ਸਿਹਤ ਮੰਤਰੀ ਵੱਲੋਂ ਨਹਿਰ ਦੇ ਪੁਲ ਦਾ ਉਦਘਾਟਨ
ਮੋਹਿਤ ਸਿੰਗਲਾ
ਨਾਭਾ, 13 ਅਪਰੈਲ
ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਅੱਜ ਨਾਭਾ ਦੇ ਪਿੰਡ ਰੋਹਟਾ ਵਿੱਚ ਵਿਵਾਦਾਂ ’ਚ ਰਹੇ ਨਹਿਰ ਦੇ ਪੁਲ ਦਾ ਉਦਘਾਟਨ ਕੀਤਾ। ਪੌਣੇ ਦੋ ਕਰੋੜ ਦੀ ਲਾਗਤ ਨਾਲ ਬਣਿਆ ਇਹ ਪੁਲ ਪਹਿਲਾਂ ਉਸਾਰੀ ਸਮੇਂ ਹੀ ਮੱਧ ਵਿੱਚੋਂ ਥੋੜ੍ਹਾ ਬੈਠ ਗਿਆ ਸੀ ਜਿਸ ਕਾਰਨ ਪਿੰਡ ਵਾਸੀਆਂ ’ਚ ਕਾਫੀ ਰੋਸ ਸੀ ਅਤੇ ਉਨ੍ਹਾਂ ਨੇ ਮਾੜਾ ਮੈਟੀਰੀਅਲ ਵਰਤਣ ਦਾ ਦੋਸ਼ ਲਾਉਂਦਿਆਂ ਜਬਰੀ ਕੰਮ ਰੁਕਵਾ ਦਿੱਤਾ ਸੀ। ਇਸ ਪਿੱਛੋਂ ਮੰਤਰੀ ਡਾ. ਬਲਵੀਰ ਸਿੰਘ ਅਤੇ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਕਿਸੇ ਕਿਸਮ ਦੇ ਭ੍ਰਿਸ਼ਟਾਚਾਰ ਨਾ ਹੋਣ ਦਾ ਭਰੋਸਾ ਦਿੱਤਾ। ਪੜਤਾਲ ਮਗਰੋਂ ਉਸਾਰੀ ਅਧੀਨ ਪੁਲ ਸਾਰਾ ਢਾਹ ਕੇ ਮੁੜ ਬਣਾਇਆ ਗਿਆ। ਅੱਜ ਉਦਘਾਟਨ ਮੌਕੇ ਡਾ. ਬਲਵੀਰ ਸਿੰਘ ਨੇ ਡੇਢ ਸਾਲ ਬਿਨਾਂ ਵਿਰੋਧ ਕੰਮ ਕਰਨ ਲਈ ਮੰਗੇ। ਉਨ੍ਹਾਂ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ, ‘‘ਉਹ ਡੇਢ ਸਾਲ ‘ਮਾੜੇ’ ਵਿਅਕਤੀਆਂ ਦੀ ਗੱਲ ਨਾ ਸੁਣਨ, ਉਸ ਪਿੱਛੋਂ ਵੋਟਾਂ ਹੋਣਗੀਆਂ ਅਤੇ ਮੈਂ ਲੋਕਾਂ ਨੂੰ ਵੋਟਾਂ ਪਾਉਣ ਲਈ ਨਹੀਂ ਕਹਾਂਗਾ। ਲੋਕ ਸਾਡਾ ਕੰਮ ਦੇਖ ਕੇ ਵੋਟ ਪਾਉਣ ਅਤੇ ਕੰਮ ਤਸੱਲੀਬਖਸ਼ ਨਾ ਹੋਏ ਤਾਂ ਨਾ ਪਾਉਣ।’’ ਡੇਰਾ ਬੱਸੀ ਹਸਪਤਾਲ ਵਿੱਚ ਲੜਾਈ ਦੀ ਵਾਇਰਲ ਵੀਡੀਓ ਅਤੇ ਹਸਪਤਾਲਾਂ ਵਿਚ ਸਿਹਤ ਅਮਲੇ ਦੀ ਸੁਰੱਖਿਆ ਸਬੰਧੀ ਸਵਾਲ ਦੇ ਜਵਾਬ ਵਿਚ ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਅਰਵਿੰਦ ਕੇਜਰੀਵਾਲ ਦਾ ਨਾਮ ਲੈਂਦਿਆਂ ਕਿਹਾ ਕਿ ਇਨ੍ਹਾਂ ਦੇ ਸਖਤ ਨਿਰਦੇਸ਼ਾਂ ਮੁਤਾਬਕ ਪੰਜਾਬ ਦੇ ਹਸਪਤਾਲਾਂ ਵਿਚ ਗਾਲੀ ਗਲੋਚ ਕਰਨ ਜਾਂ ਹੱਥੋਪਾਈ ਕਰਨ ਵਾਲਿਆਂ ਦੀ ਜ਼ਮਾਨਤ ਨਹੀਂ ਹੋਵੇਗੀ। ਪੁਲ ਸਬੰਧੀ ਐਕਸੀਅਨ ਗੌਰਵ ਸਿੰਗਲਾ ਨੇ ਦੱਸਿਆ ਕਿ ਤੋੜ ਕੇ ਮੁੜ ਬਣਾਉਣ ਦਾ ਸਾਰਾ ਖਰਚਾ ਠੇਕੇਦਾਰ ਨੇ ਚੁੱਕਿਆ ਹੈ ਤੇ ਸਰਕਾਰੀ ਖਜ਼ਾਨੇ ’ਤੇ ਇਸ ਦਾ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ।