ਸਿੰੰਗਾਪੁਰ, 15 ਅਪਰੈਲਸਿੰਗਾਪੁਰ ਦੀ ਸੰਸਦ ਅੱਜ ਭੰਗ ਕਰ ਦਿੱਤੀ ਗਈ, ਜਿਸ ਨਾਲ ਆਗਾਮੀ ਆਮ ਚੋਣਾਂ ਲਈ ਰਾਹ ਪੱਧਰਾ ਹੋ ਗਿਆ ਹੈ। ਚੋਣ ਵਿਭਾਗ ਨੇ ਦੱਸਿਆ ਕਿ ਚੋਣਾਂ 3 ਮਈ ਨੂੰ ਹੋਣਗੀਆਂ।ਜਾਣਕਾਰੀ ਅਨੁਸਾਰ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ (ਪੀਏਪੀ) ਆਗਾਮੀ ਚੋਣਾਂ ’ਚ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਦੀ ਅਗਵਾਈ ਹੇਠ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਵੋਂਗ ਨੇ ਪਿਛਲੇ ਵਰ੍ਹੇ ਮਈ ’ਚ ਸਿੰਗਾਪੁਰ ਦੇ ਚੌਥੇ ਆਗੂ ਵਜੋਂ ਸਹੁੰ ਚੁੱਕੀ ਸੀ ਅਤੇ ਉਹ ਆਗਾਮੀ ਚੋਣਾਂ ’ਚ ਵੱਡੀ ਜਿੱਤ ਹਾਸਲ ਕਰਨਾ ਚਾਹੁੰਦੇ ਹਨ, ਕਿਉਂਕਿ ਸਰਕਾਰ ਪ੍ਰਤੀ ਵੋਟਰਾਂ ’ਚ ਵਧਦੀ ਬੇਯਕੀਨੀ ਕਾਰਨ 2020 ਦੀਆਂ ਚੋਣਾਂ ’ਚ ਪੀਏਪੀ ਨੂੰ ਝਟਕਾ ਲੱਗਾ ਸੀ। ਵੋਂਗ ਨੇ ਲੀ ਸੀਏਨ ਲੂੰਗ ਦੀ ਥਾਂ ਲਈ ਸੀ। ਕਰੋਨਾ ਮਹਾਂਮਾਰੀ ਦੌਰਾਨ 2020 ’ਚ ਹੋਈਆਂ ਚੋਣਾਂ ’ਚ ਪੀਏਪੀ ਨੇ 93 ਵਿੱਚੋਂ 83 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਹਾਲਾਂਕਿ ਵਿਰੋਧੀ ਧਿਰ ਨੇ ਪਹਿਲਾਂ ਨਾਲੋਂ ਕੁਝ ਵੱਧ ਸੀਟਾਂ ਜਿੱਤੀਆਂ ਸਨ, ਜਿਸ ਨਾਲ ਉਸ ਦੇ ਸੰਸਦ ਮੈਂਬਰਾਂ ਦੀ ਗਿਣਤੀ 6 ਤੋਂ ਵਧ ਕੇ 10 ਹੋ ਗਈ ਸੀ, ਜੋ ਹੁਣ ਤੱਕ ਸਭ ਤੋਂ ਵੱਧ ਗਿਣਤੀ ਹੈ। ਪੀਏਪੀ ਦੀ ਲੋਕਪ੍ਰਿਅਤਾ 61 ਫ਼ੀਸਦ ਦੇ ਹੇਠਲੇ ਪੱਧਰ ’ਤੇ ਆ ਗਈ ਸੀ। ਵੋਂਗ ਪੀਏਪੀ ਮੁਖੀ ਵਜੋਂ ਪਹਿਲੀ ਵਾਰ ਆਮ ਚੋਣਾਂ ਦਾ ਸਾਹਮਣਾ ਕਰਨਗੇ ਤੇ ਉਨ੍ਹਾਂ ਦੀ ਕੋਸ਼ਿਸ਼ ਨੌਜਵਾਨ ਵੋਟਰਾਂ ਤੱਕ ਪਹੁੰਚ ਬਣਾਉਣ ਦੀ ਹੋਵੇਗੀ। ਪੀਏਪੀ ਚੋਣਾਂ ’ਚ 30 ਤੋਂ ਵੱਧ ਨਵੇਂ ਉਮੀਦਵਾਰ ਉਤਾਰੇਗੀ। -ਏਪੀ