ਸਿੰਧੂ ਤੇ ਰਾਜਾਵਤ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ’ਚੋਂ ਬਾਹਰ
ਨਿੰਗਬੋ (ਚੀਨ), 10 ਅਪਰੈਲ
ਓਲੰਪਿਕ ’ਚ ਦੋ ਵਾਰ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਨੌਜਵਾਨ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਅੱਜ ਇੱਥੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ’ਚ ਆਪੋ-ਆਪਣੇ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਏ। ਪੀਵੀ ਸਿੰਧੂ ਨੂੰ ਮਹਿਲਾ ਸਿੰਗਲਜ਼ ਮੁਕਾਬਲੇ ’ਚ ਦੁਨੀਆ ਦੀ ਚੌਥੇ ਨੰਬਰ ਦੀ ਜਾਪਾਨੀ ਖਿਡਾਰਨ ਅਕਾਨੇ ਯਾਮਾਗੁਚੀ ਤੋਂ 12-21 21-16 16-21 ਨਾਲ, ਜਦਕਿ ਰਾਜਾਵਤ ਨੂੰ ਪੁਰਸ਼ ਸਿੰਗਲਜ਼ ’ਚ ਜਾਪਾਨ ਦੇ ਕੋਦਾਈ ਨਾਰਾਓਕਾ ਤੋਂ ਸਿੱਧੇ ਸੈੱਟਾਂ ’ਚ 14-21 17-21 ਨਾਲ ਹਾਰ ਮਿਲੀ। ਪੁਰਸ਼ ਸਿੰਗਲਜ਼ ਵਿੱਚ ਕਿਰਨ ਜੌਰਜ ਨੂੰ ਥਾਈਲੈਂਡ ਦੇ ਕੁਨਲਾਵਤ ਵਿਦਿਤਸਰਨ ਹੱਥੋਂ 21-19 13-21 16-21 ਨਾਲ ਹਾਰ ਨਸੀਬ ਹੋਈ। ਇਸ ਦੇ ਨਾਲ ਹੀ ਚੈਂਪੀਅਨਸ਼ਿਪ ਦੇ ਮਹਿਲਾ ਤੇ ਪੁਰਸ਼ ਸਿੰਗਲਜ਼ ਵਰਗ ’ਚ ਭਾਰਤ ਦੀ ਚੁਣੌਤੀ ਖਤਮ ਹੋ ਗਈ ਹੈ।
ਦੂਜੇ ਪਾਸੇ ਧਰੁਵ ਕਪਿਲਾ ਤੇ ਤਨੀਸ਼ਾ ਕਰਾਸਟੋ ਦੀ ਜੋੜੀ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਇਸ ਭਾਰਤੀ ਜੋੜੀ ਨੇ ਚੀਨੀ ਤਾਈਪੈ ਦੇ ਯੇ ਹੋਂਗ ਵੇਈ ਅਤੇ ਨਿਕੋਲ ਗੋਂਜਾਲੇਸ ਚਾਨ ਦੀ ਜੋੜੀ ਨੂੰ 12-21 21-16 21-18 ਨਾਲ ਹਰਾਇਆ। ਧਰੁਵ ਤੇ ਤਨੀਸ਼ਾ ਦੀ ਜੋੜੀ ਦਾ ਸਾਹਮਣਾ ਹੁਣ ਹਾਂਗਕਾਂਗ ਦੇ ਚੁਨ ਮੈਨ ਟੈਂਗ ਤੇ ਯਿੰਗ ਸਏਟ ਤਸੇ ਦੀ ਜੋੜੀ ਨਾਲ ਹੋਵੇਗਾ। ਇਸ ਦੌਰਾਨ ਮਿਕਸਡ ਡਬਲਜ਼ ’ਚ ਭਾਰਤ ਦੇ ਅਸਿਥ ਸੂਰਿਆ ਤੇ ਅੰਮ੍ਰਿਤਾ ਪ੍ਰਾਮੁਥੇਸ਼ ਦੀ ਜੋੜੀ ਨੂੰ ਚੀਨ ਦੇ ਜਿਆਂਗ ਜੇਨ ਬੈਂਗ ਤੇ ਵੇਈ ਯਾ ਸ਼ਿਨ ਦੀ ਜੋੜੀ ਤੋਂ 11-21 14-21 ਨਾਲ ਹਾਰ ਮਿਲੀ। -ਪੀਟੀਆਈ