ਸਿੰਧੂਰ ਦੇ ਰੰਗ ’ਚ ਰੰਗੀ ਸਿਆਸਤ
ਅਰਵਿੰਦਰ ਜੌਹਲ
ਭਾਰਤੀ ਜਨਤਾ ਪਾਰਟੀ ਦੇ ਆਫੀਸ਼ੀਅਲ ਹੈਂਡਲ ਅਤੇ ਭਾਜਪਾ ਦੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਆਪਣੇ ਹੈਂਡਲ ’ਤੇ ਇਹ ਪੋਸਟ ਕੀਤਾ ਕਿ ‘ਘਰ ਘਰ ਸਿੰਧੂਰ’ ਯੋਜਨਾ ਬਾਰੇ ਜੋ ਖ਼ਬਰ ਛਪੀ ਹੈ, ਉਹ ‘ਫੇਕ’ (ਫਰਜ਼ੀ) ਹੈ। 28 ਮਈ ਨੂੰ ਭਾਜਪਾ ਦੀ ਇਸ ਮੁਹਿੰਮ ਬਾਰੇ ਇੱਕ ਹਿੰਦੀ ਅਖ਼ਬਾਰ ਵਿੱਚ ਖ਼ਬਰ ਛਪੀ ਤੇ ਇਸ ਮਗਰੋਂ ਦੋ ਦਿਨ ਇਸ ਯੋਜਨਾ ਬਾਰੇ ਮੁੱਖ ਧਾਰਾ ਦੇ ਟੀ.ਵੀ. ਚੈਨਲਾਂ ’ਤੇ ਇਹ ਮੁਹਿੰਮ ਭਖਾਉਣ ਤੇ ਇਸ ਦੇ ਹੱਕ ’ਚ ਹਵਾ ਬੰਨ੍ਹਣ ਲਈ ਵਿਚਾਰ-ਚਰਚਾਵਾਂ ਹੁੰਦੀਆਂ ਰਹੀਆਂ ਜਿਨ੍ਹਾਂ ਵਿੱਚ ਭਾਜਪਾ ਤਰਜਮਾਨ ਇਸ ਦੇ ਹੱਕ ਵਿੱਚ ਵਧ-ਚੜ੍ਹ ਕੇ ਦਲੀਲਾਂ ਦਿੰਦੇ ਰਹੇ। ਇੱਕ ਤਰਜਮਾਨ ਦਾ ਕਹਿਣਾ ਸੀ ਕਿ ਸਿੰਧੂਰ ਵੰਡਣਾ ਭਾਰਤੀ ਸੰਸਕ੍ਰਿਤੀ ਅਨੁਸਾਰ ਹੈ ਅਤੇ ਇਹ ਸਾਡੇ ਗੌਰਵ ਦਾ ਵਿਸ਼ਾ ਹੈ। ਇੱਕ ਹੋਰ ਸ਼ੋਅ ’ਚ ਭਾਜਪਾ ਤਰਜਮਾਨ ਦਾ ਸਪੱਸ਼ਟ ਰੂਪ ’ਚ ਕਹਿਣਾ ਸੀ ਕਿ ਪਾਰਟੀ ਦੇ ਨੇਤਾ ਅਤੇ ਕਾਰਕੁਨ ਘਰ-ਘਰ ਆਪਣੀਆਂ ਮਾਤਾਵਾਂ ਤੇ ਭੈਣਾਂ ਕੋਲ ਜਾਣਗੇ ਅਤੇ ਉਨ੍ਹਾਂ ਨੂੰ ਸੁਹਾਗ ਦੀ ਸਮੱਗਰੀ ਵੰਡਣਗੇ। ਖ਼ਬਰ ਅਨੁਸਾਰ ਭਾਜਪਾ ਦੀ ਇਹ ‘ਘਰ ਘਰ ਸਿੰਧੂਰ’ ਯੋਜਨਾ 9 ਜੂਨ ਤੋਂ ਸ਼ੁਰੂ ਹੋਣੀ ਸੀ।
