ਗੁਰਨਾਮ ਸਿੰਘ ਅਕੀਦਾਪਟਿਆਲਾ, 2 ਜੁਲਾਈਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪ੍ਰਾਈਵੇਟ ਬਿਲਡਰਾਂ ਵੱਲੋਂ ਬਣਾਈਆਂ ਕਲੋਨੀਆਂ ਵਿੱਚ ਬੁਨਿਆਦੀ ਢਾਂਚੇ ਦੀਆਂ ਘਾਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਬਿਲਡਰਾਂ ਖ਼ਿਲਾਫ਼ ਕਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਹ ਅੱਜ ਅਰਬਨ ਅਸਟੇਟ ਸਮੇਤ ਕੋਹਿਨੂਰ ਐਨਕਲੇਵ, ਓਮੈਕਸ ਸਿਟੀ, ਫਰੈਂਡਜ਼ ਕਲੋਨੀ ਤੇ ਜ਼ੈਲਦਾਰ ਕਲੋਨੀਆਂ ਦੀਆਂ ਰੈਜ਼ੀਡੈਂਸ਼ੀਅਲ ਵੈੱਲਫੇਅਰ ਸੁਸਾਇਟੀ ਨਾਲ ਪੀਡੀਏ ਦਫ਼ਤਰ ਪਟਿਆਲਾ ਵਿੱਚਮੀਟਿੰਗ ਕਰ ਰਹੇ ਸਨ। ਇਸ ਮੌਕੇ ਪੀਡੀਏ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਕੌਂਸਲਰ ਜਸਬੀਰ ਗਾਂਧੀ ਸਮੇਤ ਪੀਡੀਏ ਦੀਆਂ ਵੱਖ ਵੱਖ ਸ਼ਾਖਾਵਾਂ ਦੇ ਮੁਖੀ ਮੌਜੂਦ ਸਨ।ਡਾ. ਬਲਬੀਰ ਸਿੰਘ ਨੇ ਰੈਜ਼ੀਡੈਂਸ਼ੀਅਲ ਵੈੱਲਫੇਅਰ ਸੁਸਾਇਟੀਜ਼ ਵੱਲੋਂ ਰੱਖੇ ਗਏ ਮਸਲਿਆਂ ’ਤੇ ਅਧਿਕਾਰੀਆਂ ਨਾਲ ਮੈਰਾਥਨ ਮੀਟਿੰਗ ਕਰਦਿਆਂ ਕਿਹਾ ਕਿ ਕੰਮ ਵਿੱਚ ਬੇਲੋੜੀ ਦੇਰੀ ਲਈ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਉਨ੍ਹਾਂ ਕੋਹਿਨੂਰ ਇਨਕਲੇਵ ਵਾਸੀਆਂ ਵੱਲੋਂ ਬਿਲਡਰ ਵੱਲੋਂ ਬੁਨਿਆਦੀ ਸਹੂਲਤਾਂ ਨਾਹ ਦੇਣ ਦਾ ਗੰਭੀਰ ਨੋਟਿਸ ਲੈਂਦਿਆਂ ਬਿਲਡਰ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਓਮੈਕਸ ਸਿਟੀ ਦੀਆਂ ਸਮੱਸਿਆਵਾਂ ਇਕ ਹਫ਼ਤੇ ਵਿੱਚ ਹੱਲ ਕਰਨ ਲਈ ਪੀਡੀਏ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਖ਼ੁਦ ਵੀ ਚੱਲ ਰਹੇ ਵਿਕਾਸ ਕਾਰਜਾਂ ਦਾ ਅਚਨਚੇਤ ਨਿਰੀਖਣ ਕਰਨਗੇ। ਮੀਟਿੰਗ ਦੌਰਾਨ ਪੁੱਡਾ ਅਧਿਕਾਰੀਆਂ ਵੱਲੋਂ ਵਿਕਾਸ ਕਾਰਜਾਂ ਸਬੰਧੀ ਤਾਜ਼ਾ ਰਿਪੋਰਟ ਪੇਸ਼ ਕੀਤੀ ਗਈ ਅਤੇ ਭਰੋਸਾ ਦਿੱਤਾ ਗਿਆ ਕਿ ਲੰਬਿਤ ਕੰਮਾਂ ਨੂੰ ਤੁਰੰਤ ਨਿਪਟਾਇਆ ਜਾਵੇਗਾ। ਸਿਹਤ ਮੰਤਰੀ ਨੇ ਹੁਕਮ ਦਿੱਤੇ ਕਿ ਬੁਨਿਆਦੀ ਢਾਂਚੇ ਦੇ ਕਾਰਜਾਂ ਨੂੰ ਨਿਸ਼ਚਿਤ ਸਮੇਂ ਵਿੱਚ ਪੂਰਾ ਕਰਨ ਲਈ ਸਮਾਂਬੱਧ ਐਕਸ਼ਨ ਲਿਆ ਜਾਵੇ।