ਗੁਰਨਾਮ ਸਿੰਘ ਅਕੀਦਾਪਟਿਆਲਾ, 28 ਜੂਨਅੱਜ ਉਸ ਵੇਲੇ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਭਾਜੜਾਂ ਪੈ ਗਈਆਂ ਜਦੋਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਵੇਰੇ ਪਟਿਆਲਾ ਦੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਇੱਥੇ ਉਪਲਬਧ ਸਿਹਤ ਸੇਵਾਵਾਂ ਅਤੇ ਮੁਫ਼ਤ ਦਵਾਈ ਵੰਡ ਦੀ ਪ੍ਰਕਿਰਿਆ ਦਾ ਵਿਸਥਾਰ ਵਿੱਚ ਜਾਇਜ਼ਾ ਲਿਆ। ਉਨ੍ਹਾਂ ਹਸਪਤਾਲ ਦੀ ਓਪੀਡੀ, ਐਮਰਜੈਂਸੀ, ਆਈਸੀਯੂ, ਅਲਟਰਾਸਾਊਂਡ ਵਿਭਾਗ ਅਤੇ ਵਾਰਡਾਂ ਵਿੱਚ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਸੇਵਾਵਾਂ ਬਾਰੇ ਉਹਨਾਂ ਤੋਂ ਸਿੱਧਾ ਫੀਡਬੈਕ ਲਿਆ ਤੇ ਕਿਹਾ ਕਿ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ। ਮਰੀਜ਼ਾਂ ਵੱਲੋਂ ਮਿਲੀ ਤਸੱਲੀਬਖ਼ਸ਼ ਰਾਏ ’ਤੇ ਉਨ੍ਹਾਂ ਖ਼ੁਸ਼ੀ ਜਤਾਉਂਦਿਆਂ ਕਿਹਾ ਕਿ ਲੋਕਾਂ ਦਾ ਭਰੋਸਾ ਹੁਣ ਸਰਕਾਰੀ ਸਿਹਤ ਸੰਸਥਾਵਾਂ ਵੱਲ ਵੱਧ ਰਿਹਾ ਹੈ।ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੀ ਓਪੀਡੀ ਵਿੱਚ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 1500 ਤੋਂ 1800 ਤੱਕ ਪਹੁੰਚ ਗਈ ਹੈ ਜੋ ਕਿ ਲੋਕਾਂ ਵਿੱਚ ਸਰਕਾਰੀ ਸੇਵਾਵਾਂ ਪ੍ਰਤੀ ਵਿਸ਼ਵਾਸ ਦਾ ਸਿੱਧਾ ਸਬੂਤ ਹੈ। ਉਨ੍ਹਾਂ ਹਸਪਤਾਲ ਵਿੱਚ ਪੁਰਾਣੀ ਹੋ ਚੁੱਕੀ ਐਕਸ-ਰੇਅ ਮਸ਼ੀਨ ਦੀ ਮਿਆਦ ਖ਼ਤਮ ਹੋਣ ' ਤੇ ਨਵੀਂ ਮਸ਼ੀਨਾਂ ਲਿਆਉਣ ਦਾ ਐਲਾਨ ਕੀਤਾ।ਸਿਹਤ ਮੰਤਰੀ ਨੇ ਦੱਸਿਆ ਕਿ ਮਸ਼ੀਨਾਂ ਦੀ ਗਿਣਤੀ ਵਧਾ ਕੇ ਦੋ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਮਰੀਜ਼ ਨੂੰ ਲੰਬੀ ਉਡੀਕ ਨਾ ਕਰਨੀ ਪਵੇ। ਉਨ੍ਹਾਂ ਅਲਟਰਾਸਾਊਂਡ ਸੇਵਾਵਾਂ ਦੀ ਵੀ ਵਿਸ਼ੇਸ਼ ਜਾਂਚ ਕੀਤੀ ਅਤੇ ਕਿਹਾ ਕਿ ਇਹ ਸੇਵਾ ਮਰੀਜ਼ਾਂ ਲਈ ਕਾਫ਼ੀ ਲਾਭਕਾਰੀ ਸਾਬਤ ਹੋ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਉਹ ਇਸੇ ਤਰ੍ਹਾਂ ਹਰ ਇਕ ਹਸਪਤਾਲ ਅਤੇ ਸਿਹਤ ਕੇਂਦਰ ਵਿੱਚ ਜਾ ਕੇ ਅਚਨਚੇਤ ਜਾਇਜ਼ਾ ਲੈਂਦੇ ਰਹਿਣਗੇ । ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ ਜਗਪਾਲਇੰਦਰ ਸਿੰਘ ਵੀ ਹਾਜ਼ਰ ਸਨ।