ਚੈਨਲਾਂ ’ਤੇ ‘ਘਰ ਘਰ ਸਿੰਧੂਰ’ ਯੋਜਨਾ ਬਾਰੇ ਬਹਿਸਾਂ ਨਾਲ ਜਦੋਂ ਇਹ ਮੁੱਦਾ ਚਰਚਾ ਦੇ ਕੇਂਦਰ ’ਚ ਆ ਗਿਆ ਤਾਂ ਸੋਸ਼ਲ ਮੀਡੀਆ ’ਤੇ ਔਰਤਾਂ ਨੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ। ਇਸ ਯੋਜਨਾ ਦੀ ਸੋਸ਼ਲ ਮੀਡੀਆ ’ਚ ਵਾਹਵਾ ਖਿੱਲੀ ਉੱਡਣ ਲੱਗੀ ਅਤੇ ਰੋਹ ’ਚ ਆਈਆਂ ਕਈ ਔਰਤਾਂ ਨੇ ਤਾਂ ਆਪਣੇ ਪ੍ਰਤੀਕਰਮ ’ਚ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਦੇਖਣਗੀਆਂ ਕਿ ਕੌਣ ਉਨ੍ਹਾਂ ਦੇ ਘਰ ਸਿੰਧੂਰ ਲੈ ਕੇ ਆਉਂਦਾ ਹੈ? ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤੀ ਸੰਸਕ੍ਰਿਤੀ ਅਨੁਸਾਰ ਸਿੰਧੂਰ ਦੇਣ ਦਾ ਹੱਕ ਸਿਰਫ਼ ਉਨ੍ਹਾਂ ਦੇ ਪਤੀ ਦਾ ਹੈ ਜਿਸ ਦੇ ਨਾਂ ਦਾ ਸਿੰਧੂਰ ਉਹ ਆਪਣੀ ਮਾਂਗ ’ਚ ਭਰਦੀਆਂ ਹਨ। ਇਸ ਸਮੇਂ ਦੌਰਾਨ ਟੀ.ਵੀ. ਚੈਨਲਾਂ ’ਤੇ ਚੱਲੀਆਂ ਇਨ੍ਹਾਂ ਸਾਰੀਆਂ ਬਹਿਸਾਂ ਦੌਰਾਨ ਪਾਰਟੀ ਨੇ ਕਦੇ ਵੀ ਅਜਿਹੀ ਯੋਜਨਾ ਦਾ ਖੰਡਨ ਨਹੀਂ ਕੀਤਾ। ਢਾਈ ਦਿਨ ਤੱਕ ‘ਘਰ ਘਰ ਸਿੰਧੂਰ’ ਯੋਜਨਾ ਬਾਰੇ ਇਹ ਖ਼ਬਰ ਵੀ ਚਲਦੀ ਰਹੀ ਅਤੇ ਇਸ ਬਾਰੇ ਬਹਿਸਾਂ ਵੀ ਚੱਲਦੀਆਂ ਰਹੀਆਂ। ਪਾਰਟੀ ਦੇ ਤਰਜਮਾਨ ਇਸ ਬਾਰੇ ਹੋ ਰਹੀਆਂ ਬਹਿਸਾਂ ਵਿੱਚ ਵਧ-ਚੜ੍ਹ ਕੇ ਹਿੱਸਾ ਵੀ ਲੈਂਦੇ ਰਹੇ ਅਤੇ ਇਸ ਨੂੰ ਭਾਰਤੀ ਸੰਸਕ੍ਰਿਤੀ ਅਨੁਸਾਰ ਸਹੀ ਵੀ ਠਹਿਰਾਉਂਦੇ ਰਹੇ ਪਰ ਅਚਾਨਕ 30 ਮਈ ਨੂੰ ਇਸ ਖ਼ਬਰ ਨੂੰ ‘ਫਰਜ਼ੀ’ ਦੱਸਦਿਆਂ ਇਸ ਤੋਂ ਕਿਨਾਰਾ ਕਰਦਿਆਂ ਪਾਰਟੀ ਨੇ ਕਿਹਾ ਕਿ ਉਸ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਦੋ-ਢਾਈ ਦਿਨ ਫਰਜ਼ੀ ਖ਼ਬਰ ਚਲਦੀ ਰਹੀ ਅਤੇ ਸੱਤਾਧਾਰੀ ਪਾਰਟੀ ਨੇ ਇਸ ਦਾ ਕੋਈ ਨੋਟਿਸ ਵੀ ਨਹੀਂ ਲਿਆ ਤੇ ਨਾ ਫਰਜ਼ੀ ਖ਼ਬਰ ਛਾਪਣ ਵਾਲਿਆਂ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਕੀਤੀ ਹੈ।
