ਸਮਝਣ ਤੇ ਇਸ ਅਨੁਸਾਰ ਹੀ ਸਰਬੱਤ ਦੇ ਭਲੇ ਵਾਲਾ ਬ੍ਰਿਤਾਂਤ ਸਿਰਜਣ ਲਈ ਸੰਵਾਦ ਰਚਾਉਣਾ ਚਾਹੀਦਾ ਹੈ।
ਮੁੱਖ ਮਹਿਮਾਨ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਨਾਲ ਸੰਵਿਧਾਨਕ ਵਿਤਕਰਿਆਂ ਨੂੰ ਸਿੱਖ ਸਮੱਸਿਆ ਨਾਲ ਜੋੜ ਕੇ ਹੀ ਸਹੀ ਰੂਪ ਵਿੱਚ ਸਮਝਿਆ ਜਾ ਸਕਦਾ ਹੈ। ਸਾਨੂੰ ਸਿੱਖ ਫਲਸਫੇ ਨੂੰ ਸਮਝਣ ਤੇ ਪ੍ਰਫੁੱਲਤ ਕਰਦਿਆਂ ਅਜਿਹੀ ਏਕਤਾ ਉਸਾਰਨੀ ਚਾਹੀਦੀ ਹੈ ਜੋ ਮਸਲਿਆਂ ਦੇ ਹੱਲ ਵੱਲ ਵਧਣ ਲਈ ਕਾਰਜਸ਼ੀਲ ਹੋਵੇ।
ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਸਿੱਖ ਫਲਸਫੇ ਨੂੰ ਸਮਝਾਉਣ ਦੀ ਥਾਂ ਅਜੋਕੇ ਸਿਆਸਤਦਾਨਾਂ ਵੱਲੋਂ ਆਪਣੀ ਸਿਆਸਤ ਲਈ ਵੋਟ ਬੈਂਕ ਵਧਾਉਣ ਲਈ ਹੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਥ, ਪੰਜਾਬ ਤੇ ਮੁਲਕ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਹੱਲ ਕਰਨ ਦਾ ਸਹੀ ਰਾਹ ਲੱਭਣ ਲਈ ਸਾਨੂੰ ਪੰਜਾਬ ਦੀ ਧਰਤੀ ’ਤੇ ਫਲਸਫੇ ਤੋਂ ਹੀ ਰੌਸ਼ਨੀ ਮਿਲੇਗੀ। ਸਾਬਕਾ ਆਈਏਐੱਸ ਗੁਰਤੇਜ ਸਿੰਘ ਨੇ ਕਿਹਾ ਕਿ ਸਿੱਖੀ ਤੇ ਸਿੱਖ ਤਾਂ ਪਿਆਰ ਦਾ ਸੋਮਾ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਦੇ ਚਿੰਤਕਾਂ ਤੇ ਬੁੱਧੀਜੀਵੀਆਂ ਨੂੰ ਯੂਨੀਅਨ ਸਰਕਾਰ ਤੇ ਨੇਤਾਵਾਂ ਦੇ ਨਾਮ ਸਾਂਝੀ ਚਿੱਠੀ ਲਿਖ ਕੇ ਸਿੱਖਾਂ ਬਾਰੇ ਸਮਝਾਇਆ ਜਾਵੇ ਕਿ ਅਜਿਹੇ ਲੋਕਾਂ ਨਾਲ ਨਫ਼ਰਤ ਤੇ ਵਿਤਕਰਾ ਕਰ ਕੇ ਉਹ ਮੁਲਕ ਨਾਲ ਧ੍ਰੋਹ ਹੀ ਕਮਾ ਰਹੇ ਹਨ।
ਇਸ ਮੌਕੇ ਪੰਜਾਬੀ ਦੇ ਵਿਦਵਾਨ ਡਾ. ਤੇਜਵੰਤ ਸਿੰਘ ਗਿੱਲ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਪੰਜਾਬ ਮਨੁੱਖੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਮਾਲਵਿੰਦਰ ਸਿੰਘ ਮਾਲੀ, ਕੈਪਟਨ ਗੁਰਦੀਪ ਸਿੰਘ ਘੁੰਮਣ, ਦੀਦਾਰ ਸਿੰਘ ਨਲਵੀ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਗੁਰਚਰਨ ਸਿੰਘ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾ. ਖੁਸ਼ਹਾਲ ਸਿੰਘ ਨੇ ਨਿਭਾਈ।

Advertisement

Advertisement
Advertisement
Advertisement
Author Image

Balwant Singh

View all posts

Advertisement