ਸਿੱਖਿਆ ਮੰਤਰੀ ਵੱਲੋਂ ਵਿਦਿਅਕ ਸੁਧਾਰਾਂ ਦਾ ਰਿਪੋਰਟ ਕਾਰਡ ਪੇਸ਼
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੂਨ
ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਨਵੀਂ ਸਰਕਾਰ ਵੱਲੋਂ ਆਪਣੇ ਪਹਿਲੇ 100 ਦਿਨਾਂ ਵਿੱਚ ਵਿਦਿਅਕ ਸੁਧਾਰਾਂ ਲਈ ਕੀਤੇ ਅਹਿਮ ਕਾਰਜਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਸਿੱਖਿਆ ਮੰਤਰੀ ਸੂਦ ਨੇ ਉੱਚ ਸਿੱਖਿਆ ਨੂੰ ਹੁਲਾਰਾ ਦੇਣ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਦਿੱਲੀ ਯੂਨੀਵਰਸਿਟੀ ਦੇ 12 ਕਾਲਜਾਂ ਨੂੰ ਗਰਾਂਟ ਵਜੋਂ 274.34 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਦਿੱਲੀ ਉੱਚ ਤਕਨੀਕੀ ਸਿੱਖਿਆ ਸਹਾਇਤਾ ਯੋਜਨਾ ਦੇ ਤਹਿਤ 1,300 ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ 19 ਕਰੋੜ ਰੁਪਏ ਸਿੱਧੇ ਟਰਾਂਸਫਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਇੱਕ ਵੱਡੇ ਯਤਨ ਵਜੋਂ ਸਰਕਾਰ ਨੇ ਨੀਟ 2025 ਅਤੇ ਸੀਯੂਈਟੀ ਯੂਜੀ 2025 ਦੇ ਉਮੀਦਵਾਰਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਸ਼ੁਰੂ ਕੀਤੀ ਹੈ। ਮਦਨ ਮੋਹਨ ਮਾਲਵੀਆ ਵਿਦਿਆ ਸ਼ਕਤੀ ਮਿਸ਼ਨ ਤਹਿਤ 2,200 ਵਿਦਿਆਰਥੀਆਂ ਨੂੰ ਅਕਾਦਮਿਕ ਸਹਾਇਤਾ ਮਿਲੇਗੀ, ਜਿਸ ਵਿੱਚ 1,200 ਵਿਦਿਆਰਥੀਆਂ ਲਈ ਜੇਈ ਅਤੇ ਹੋਰ ਪ੍ਰੀਖਿਆਵਾਂ ਲਈ ਕੋਚਿੰਗ ਸ਼ਾਮਲ ਹੈ। ਇਸ ਦੌਰਾਨ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਕੈਬਨਿਟ ਨੇ 75 ਨਵੇਂ ਸਕੂਲਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸਰਕਾਰ 250 ਸਕੂਲ ਲਾਇਬ੍ਰੇਰੀਆਂ ਨੂੰ ਡਿਜੀਟਾਈਜ਼ ਅਤੇ ਅਪਗ੍ਰੇਡ ਕਰਨ ਅਤੇ ਵਿਦੇਸ਼ੀ ਭਾਸ਼ਾ ਸਿੱਖਣ ਲਈ 100 ਏਆਈ-ਸੰਚਾਲਿਤ ਡਾ. ਏਪੀਜੇ ਅਬਦੁਲ ਕਲਾਮ ਭਾਸ਼ਾ ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਲਈ ਤਿਆਰ ਹੈ। ਸਰਕਾਰੀ ਸਕੂਲਾਂ ਵਿੱਚ 100 ਹੋਰ ਆਮ ਭਾਸ਼ਾ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਡਿਜੀਟਲ ਸਿੱਖਿਆ ਯੋਜਨਾ ਦੇ ਤਹਿਤ ਉਨ੍ਹਾਂ ਕਿਹਾ ਕਿ ਸਤੰਬਰ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ 1,200 ਲੈਪਟਾਪ ਵੰਡੇ ਜਾਣਗੇ।
ਮੰਤਰੀ ਨੇ ਅੱਗੇ ਕਿਹਾ ਕਿ ਪ੍ਰਾਈਵੇਟ ਸਕੂਲ ਫੀਸ ਢਾਂਚੇ ਵਿੱਚ ਜਵਾਬਦੇਹੀ ਨੂੰ ਬਿਹਤਰ ਬਣਾਉਣ ਲਈ ਸਰਕਾਰ ਨੇ ਦਿੱਲੀ ਸਕੂਲ ਸਿੱਖਿਆ (ਫ਼ੀਸਾਂ ਦੇ ਨਿਰਧਾਰਨ ਅਤੇ ਨਿਯਮਨ ਵਿੱਚ ਪਾਰਦਰਸ਼ਤਾ) ਬਿੱਲ, 2025 ਦਾ ਪ੍ਰਸਤਾਵ ਰੱਖਿਆ ਹੈ। ਸਕੂਲ ਵਰਦੀ ਦਰਾਂ ਵਿੱਚ ਸੋਧ ਦਾ ਵੀ ਪ੍ਰਸਤਾਵ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਰਾਜਧਾਨੀ ਵਿੱਚ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।