ਸਿੱਖਿਆ ਖੇਤਰ ਨੂੰ ‘ਹੁਸ਼ਿਆਰ’ ਬਣਾਉਣ ਦਾ ਸੱਦਾ ਦਿੰਦੀ ਫਿਲਮ
ਰਜਵਿੰਦਰ ਪਾਲ ਸ਼ਰਮਾ
ਸਰਕਾਰੀ ਸਕੂਲਾਂ ਦੀ ਦਸ਼ਾ ਅਤੇ ਸਿੱਖਿਆ ਦੇ ਮੌਜੂਦਾ ਢਾਂਚੇ ਨੂੰ ਪੰਜਾਬੀ ਫਿਲਮ ‘ਹੁਸ਼ਿਆਰ ਸਿੰਘ’ ਵਿੱਚ ਬਾਖੂਬੀ ਦਿਖਾਇਆ ਗਿਆ ਹੈ। ਇਹ ਫਿਲਮ ਕੱਲ੍ਹ ਹੀ ਰਿਲੀਜ਼ ਹੋਈ ਹੈ। ਦਰਸ਼ਕਾਂ ਵੱਲੋਂ ਇਸ ਦੇ ਟਰੇਲਰ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ ਜਗਦੀਪ ਵੜਿੰਗ ਨੇ ਫਿਲਮ ਦੀ ਕਹਾਣੀ ਲਿਖੀ ਹੈ, ਜਦੋਂ ਕਿ ਉਦੇ ਪ੍ਰਤਾਪ ਸਿੰਘ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। ਆਸ਼ੂ ਮੁਨੀਸ਼ ਸਾਹਨੀ ਅਤੇ ਸਰਤਾਜ ਫਿਲਮਜ਼ ਰਾਹੀਂ ਨਿਰਮਤ ਇਸ ਫਿਲਮ ਦੀ ਕਹਾਣੀ ਹੁਸ਼ਿਆਰ ਸਿੰਘ (ਸਤਿੰਦਰ ਸਰਤਾਜ) ਦੇ ਆਲੇ ਦੁਆਲੇ ਘੁੰਮਦੀ ਹੈ। ਇਸ ਵਿੱਚ ਸਤਿੰਦਰ ਸਰਤਾਜ ਦੇ ਇਲਾਵਾ ਸਿੰਮੀ ਚਾਹਲ, ਬੀ.ਐੱਨ. ਸ਼ਰਮਾ, ਰਾਣਾ ਰਣਵੀਰ, ਮਲਕੀਤ ਰੌਣੀ, ਸਰਦਾਰ ਸੋਹੀ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਪ੍ਰਕਾਸ਼ ਗੰਡੂ ਅਤੇ ਸੰਜੂ ਸੋਲੰਕੀ ਵੀ ਆਪਣੀ ਸੁਚੱਜੀ ਅਦਾਕਾਰੀ ਰਾਹੀਂ ਫਿਲਮ ਨੂੰ ਹੋਰ ਵੀ ਦਿਲਚਸਪ ਬਣਾ ਰਹੇ ਹਨ।
‘ਹੁਸ਼ਿਆਰ ਸਿੰਘ’ ਜ਼ਰੀਏ ਇਹ ਦਿਖਾਉਣ ਦਾ ਯਤਨ ਕੀਤਾ ਗਿਆ ਹੈ ਕਿ ਜੇਕਰ ਯਤਨ ਕੀਤੇ ਜਾਣ ਤਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨਾਲੋਂ ਬਿਹਤਰ ਨਤੀਜੇ ਲਿਆ ਸਕਦੇ ਹਨ, ਪ੍ਰੰਤੂ ਅਧਿਆਪਕਾਂ ਨੂੰ ਬੱਚਿਆਂ ਨੂੰ ਸਿੱਖਿਆ ਦੇਣ ਦੀ ਬਜਾਏ ਗੈਰ ਅਧਿਆਪਨ ਕਾਰਜਾਂ ਵਿੱਚ ਉਲਝਾ ਕੇ ਰੱਖਿਆ ਹੋਇਆ ਹੈ। ਜਿਹੜਾ ਅਧਿਆਪਕ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਅਧਿਆਪਨ ਦੇ ਕਾਰਜ ਨੂੰ ਤਰਜੀਹ ਦੇ ਕੇ ਸਿਸਟਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ, ਉਸ ਦਾ ਜਾਂ ਤਾਂ ਕਿਤੇ ਦੂਰ ਤਬਾਦਲਾ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਉਸ ਦੇ ਹੱਥ ਵਿੱਚ ਮੁਅੱਤਲੀ ਦਾ ਆਦੇਸ਼ ਫੜਾ ਦਿੱਤਾ ਜਾਂਦਾ ਹੈ। ਫਿਲਮ ਮਨੋਰੰਜਨ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿਚਲੀਆਂ ਕਮੀਆਂ ਨੂੰ ਪੇਸ਼ ਕਰਕੇ ਹੱਲ ਤਲਾਸ਼ਣ ’ਤੇ ਵੀ ਜ਼ੋਰ ਦਿੰਦੀ ਹੈ ਤਾਂ ਜੋ ਸਿੱਖਿਆ ਦੇ ਖੇਤਰ ਵਿੱਚ ਵਧ ਰਹੇ ਆਰਥਿਕ ਪਾੜੇ ਨੂੰ ਖ਼ਤਮ ਕਰਕੇ ਸਿੱਖਿਆ ਦੇ ਅਧਿਕਾਰ ਨੂੰ ਅਮਲੀ ਰੂਪ ਦਿੱਤਾ ਕੀਤਾ ਜਾ ਸਕੇ। ਕੁਲ ਮਿਲਾ ਕੇ ਫਿਲਮ ਸਮਾਜ ਨੂੰ ਸੇਧ ਦੇਣ ਦਾ ਸਾਰਥਿਕ ਉਪਰਾਲਾ ਕਰਦੀ ਹੈ ਕਿਉਂਕਿ ਵਧੀਆ ਸਿੱਖਿਆ ਪ੍ਰਣਾਲੀ ਨਾਲ ਸਮਾਜ ਹਰ ਪੱਖੋਂ ਅੱਗੇ ਵਧਦਾ ਹੈ।
ਸੰਪਰਕ: 70873-67969