ਸਿਹਤ ਕਾਮਿਆਂ ਵੱਲੋਂ ਸਿਵਲ ਸਰਜਨ ਦਫਤਰ ਸਾਹਮਣੇ ਰੋਸ ਵਿਖਾਵਾ

ਪੱਤਰ ਪ੍ਰੇਰਕ
ਤਰਨ ਤਾਰਨ, 10 ਸਤੰਬਰ

ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੀਆਂ ਵਰਕਰਾਂ ਨੂੰ ਸੰਬੋਧਨ ਕਰਦਾ ਇਕ ਆਗੂ| ਫੋਟੋ: ਗੁਰਬਖਸ਼ਪੁਰੀ

ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਅੰਦੋਲਨ ਦੇ 14ਵੇਂ ਦਿਨ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਪੰਜਾਬ ਦੀ ਸਥਾਨਕ ਜਿਲ੍ਹਾ ਇਕਾਈ ਵਲੋਂ ਅੱਜ ਸਿਵਲ ਸਰਜਨ ਦੇ ਦਫਤਰ ਸਾਹਮਣੇ ਰੋਸ ਵਿਖਾਵਾ ਕੀਤਾ| ਵਿਖਾਵੇ ਵਿਚ ਸ਼ਾਮਲ ਵਰਕਰਾਂ ਨੂੰ ਜਥੇਬੰਦੀ ਦੀ ਸੂਬਾ ਪ੍ਰਧਾਨ ਸੁਖਬੀਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਭਦੀਪ ਕੌਰ ਦੇ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂ ਰਾਜਵੰਤ ਸਿੰਘ ਬਾਗੜੀਆਂ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਬਾਰੇ ਕੋਈ ਹੁੰਗਾਰਾ ਨਾ ਦਿੱਤੇ ਜਾਣ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਆਪਣਾ ਅੰਦੋਲਨ ਜਾਰੀ ਰੱਖੇ ਜਾਣ ਦੀ ਚਿਤਾਵਨੀ ਦਿੱਤੀ| ਵਿਖਾਵਾਕਾਰੀ ਵਰਕਰਾਂ ਨੂੰ ਜਥੇਬੰਦੀ ਦੀ ਆਗੂ ਰਾਜਵਿੰਦਰ ਕੌਰ, ਜਸਵਿੰਦਰ ਕੌਰ, ਪ੍ਰਦੀਪ ਕੌਰ, ਰਣਜੀਤ ਕੌਰ, ਸਰਬਜੀਤ ਕੌਰ, ਵਰਿੰਦਰ ਕੌਰ, ਹਰਵਿੰਦਰ ਕੌਰ, ਮਨਦੀਪ ਕੌਰ, ਸਤਿੰਦਰ ਕੌਰ, ਅਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ| ਆਗੂਆਂ ਨੇ ਕਿਹਾ ਕਿ ਉਹ ਬੀਤੇ 10-12 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਕੌਮੀ ਦਿਹਾਤੀ ਸਿਹਤ ਮਿਸ਼ਨ (ਐਨਆਰਐਚਐਮ) ਤਹਿਤ ਠੇਕਾ ਅਧਾਰ ਤੇ ਨਿਗੁਣੀਆਂ ਉਜਰਤਾਂ ਤੇ ਕੰਮ ਕਰਦੀਆਂ ਆ ਰਹੀਆਂ ਹਨ ਪਰ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਪੂਰੀਆਂ ਤਨਖਾਹਾਂ ਦੇਣ ਤੋਂ ਇਨਕਾਰੀ ਹੋ ਰਹੀ ਹੈ| ਜਥੇਬੰਦੀ ਦੀਆਂ ਹੋਰ ਮੰਗਾਂ ਵਿਚ ਵਰਦੀ ਭੱਤਾ ਦੇਣ, ਸਿਹਤ ਬੀਮਾ ਯੋਜਨਾ ਲਾਗੂ ਕੀਤੇ ਜਾਣਾ, ਈਪੀਐਫ਼ ਦੀ ਕਟੌਤੀ ਲਾਗੂ ਕਰਨਾ ਆਦਿ ਸ਼ਾਮਲ ਹਨ| ਜਥੇਬੰਦੀ ਵਰਕਰਾਂ ਸਰਕਾਰ ਖਿਲਾਫ਼ ਰੋਹ ਭਾਰੀ ਨਾਅਰੇਬਾਜ਼ੀ ਵੀ ਕੀਤੀ|