ਆਖ਼ਰ ਵਜ੍ਹਾ ਕੀ ਹੋਈ ਕਿ ਜਿਸ ਯੋਜਨਾ ਨੂੰ ਲੈ ਕੇ ਭਾਜਪਾ ਤਰਜਮਾਨ ਅਤੇ ਕਾਰਕੁਨ ਬਹੁਤ ਉਤਸ਼ਾਹਿਤ ਸਨ, ਉਸ ਬਾਰੇ ਸੂਚਨਾ ਦੇਣ ਵਾਲੀ ਖ਼ਬਰ ਨੂੰ ਫਰਜ਼ੀ ਦੱਸ ਕੇ ਇਸ ਯੋਜਨਾ ਤੋਂ ਖਹਿੜਾ ਛੁਡਾਉਣ ਵਾਲੀ ਗੱਲ ਕੀਤੀ ਗਈ ਹੈ। ਦਰਅਸਲ, ਪ੍ਰਧਾਨ ਮੰਤਰੀ ਨੇ ਜਦੋਂ 29 ਜੂਨ ਨੂੰ ਪੱਛਮੀ ਬੰਗਾਲ (ਜਿੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ) ਦੇ ਦੌਰੇ ਦੌਰਾਨ ਮਮਤਾ ਬੈਨਰਜੀ ਨੂੰ ਘੇਰਿਆ ਅਤੇ ਭਾਜਪਾ ਦੇ ਇੱਕ ਨੇਤਾ ਨੇ ਮੰਚ ’ਤੇ ਪ੍ਰਧਾਨ ਮੰਤਰੀ ਦੀ ਹਾਜ਼ਰੀ ’ਚ ਇਹ ਕਹਿ ਦਿੱਤਾ ਕਿ ਜਿਵੇਂ ‘ਮੋਦੀ ਜੀ ਨੇ ਪਾਕਿਸਤਾਨ ਖ਼ਿਲਾਫ਼ ‘ਅਪਰੇਸ਼ਨ ਸਿੰਧੂਰ’ ਕੀਤਾ ਹੈ, ਉਸੇ ਤਰ੍ਹਾਂ ਉਹ ਇੱਥੇ ‘ਸਿੰਧੂਰ ਖੇਲਾ’ (ਪੱਛਮੀ ਬੰਗਾਲ ਦੇ ਸੰਦਰਭ ਵਿੱਚ ਇਸ ਦੇ ਧਾਰਮਿਕ ਅਤੇ ਸੰਸਕ੍ਰਿਤਕ ਅਰਥ ਹਨ। ਇੱਥੇ ‘ਸਿੰਧੂਰ ਖੇਲਾ’ ਦਸਹਿਰੇ ਮੌਕੇ ਮਨਾਇਆ ਜਾਂਦਾ ਹੈ, ਜਿਸ ਵਿੱਚ ਵਿਆਹੁਤਾ ਔਰਤਾਂ ਮਾਂ ਦੁਰਗਾ ਨੂੰ ਸਿੰਧੂਰ ਅਰਪਣ ਕਰਦੀਆਂ ਹਨ ਤੇ ਫਿਰ ਇੱਕ-ਦੂਜੇ ਨੂੰ ਸਿੰਧੂਰ ਲਾਉਂਦੀਆਂ ਹਨ) ਕਰਨਗੇ। ਇਸ ਰਸਮ ਨਾਲ ਹੀ ਦੁਰਗਾ ਪੂਜਾ ਦੀ ਸਮਾਪਤੀ ਹੁੰਦੀ ਹੈ। ਮਮਤਾ ਬੈਨਰਜੀ ਨੇ ਜਿਉਂ ਹੀ ਇਸ ਭਾਜਪਾ ਨੇਤਾ ਦੀ ਟਿੱਪਣੀ ਸੁਣੀ ਤਾਂ ਉਸ ਨੇ ਝੱਟ-ਪੱਟ ਬਿਆਨ ਜਾਰੀ ਕਰਦਿਆਂ ਭਾਜਪਾ ਦੀ ‘ਘਰ ਘਰ ਸਿੰਧੂਰ’ ਯੋਜਨਾ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ’ਤੇ ਬਹੁਤ ਹੀ ਤਿੱਖਾ ਨਿੱਜੀ ਹਮਲਾ ਕਰਦਿਆਂ ਕਿਹਾ, ‘‘ਔਰਤਾਂ ਸਿਰਫ਼ ਪਤੀ ਦੇ ਨਾਂ ਦਾ ਸਿੰਧੂਰ ਲਾਉਂਦੀਆਂ ਹਨ। ਤੁਸੀਂ ਹਰ ਕਿਸੇ ਦੇ ਪਤੀ ਨਹੀਂ। ਸਭ ਤੋਂ ਪਹਿਲਾਂ ਤੁਸੀਂ ਆਪਣੀ ਪਤਨੀ ਜਸ਼ੋਧਾ ਬੇਨ ਨੂੰ ਇਹ ਸਿੰਧੂਰ ਦਿਓ।’’ ਮਮਤਾ ਨੇ ਔਰਤ ਹੋਣ ਦੇ ਨਾਤੇ ਇਹ ਗੱਲ ਜ਼ੋਰਦਾਰ ਢੰਗ ਨਾਲ ਸੁਣਾਈ ਪਰ ਨਾਲ ਹੀ ਇਸ ਦੇ ਲਈ ਮੁਆਫ਼ੀ ਮੰਗਦਿਆਂ ਕਿਹਾ, ‘‘ਮੈਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਪਰ ਤੁਸੀਂ ਮੈਨੂੰ ਮਜਬੂਰ ਕੀਤਾ। ਤੁਸੀਂ ‘ਅਪਰੇਸ਼ਨ ਸਿੰਧੂਰ’ ਵਾਂਗ ‘ਅਪਰੇਸ਼ਨ ਬੰਗਾਲ’ ਕਰਨ ਦੀ ਗੱਲ ਕਰ ਕੇ ਮੈਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਹੈ।’’
ਅਸਲ ’ਚ ਮਮਤਾ ਨੇ ਹਿੰਦੂ ਸੰਸਕ੍ਰਿਤੀ ਦੇ ਸੰਦਰਭ ’ਚ ਇਹ ਸਵਾਲ ਜ਼ੋਰਦਾਰ ਢੰਗ ਨਾਲ ਉਠਾ ਦਿੱਤਾ ਕਿ ਦੇਸ਼ ਦੀਆਂ ਔਰਤਾਂ ਨੂੰ ਪਤੀ ਤੋਂ ਬਿਨਾਂ ਕੋਈ ਹੋਰ ਕਿਵੇਂ ਸਿੰਧੂਰ ਦੇ ਸਕਦਾ ਹੈ? ਸੋਸ਼ਲ ਮੀਡੀਆ ’ਤੇ ਵੱਖ-ਵੱਖ ਔਰਤਾਂ ਵੱਲੋਂ ਦਿੱਤੇ ਜਾ ਰਹੇ ਪ੍ਰਤੀਕਰਮਾਂ ਨੂੰ ਮਮਤਾ ਨੇ ਜ਼ੋਰਦਾਰ ਆਵਾਜ਼ ਦੇ ਦਿੱਤੀ। ਔਰਤ ਹੋਣ ਕਰ ਕੇ ਮਮਤਾ ਦੀਆਂ ਬਾਕੀ ਸਿਆਸੀ ਗੱਲਾਂ ਦੀ ਬਜਾਏ ਪ੍ਰਧਾਨ ਮੰਤਰੀ ਨੂੰ ‘ਪਹਿਲਾਂ ਆਪਣੀ ਪਤਨੀ ਨੂੰ ਸਿੰਧੂਰ ਦੇਣ ਦੀ ਸਲਾਹ’ ਸਭ ਤੋਂ ਜ਼ਿਆਦਾ ਚਰਚਾ ਦੇ ਕੇਂਦਰ ’ਚ ਆ ਗਈ ਅਤੇ ਨਾਲ ਹੀ ਇਹ ਗੱਲ ਵੀ ਕਿ ਹਿੰਦੂ ਧਰਮ ਅਨੁਸਾਰ ਪਤੀ ਤੋਂ ਇਲਾਵਾ ਕੋਈ ਵੀ ਹੋਰ ਵਿਅਕਤੀ ਕਿਸੇ ਔਰਤ ਨੂੰ ਸਿੰਧੂਰ ਨਹੀਂ ਦੇ ਸਕਦਾ।
