ਸਿੱਖਿਆ ਕ੍ਰਾਂਤੀ: ਭਰਾਤਰੀ ਜਥੇਬੰਦੀਆਂ ਵੱਲੋਂ ਵਿਧਾਇਕ ਨੂੰ ਕਾਲੀਆਂ ਝੰਡੀਆਂ ਦਿਖਾਉਣ ਦਾ ਐਲਾਨ
ਰਮਨਦੀਪ ਸਿੰਘ
ਰਾਮਪੁਰਾ ਫੂਲ, 15 ਅਪਰੈਲ
ਭਰਾਤਰੀ ਜਥੇਬੰਦੀਆਂ ਅੱਜ ਆਦਰਸ਼ ਸਕੂਲ ਚਾਉਕੇ ਦੇ ਮਾਮਲੇ ਵਿੱਚ ਪਿੰਡ ਰਾਮਪੁਰਾ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਕਈ ਅਹਿਮ ਫ਼ੈਸਲੇ ਲੈਤੇ ਗਏ। ਇਸ ਸਮੇਂ ਬੀਕੇਯੂ ਉਗਰਾਹਾਂ ਦੇ ਸੂਬਾ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਸ਼ੋਤਮ ਸਿੰਘ, ਬੀਕੇਯੂ ਡਕੌਂਦਾ ਧਨੇਰ ਦੇ ਗੁਰਦੀਪ ਸਿੰਘ ਰਾਮਪੁਰਾ, ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ, ਡੀਟੀਐੱਫ ਅਤੇ ਦੂਸਰੀਆਂ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਆਦਰਸ਼ ਸਕੂਲ ਚਾਉਕੇ ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸੰਘਰਸ਼ ਨੂੰ ਪ੍ਰਸ਼ਾਸਨ ਵੱਲੋਂ ਜਬਰੀ ਕੁਚਲਨ ਅਤੇ ਥਾਣਾ ਸਦਰ ਰਾਮਪੁਰਾ ਅੱਗੇ ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇਬੰਦੀ ਦੇ ਆਗੂ ਵਰਕਰਾਂ ਨੂੰ ਪੁਲੀਸ ਵੱਲੋਂ ਖਦੇੜਨ ਤੇ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ ਪਿੰਡ ਵਿਚ ਸਿੱਖਿਆਂ ਕ੍ਰਾਂਤੀ ਦਾ ਪ੍ਰਚਾਰ ਕਰਨ ਆਉਣ ਵਾਲੇ ‘ਆਪ’ ਵਿਧਾਇਕ ਨੂੰ ਕਾਲੀਆਂ ਝੰਡੀਆਂ ਵਿਖਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਪਖਾਨਿਆਂ ਦੇ ਨੀਂਹ ਪੱਧਰ ਰੱਖ ਕੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦਾ ਪ੍ਰਚਾਰ ਕਰ ਰਹੀ ਹੈ ਤੇ ਦੂਸਰੇ ਪਾਸੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਕੱਲ੍ਹ ਨੂੰ ਚਾਉਕੇ ਵਿੱਚ ਇੱਕ ਰੈਲੀ ਕਰਕੇ ਆਦਰਸ਼ ਸਕੂਲ ਦੇ ਗੇਟ ਅੱਗੇ ਫਿਰ ਤੋਂ ਪੱਕਾ ਮੋਰਚਾ ਸ਼ੁਰੂ ਕੀਤਾ ਜਾ ਰਿਹਾ ਪਰ ਸਕੂਲ ਨੂੰ ਤਾਲਾ ਨਹੀਂ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀ ਪੜਾਈ ਕਰਨ ਲਈ ਆਉਣ ਤੇ ਉਹ ਅਧਿਆਪਕ ਸਕੂਲ ਦੇ ਇੱਕ ਪਾਸੇ ਸ਼ਾਂਤਮਈ ਰੋਸ ਧਰਨਾ ਸ਼ੁਰੂ ਕਰਨਗੇ। ਆਗੂਆਂ ਨੇ ਕਿਹਾ ਕਿ ਮਾਨਸਾ ਸ਼ਹਿਰ 18 ਅਪਰੈਲ ਨੂੰ ਮੀਟਿੰਗ ਕਰਕੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦੂਸਰੇ ਪਾਸੇ ਸਕੂਲ ਮੈਨੇਜਮੈਂਟ ਦੇ ਗੁਰਮੇਲ ਸਿੰਘ ਨੇ ਕਿਹਾ ਕਿ ਸਕੂਲ ਪੜ੍ਹ ਰਹੇ ਬੱਚਿਆ ਦੇ ਮਾਪਿਆਂ ਨੇ ਜੋ ਮੈਂਬਰੀ ਕਮੇਟੀ ਬਣਾਈ ਹੈ ਉਸ ਅਨੁਸਾਰ ਹੀ ਸਕੂਲ ਦੇ ਕੰਮ ਹੋਣਗੇ। ਉਨ੍ਹਾਂ ਕਿਹਾ ਕਿ ਸਕੂਲ ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ ਤੇ ਬੱਚਿਆਂ ਨੂੰ ਕਿਤਾਬਾਂ ਤੇ ਬੈਗ ਵੱਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਸਾਰੇ ਅਧਿਆਪਕਾਂ ਨੂੰ ਸਕੂਲ ਵਿਚੋਂ ਟਰਮੀਨੇਟ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਜੋ ਅਧਿਆਪਕ ਸਰਕਾਰ ਦੀਆਂ ਸਿੱਖਿਆਂ ਨੀਤੀਆਂ ਤੇ ਖਰਾ ਉੱਤਰਦਿਆਂ ਯੋਗਤਾ ਪ੍ਰੀਖਿਆ ਵਿਚ ਪਾਸ ਹੁੰਦੇ ਹਨ ਉਨ੍ਹਾਂ ਨੂੰ ਸਕੂਲ ਵਿਚ ਨਿਯੁਕਤ ਕਰ ਲਿਆ ਜਾਵੇਗਾ।