ਸਿੱਖਿਆ ਸਕੱਤਰ ਵੱਲੋਂ ਕੌਮਾਂਤਰੀ ਸਰਹੱਦ ਨੇੜਲੇ ਸਕੂਲਾਂ ਦਾ ਦੌਰਾ

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਰੋਸੇ ਸਕੂਲ ਦੇ ਅਧਿਆਪਕਾਂ ਨਾਲ ਗੱਲਬਾਤ ਕਰਦੇ ਹੋਏ।

ਜਤਿੰਦਰ ਬੈਂਸ
ਗੁਰਦਾਸਪੁਰ, 22 ਅਕਤੂਬਰ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅੱਜ ਗੁਰਦਾਸਪੁਰ ਨਾਲ ਲਗਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੋਸੇ ਸਮੇਤ ਇਲਾਕੇ ਅੰਦਰ ਅੱਧੀ ਦਰਜਨ ਸਕੂਲਾਂ ਦਾ ਅਚਨਚੇਤ ਦੌਰਾ ਕਰ ਕੇ ਸਿੱਖਿਆ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਅਧਿਆਪਕਾਂ ਨਾਲ ਗੱਲਬਾਤ ਕਰ ਕੇ ਸਕੂਲਾਂ ਅੰਦਰ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਹੱਲ ਕਰਨ ਦਾ ਭਰੋਸਾ ਦਿਵਾਇਆ। ਸਕੂਲਾਂ ਦਾ ਦੌਰਾਨ ਕਰਨ ਮਗਰੋਂ ਸਿੱਖਿਆ ਸਕੱਤਰ ਨੇ ਗੁਰਦਾਸਪੁਰ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂੁਹ ਸਕੂਲ ਮੁਖੀ ਨਾਲ ਕਰੀਬ ਇੱਕ ਘੰਟਾ ਮੀਟਿੰਗ ਕੀਤੀ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵੱਡੀ ਗਿਣਤੀ ਸਮਾਰਟ ਬਣ ਚੁੱਕੇ ਹਨ ਅਤੇ ਅਜਿਹਾ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ।
ਉਨ੍ਹਾਂ ਸਕੂਲ ਮੁਖੀ ਨੂੰ ਸ਼ਤ-ਪ੍ਰਤੀਸ਼ਤ ਮਿਸ਼ਨ ਬਾਰੇ ਜਾਣੂ ਕਰਾਉਂਦਿਆਂ ਬਿਹਤਰ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਯੋਜਨਾ ਤੈਅ ਕਰ ਕੇ ਹੀ ਹੋ ਸਕਦਾ ਹੈ। ਸਿੱਖਿਆ ਸਕੱਤਰ ਨੇ ਦੱਸਿਆ ਕਿ ਮਿਡਲ ਜਮਾਤਾਂ ਨੂੰ ਹਮੇਸ਼ਾ ਅਣਗੌਲਿਆ ਗਿਆ ਹੈ ਅਤੇ ਅਜਿਹਾ ਸ਼ਾਇਦ ਪੰਜਵੀਂ ਅਤੇ ਅੱਠਵੀਂ ਜਮਾਤਾਂ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਫੇਲ੍ਹ ਨਾ ਕਰਨਾ ਸੀ। ਲੇਕਿਨ ਉਨ੍ਹਾਂ ਕਿਹਾ ਕਿ ਐਤਕੀਂ ਇਨ੍ਹਾਂ ਜਮਾਤਾਂ ਵਿੱਚ ਪਾਸ/ਫੇਲ੍ਹ ਕੀਤਾ ਜਾਵੇਗਾ ਅਤੇ ਫੇਲ੍ਹ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਮੁੜ ਦੋ ਮਹੀਨੇ ਬਾਅਦ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਇਆ ਕਰੇਗਾ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਸਮੇਂ-ਸਮੇਂ ਉੱਤੇ ਵਿਦਿਆਰਥੀਆਂ ਦਾ ਮੁਲਾਂਕਣ ਕਰਦੇ ਰਹਿਣ। ਅਧਿਆਪਕਾਂ ਦੀ ਸਹੂਲਤ ਲਈ ਵਿਭਾਗ ਵੱਲੋਂ ‘ਦਰਪਣ’ ਐਪ ਤਿਆਰ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਕੂਲਾਂ ਦੀ ਨਿਰੀਖਣ ਤੇ ਸਕੂਲ ਮੁਖੀ ਨਾਲ ਮੀਟਿੰਗ ਕਰਨ ਦੀ ਵੀ ਹਦਾਇਤ ਕੀਤੀ।
ਅਖੀਰ ’ਤੇ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਸੈਮੀਨਾਰ ਦਾ ਨਿਰੀਖਣ ਵੀ ਕੀਤਾ। ਜਾਣਕਾਰੀ ਅਨੁਸਾਰ ਉਨ੍ਹਾਂ ਰੋਸੇ ਤੋਂ ਇਲਾਵਾ ਬਹਿਰਾਮਪੁਰ, ਬਾਠ ਸਾਹਿਬ, ਜਿੰਦਲ, ਕੋਟਲੀ ਸੈਣੀਆਂ, ਤਿੱਬੜ ਆਦਿ ਸਕੂਲਾਂ ਦਾ ਦੌਰਾ ਵੀ ਕੀਤਾ। ਹੋਰਨਾਂ ਤੋਂ ਇਲਾਵਾ ਡੀਈਓ (ਸ) ਸ੍ਰੀਮਤੀ ਰਾਕੇਸ਼ ਬਾਲਾ, ਡੀਈਓ (ਅ) ਵਿਨੋਦ ਕੁਮਾਰ ਅਤੇ ਮਨਦੀਪ ਸਿੰਘ ਵੀ ਹਾਜ਼ਰ ਸਨ।

Tags :