ਸਿਹਤ ਵਿਭਾਗ ਦੀ ਟੀਮ ਵੱਲੋਂ ਡੇਅਰੀਆਂ ’ਤੇ ਛਾਪੇ
ਅਸ਼ਵਨੀ ਗਰਗ
ਸਮਾਣਾ, 28 ਜਨਵਰੀ
ਮਿਲਾਵਟੀ ਦੁੱਧ ਅਤੇ ਦੁੱਧ ਦੁੱਧ ਤੋਂ ਬਣੀਆਂ ਚੀਜਾਂ ਦੀ ਜਾਂਚ ਲਈ ਇਥੇ ਸਿਹਤ ਵਿਭਾਗ ਦੀ ਟੀਮ ਨੇ ਅੱਜ ਸਮਾਣਾ ਦੀ ਕੁੱਝ ਡੇਅਰੀਆਂ ’ਤੇ ਛਾਪੇ ਮਾਰੇ ਅਤੇ ਤੇ ਦੁੱਧ, ਦਹੀਂ ਅਤੇ ਪਨੀਰ ਸਣੇ ਹੋਰ ਚੀਜਾਂ ਦੇ ਸੈਂਪਲ ਭਰੇ।
ਡੀਐੱਚਓ ਪਟਿਆਲਾ ਡਾ. ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਕੁਝ ਅਖਬਾਰਾਂ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਸਮਾਣਾ ਅਤੇ ਨਾਲ ਲਗਦੇ ਇਲਾਕਿਆਂ ਵਿਚ ਮਿਲਾਵਟੀ ਦੁੱਧ ਅਤੇ ਦੁੱਧ ਉਤਪਾਦਾਂ ਦੀ ਵਿਕਰੀ ਹੋ ਰਹੀ ਹੈ, ਜਿਸ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਆਪਣੀ ਟੀਮ ਜਾਂਚ ਲਈ ਭੇਜੀ। ਉਨ੍ਹਾਂ ਦੱਸਿਆ ਕਿ ਟੀਮ ਨੇ ਕਈ ਦੁੱਧ ਦੀਆਂ ਡੇਅਰੀਆਂ ਦੀ ਜਾਂਚ ਪੜਤਾਲ ਕੀਤੀ ਤੇ ਕੁੱਝ ਥਾਵਾਂ ਤੋਂ ਦੁੱਧ, ਦਹੀਂ ਅਤੇ ਪਨੀਰ ਸਣੇ ਹੋਰ ਸੈਂਪਲ ਵੀ ਭਰੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਡੇਅਰੀ ਮਾਲਕ ਜਾ ਹੋਰ ਵਿਅਕਤੀ ਨੂੰ ਮਿਲਾਵਟੀ ਸਾਮਾਨ ਵੇਚ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਜੇ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੂਜੇ ਪਾਸੇ ਇੱਕ ਡੇਅਰੀ ਦੇ ਕੰਮ ਕਰਦੇ ਕਰਿੰਦੇ ਨੇ ਦੱਸਿਆ ਕਿ ਇਸ ਛਾਪੇ ਦਾ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿਉਂਕਿ ਇਸ ਸੰਬੰਧੀ ਪਹਿਲਾਂ ਹੀ ਉਪਰੋਂ ਫੋਨ ਆ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਜਿਹੜੇ ਸੈਂਪਲ ਭਰੇ ਗਏ ਹਨ ਉਨ੍ਹਾਂ ਦੇ ਫੇਲ੍ਹ ਹੋਣ ਦਾ ਕੋਈ ਸਵਾਲ ਹੀ ਨਹੀਂ।