ਵਿਕਾਸ ਕਾਰਜਾਂ ਤਹਿਤ ਪੰਚਾਂ ਸਰਪੰਚਾਂ ਤੇ ਵਾਰਡਾਂ ਦੇ ਕੌਂਸਲਰਾਂ ਨਾਲ ਬੈਠਕਾਂਪਟਿਆਲਾ: ਰੰਗਲਾ ਪੰਜਾਬ ਪ੍ਰਾਜੈਕਟ ਤਹਿਤ ਵਿਸ਼ੇਸ਼ ਤੌਰ ’ਤੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਦੇ ਵਿਕਾਸ ਕੰਮਾਂ ਲਈ ਸਰਗਰਮ ਮੁਹਿੰਮ ਲਗਾਤਾਰਤਾ ਵਿੱਚ ਚਲਾਈ ਜਾ ਰਹੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਦਿਹਾਤੀ ਹਲਕੇ ਵਿੱਚ ਆਉਂਦੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਹੋ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਪੰਚਾਂ-ਸਰਪੰਚਾਂ, ਵਾਰਡ ਕੌਂਸਲਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਕੀਤਾ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਪੱਧਰ ’ਤੇ ਛੱਪੜਾਂ ਦੀ ਸਫ਼ਾਈ ਅਤੇ ਵਿਕਾਸ ਥਾਪਰ ਤੇ ਸੀਚੇਵਾਲ ਮਾਡਲ ਅਨੁਸਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ ਸਕੂਲਾਂ ਤੇ ਹਸਪਤਾਲਾਂ ਦੀ ਵਿਸ਼ੇਸ਼ ਤਰਜੀਹ ਦੇ ਕੇ ਮੌਜੂਦਾ ਢਾਂਚੇ ਨੂੰ ਬਿਹਤਰ ਬਣਾਇਆ ਜਾਵੇਗਾ। ਡਾ. ਬਲਬੀਰ ਸਿੰਘ ਨੇ ਨਗਰ ਨਿਗਮ ਵਿਖੇ 14 ਨਵੀਆਂ ਕੂੜਾ ਡੰਪ ਈ- ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਹਰਿੰਦਰ ਸਿੰਘ ਕੋਹਲੀ ਅਤੇ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਮੌਜੂਦ ਸਨ। ਇਸੇ ਬੈਠਕ ਦੀ ਲੜੀ ਤਹਿਤ ਡਾ. ਬਲਬੀਰ ਸਿੰਘ ਨੇ 24 ਘੰਟੇ ਪਾਣੀ ਦੀ ਸਪਲਾਈ, ਕਲੋਨੀਆਂ ਵਿੱਚ ਸੜਕਾਂ, ਸੀਵਰੇਜ, ਜਲ ਸਪਲਾਈ, ਪਾਰਕਾਂ ਅਤੇ ਸਟਰੀਟ ਲਾਈਟਾਂ ਵਰਗੇ ਮੁੱਦਿਆਂ ਤੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਮੌਕੇ ਜਸਵੀਰ ਗਾਂਧੀ, ਜੈ ਸੰਕਰ, ਸੁਰੇਸ਼ ਰਾਏ, ਗੱਜਣ ਸਿੰਘ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।