ਗ਼ੌਰਤਲਬ ਹੈ ਕਿ ਪਹਿਲਗਾਮ ਹਮਲੇ ’ਚ ਵਿਧਵਾ ਹੋਈਆਂ ਔਰਤਾਂ ਬਾਰੇ ਹਰਿਆਣਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਵੱਲੋਂ ਭਿਵਾਨੀ ’ਚ ਅਹਿਲਿਆ ਬਾਈ ਹੋਲਕਰ ਦੀ 300ਵੀਂ ਵਰ੍ਹੇਗੰਢ ਮੌਕੇ ਦਿੱਤਾ ਗਿਆ ਬਿਆਨ ਤਾਂ ਤੁਹਾਨੂੰ ਯਾਦ ਹੀ ਹੋਵੇਗਾ। ਜਾਂਗੜਾ ਦਾ ਵਿਧਵਾ ਹੋਈਆਂ ਇਨ੍ਹਾਂ ਔਰਤਾਂ ਬਾਰੇ ਕਹਿਣਾ ਸੀ, ‘‘ਵੀਰਾਂਗਨਾ ਕਾ ਭਾਵ ਨਹੀਂ ਥਾ, ਜੋਸ਼ ਨਹੀਂ ਥਾ, ਜਜ਼ਬਾ ਨਹੀਂ ਥਾ, ਦਿਲ ਨਹੀਂ ਥਾਂ।’’ ਉਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਤੀਆਂ ਨੂੰ ਬਚਾਉਣ ਲਈ ਦਹਿਸ਼ਤਗਰਦਾਂ ਦੇ ਤਰਲੇ ਕਰਨ ਦੀ ਥਾਂ ਜੂਝਣਾ ਚਾਹੀਦਾ ਸੀ। ਜਾਂਗੜਾ ਦੇ ਸ਼ਬਦ ਸਨ, ‘‘ਉਨ੍ਹਾਂ ਨੂੰ ਲੜਨਾ ਚਾਹੀਦਾ ਸੀ ਤੇ ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ ਲੜਨਾ ਚਾਹੀਦਾ ਸੀ। ਇਸ ਨਾਲ ਮੌਤਾਂ ਦੀ ਗਿਣਤੀ ਘੱਟ ਹੋਣੀ ਸੀ। ਸਾਨੂੰ ਆਪਣੀਆਂ ਭੈਣਾਂ ਵਿੱਚ ਰਾਣੀ ਅਹਿੱਲਿਆ ਬਾਈ ਜਿਹੀ ਬਹਾਦਰੀ ਦੀ ਭਾਵਨਾ ਮੁੜ ਜਗਾਉਣੀ ਪਵੇਗੀ।’’
ਪਹਿਲਗਾਮ ਦਹਿਸ਼ਤੀ ਹਮਲੇ ਦੀਆਂ ਇਨ੍ਹਾਂ ਵਿਧਵਾਵਾਂ ਨਾਲ ਇਹ ਕਿੰਨਾ ਕਰੂਰ ਮਜ਼ਾਕ ਹੈ ਕਿ ਜਿਨ੍ਹਾਂ ਲਈ ਇਨਸਾਫ਼ ਖ਼ਾਤਰ ‘ਅਪਰੇਸ਼ਨ ਸਿੰਧੂਰ’ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਦੇ ਨਾਂ ’ਤੇ ਦੇਸ਼ ਵਿੱਚ ਸਿੰਧੂਰ ਰੰਗੀ ਸਿਆਸਤ ਖੇਡੀ ਜਾ ਰਹੀ ਹੈ, ਉਨ੍ਹਾਂ ਨੂੰ ਹੀ ਇਸ ਗੱਲ ਲਈ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚ ‘ਵੀਰਾਂਗਨਾ ਵਾਲਾ ਭਾਵ’ ਨਹੀਂ ਸੀ। ਜੇ ਅਜਿਹੇ ਹਾਲਾਤ ਵਿੱਚ ਔਰਤਾਂ ’ਤੇ ਹੀ ਆਪਣੇ ਪਤੀਆਂ ਦੀ ਰੱਖਿਆ ਦੀ ਜ਼ਿੰਮੇਵਾਰੀ ਹੈ ਤਾਂ ਸਰਕਾਰ ਅਤੇ ਸਰਕਾਰੀ ਤੰਤਰ ਦੀ ਕੀ ਲੋੜ ਹੈ? ਜਾਂਗੜਾ ਦੇ ਅਜਿਹੇ ਬਿਆਨ ਤੋਂ ਪਹਿਲਾਂ ਕਰਨਲ ਵਿਨੇ ਨਰਵਾਲ ਦੀ ਪਤਨੀ ਹਿਮਾਂਸ਼ੀ ਨਰਵਾਲ ਨੂੰ ਵੀ ਉਸ ਵੱਲੋਂ ਦੇਸ਼ ਵਿੱਚ ਸ਼ਾਂਤੀ ਕਾਇਮ ਰੱਖਣ ਅਤੇ ਮੁਸਲਮਾਨਾਂ ਤੇ ਕਸ਼ਮੀਰੀਆਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਅਪੀਲ ਲਈ ਨਾ ਕੇਵਲ ਟਰੋਲ ਕੀਤਾ ਗਿਆ ਸਗੋਂ ਉਸ ਦੀ ਕਿਰਦਾਰਕੁਸ਼ੀ ਤੱਕ ਕੀਤੀ ਗਈ। ਮੱਧ ਪ੍ਰਦੇਸ਼ ਦੇ ਮੰਤਰੀ ਵਿਜੈ ਸ਼ਾਹ ਤਾਂ ਕਰਨਲ ਸੋਫ਼ੀਆ ਕੁਰੈਸ਼ੀ ਨੂੰ ਇੱਕ ਤਰ੍ਹਾਂ ਨਾਲ ‘ਆਤੰਕੀਆਂ ਦੀ ਭੈਣ’ ਦੱਸ ਹੀ ਚੁੱਕੇ ਹਨ। ਇਨ੍ਹਾਂ ਸਾਰੀਆਂ ਔਰਤਾਂ ਬਾਰੇ ਅਜਿਹੀਆਂ ਭੱਦੀਆਂ ਟਿੱਪਣੀਆਂ ਕਰ ਕੇ ਲੋਕਾਂ ਵਿੱਚ ਪੈਦਾ ਹੋਏ ਰੋਸ ਦੇ ਮੱਦੇਨਜ਼ਰ ਪਿਛਲੇ ਐਤਵਾਰ ਐੱਨ.ਡੀ.ਏ. ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਆਪਣੇ ਸਾਥੀਆਂ ਨੂੰ ‘ਅਪਰੇਸ਼ਨ ਸਿੰਧੂਰ’ ਬਾਰੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਲਈ ਆਖਿਆ ਸੀ।
ਪਹਿਲਗਾਮ ਹਮਲੇ ’ਚ ਵਿਧਵਾ ਹੋਈਆਂ ਔਰਤਾਂ ਲਈ ਇਨਸਾਫ਼ ਦੇ ਨਾਂ ’ਤੇ ‘ਅਪਰੇਸ਼ਨ ਸਿੰਧੂਰ’ ਕੀਤਾ ਗਿਆ ਅਤੇ ਹੁਣ ਉਸੇ ਸੰਦਰਭ ’ਚ ਦੇਸ਼ ਦੀਆਂ ਔਰਤਾਂ ਨੂੰ ਸਿੰਧੂਰ ਦਿੱਤੇ ਜਾਣ ਦਾ ਤਰਕ ਸਮਝ ਨਹੀਂ ਪੈਂਦਾ। ਜਿਨ੍ਹਾਂ ਔਰਤਾਂ ਦੇ ਸੁਹਾਗ ਉੱਜੜ ਗਏ, ਉਨ੍ਹਾਂ ਲਈ ਇਸ ਸਿੰਧੂਰ ਦੇ ਕੋਈ ਮਾਇਨੇ ਨਹੀਂ ਭਾਵੇਂ ਤੁਸੀਂ ਇਹ ਸਿੰਧੂਰ ਕੁੱਲ ਜਹਾਨ ਦੀਆਂ ਔਰਤਾਂ ਨੂੰ ਵੀ ਵੰਡ ਦਿਓ।
ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਪਹਿਲਗਾਮ ਦੀ ਬੈਸਰਨ ਵਾਦੀ ਵਿੱਚ ਸੈਲਾਨੀਆਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕਿਉਂ ਨਹੀਂ ਸਨ? ਇਸ ਬੁਨਿਆਦੀ ਸਵਾਲ ਦਾ ਸਾਹਮਣਾ ਕਰਨ ਦੀ ਬਜਾਏ ਔਰਤਾਂ (ਜਿਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ) ਦਾ ਹੁਣ ਇਹ ਕਹਿ ਕੇ ਅਪਮਾਨ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਆਪਣੇ ਪਤੀਆਂ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ। ਬੰਦ ਹਾਲਾਂ ਅਤੇ ਜਨਤਕ ਇਕੱਠਾਂ ’ਚ ਅਜਿਹੇ ਭਾਸ਼ਣ ਦੇਣੇ ਬੜੇ ਸੌਖੇ ਹਨ। ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਦਹਿਸ਼ਤਗਰਦਾਂ ਦਾ ਮੁਕਾਬਲਾ ‘ਵੀਰਾਂਗਨਾ ਦੇ ਭਾਵ’ ਨਾਲ ਕਰਨ ਦੀ ਬੇਤੁਕੀ ਸਲਾਹ ਸੁਣ ਕੇ ਕਿਸੇ ਵੀ ਸਿਆਣੇ ਬੰਦੇ ਨੂੰ ਇਹ ਸਮਝ ਹੀ ਨਹੀਂ ਪੈਂਦਾ ਕਿ ਉਹ ਇਸ ’ਤੇ ਕੀ ਪ੍ਰਤੀਕਰਮ ਦੇਵੇ? ਸੁਰੱਖਿਆ ਪ੍ਰਬੰਧਾਂ ’ਚ ਰਹੀਆਂ ਖ਼ਾਮੀਆਂ ਲਈ ਜ਼ਿੰਮੇਵਾਰੀ ਕਬੂਲਣ ਦੀ ਥਾਂ ਮਰਦਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਹੁਣ ਔਰਤਾਂ ਦੇ ਮੋਢੇ ’ਤੇ ਹੀ ਸੁੱਟ ਦਿੱਤੀ ਗਈ ਹੈ। ਸਿੰਧੂਰ ਰੰਗੀ ਸਿਆਸਤ ਕਰਨ ਵਾਲੇ ਉੱਜੜੀ ਮਾਂਗ ਦੇ ਸਿੰਧੂਰ ਦੀ ਕੀਮਤ ਕੀ ਜਾਣਨ?