ਸਿਹਤਮੰਦ ਜੀਵਨਸ਼ੈਲੀ ਅਪਣਾਓ
ਗੁਰਬਿੰਦਰ ਸਿੰਘ ਮਾਣਕ
ਕੁਦਰਤ ਵੱਲੋਂ ਬਖ਼ਸ਼ਿਆ ਮਨੁੱਖੀ ਜੀਵਨ ਧਰਤੀ ’ਤੇ ਸਭ ਤੋਂ ਵੱਡੀ ਨਿਹਮਤ ਹੈ। ਸਰੀਰਕ ਤੇ ਮਾਨਸਿਕ ਰੂਪ ਵਿੱਚ ਸਿਹਤਮੰਦ ਮਨੁੱਖੀ ਜੀਵਨ ਦੇ ਸਾਰੇ ਕਾਰ-ਵਿਹਾਰ, ਰੁਝੇਵੇਂ, ਖ਼ੁਸ਼ੀਆਂ, ਨਵੀਆਂ ਸੋਚਾਂ, ਨਵੇਂ ਸੁਪਨੇ, ਆਸਾਂ-ਉਮੰਗਾਂ ਦੇ ਸਾਕਾਰ ਹੋਣ ਲਈ ਮਿਹਨਤ ਦੇ ਰਾਹ ਤੁਰਨ ਦੀ ਜਗਿਆਸਾ, ਜੀਵਨ ਨੂੰ ਹੋਰ ਚੰਗੇਰਾ ਬਣਾਉਣ ਦੀ ਸਕਾਰਾਤਮਕ ਸੋਚ ਜਾਂ ਅਜਿਹਾ ਹੋਰ ਬਹੁਤ ਕੁੱਝ, ਮਨੁੱਖ ਦੀ ਨਰੋਈ ਸਿਹਤ ਨਾਲ ਹੀ ਜੁੜਿਆ ਹੋਇਆ ਹੈ। ਬਿਸਤਰ ’ਤੇ ਪਏ ਬਿਮਾਰ ਮਨੁੱਖ ਦੀਆਂ ਸਾਰੀਆਂ ਸੋਚਾਂ ਤਾਂ ਮੁੜ-ਘਿੜ ਕੇ ਆਪਣੀ ਬਿਮਾਰੀ ਦੇ ਇਰਦ-ਗਿਰਦ ਹੀ ਸੀਮਤ ਹੋ ਜਾਂਦੀਆਂ ਹਨ। ਕਿੰਨਾ ਵੀ ਕੋਈ ਹੌਸਲੇ ਵਾਲਾ ਮਨੁੱਖ ਹੋਵੇ, ਪਰ ਅਕਸਰ ਬਿਮਾਰੀ ਅੱਗੇ ਹਾਰ ਜਾਂਦਾ ਹੈ। ਕਿਸੇ ਦੇਸ਼ ਦੀ ਜਨਤਾ ਦਾ ਸਰੀਰਕ ਤੇ ਮਾਨਸਿਕ ਰੂਪ ਵਿੱਚ ਤੰਦਰੁਸਤ ਹੋਣਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦਾ। ਨਰੋਆ ਮਨ ਹੀ ਨਰੋਈ ਤੇ ਸਕਾਰਾਤਮਕ ਸੋਚ ਨਾਲ ਆਪਣੇ ਆਲੇ-ਦੁਆਲੇ ਨੂੰ ਹੋਰ ਚੰਗੇਰਾ ਬਣਾਉਣ ਦੀਆਂ ਸੋਚਾਂ ਸੋਚ ਸਕਦਾ ਹੈ।
ਕੁਦਰਤ ਨੇ ਮਨੁੱਖ ਨੂੰ ਜਿਹੜਾ ਸਰੀਰ ਦਿੱਤਾ ਹੈ, ਉਹ ਸੰਸਾਰ ਦੀ ਅਦਭੁੱਤ ਮਸ਼ੀਨ ਹੈ। ਜੇ ਮਨੁੱਖ ਸੰਭਲ ਕੇ ਜੀਵਨ ਜੀਵੇ ਤਾਂ ਇਸ ਮਸ਼ੀਨ ਰੂਪੀ ਸਰੀਰ ਵਿੱਚ ਛੇਤੀ ਕੀਤਿਆਂ ਕੋਈ ਨੁਕਸ ਨਹੀਂ ਪੈਂਦਾ। ਜਦੋਂ ਤੱਕ ਮਨੁੱਖ ਕੁਦਰਤ ਦੇ ਅੰਗਸੰਗ ਜਿਊਂਦਾ ਸੀ, ਉਦੋਂ ਤੱਕ ਮਨੁੱਖ ਬਹੁਤੀਆਂ ਸਰੀਰਕ ਬਿਮਾਰੀਆਂ ਤੋਂ ਬਚਿਆ ਹੋਇਆ ਸੀ। ਜਦੋਂ ਤੋਂ ਮਨੁੱਖ ਕੁਦਰਤ ਦੇ ਨੇਮਾਂ ਨੂੰ ਉਲੰਘਣ ਦੇ ਰਾਹ ਪਿਆ ਹੈ, ਉਦੋਂ ਤੋਂ ਹੀ ਮਨੁੱਖ ਹੋਰ ਅਨੇਕਾਂ ਸੰਕਟਾਂ ਤੋਂ ਬਿਨਾਂ, ਸਰੀਰਕ ਤੇ ਮਾਨਸਿਕ ਤੌਰ ’ਤੇ ਵੀ ਗਹਿਰੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਚੁੱਕਾ ਹੈ।
ਪੁਰਾਣੇ ਸਮਿਆਂ ਵਿੱਚ ਲੋਕਾਂ ਦਾ ਜੀਵਨ ਸਾਦਗੀ ਭਰਿਆ ਹੋਣ ਕਾਰਨ ਉਹ ਤੰਦਰੁਸਤ ਤੇ ਨਰੋਆ ਜੀਵਨ ਜਿਊਂਦੇ ਸਨ। ਜੀਵਨ ਦੀਆਂ ਖਾਹਸ਼ਾਂ ਤੇ ਲੋੜਾਂ ਬਹੁਤ ਥੋੜ੍ਹੀਆਂ ਸਨ ਤੇ ਬਹੁਤੇ ਲੋਕ ਰੁੱਖੀ-ਸੁੱਖੀ ਖਾ ਕੇ ਵੀ ਕੁਦਰਤ ਦਾ ਸ਼ੁਕਰ ਕਰਦੇ ਸਨ। ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਆਪਣੇ ਕੰਮਾਂ-ਕਾਰਾਂ ਵਿੱਚ ਜੁਟੇ, ਮੁਸ਼ੱਕਤ ਦਾ ਪਸੀਨਾ ਵਹਾਉਂਦੇ ਸਨ। ਕੁੱਝ ਜ਼ਰੂਰੀ ਵਸਤਾਂ ਨੂੰ ਛੱਡ ਕੇ ਸ਼ਹਿਰ ਜਾ ਕੇ ਕੁੱਝ ਖ਼ਰੀਦਣ ਦੀ ਲੋੜ ਹੀ ਨਹੀਂ ਪੈਂਦੀ ਸੀ। ਆਪਣੀ ਮਿਹਨਤ ਨਾਲ ਪੈਦਾ ਕੀਤੀਆਂ ਚੀਜ਼ਾਂ-ਵਸਤਾਂ ਹੀ ਘਰਾਂ ਵਿੱਚ ਵਰਤਣ ਦਾ ਰੁਝਾਨ ਸੀ। ਇਨ੍ਹਾਂ ਵਸਤਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਆਮ ਤੌਰ ’ਤੇ ਫ਼ਸਲਾਂ ਨੂੰ ਰੂੜੀ ਹੀ ਪਾਈ ਜਾਂਦੀ ਸੀ। ਅੱਜ ਵਾਂਗ ਰਸਾਇਣਕ ਖਾਦਾਂ, ਨਦੀਨ-ਨਾਸ਼ਕ ਤੇ ਕੀੜੇ-ਮਾਰ ਜ਼ਹਿਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ। ਦੁੱਧ, ਦਹੀਂ, ਮੱਖਣ, ਲੱਸੀ, ਹੱਥੀਂ ਉਗਾਈਆਂ ਦਾਲਾਂ, ਅਨਾਜ ਤੇ ਸਬਜ਼ੀਆਂ ਦੀ ਵਰਤੋਂ ਕਾਰਨ ਲੋਕਾਂ ਦਾ ਜੀਵਨ ਨਰੋਆ ਸੀ। ਸਾਰਾ ਸਾਰਾ ਦਿਨ ਮਿਹਨਤ ਕਰਨ ਵਾਲੇ ਉੱਦਮੀ ਲੋਕਾਂ ਦੇ ਕੋਈ ਬਿਮਾਰੀ ਨੇੜੇ ਵੀ ਨਹੀਂ ਆਉਂਦੀ ਸੀ। ਜੇ ਕਿਤੇ ਕੋਈ ਬਿਮਾਰ ਹੋ ਵੀ ਜਾਂਦਾ ਸੀ ਤਾਂ ਲੋਕ ਡਾਕਟਰ ਦੇ ਜਾਣ ਦੀ ਥਾਂ ਘਰ ਦੇ ਓਹੜ-ਪੋਹੜ ਨਾਲ ਹੀ ਠੀਕ ਹੋ ਜਾਂਦੇ ਸਨ।
ਸਮੇਂ ਦੇ ਬਦਲਣ ਨਾਲ ਮਨੁੱਖੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ ਤੇ ਨਿੱਤ ਤਬਦੀਲੀ ਵਾਪਰ ਰਹੀ ਹੈ। ਵਿਗਿਆਨਕ ਖੋਜਾਂ ਤੇ ਤਕਨੀਕੀ ਖੇਤਰ ਵਿੱਚ ਹੋਏ ਹੈਰਾਨੀਜਨਕ ਵਿਕਾਸ ਨੇ ਮਨੁੱਖੀ ਜੀਵਨ ਨੂੰ ਬਹੁਤ ਸੁਖਾਵਾਂ ਬਣਾ ਦਿੱਤਾ ਹੈ। ਮਨੁੱਖ ਦਾ ਖਾਣ-ਪੀਣ, ਪਹਿਰਾਵਾ, ਕੰਮ-ਧੰਦੇ, ਸੋਚ-ਵਿਚਾਰ, ਵਰਤੋਂ-ਵਿਹਾਰ ਵਿੱਚ ਬਹੁਤ ਵੱਡੀ ਪੱਧਰ ’ਤੇ ਤਬਦੀਲੀ ਆ ਚੁੱਕੀ ਹੈ। ਕਦੇ ਸਾਡੀਆਂ ਲੋਕ-ਸਿਆਣਪਾਂ ਵਿੱਚ ਕਿਹਾ ਜਾਂਦਾ ਸੀ ਕਿ ‘ਖਾਈਏ ਮਨ ਭਾਉਂਦਾ ਤੇ ਪਹਿਨੀਏ ਜੱਗ ਭਾਉਂਦਾ।’ ਅੱਜ ਦੇ ਸਮਾਜਿਕ ਵਰਤਾਰੇ ਵਿੱਚ ਇਹ ਧਾਰਨਾ ਬਿਲਕੁਲ ਉਲਟ-ਪੁਲਟ ਹੋ ਚੁੱਕੀ ਹੈ। ਅੱਜ ਦੀ ਤਰੀਕ ਵਿੱਚ ਬਹੁ-ਗਿਣਤੀ ਆਪਣੇ ਦੇਸੀ ਖਾਣੇ ਤਿਆਗ ਕੇ ਵਿਦੇਸ਼ੀ ਖਾਣੇ ਖਾ ਕੇ ਖ਼ੁਸ਼ੀ ਮਹਿਸੂਸ ਕਰਦੀ ਹੈ। ਆਮ ਰੁਝਾਨ ਇਹ ਹੈ ਕਿ ਘਰਾਂ ਵਿੱਚ ਤਿਆਰ ਕੀਤੇ ਖਾਣੇ ਖਾਣ ਦੀ ਥਾਂ, ਬੱਚੇ ਤੇ ਨੌਜਵਾਨ ਵਰਗ ਪਿਜ਼ੇ, ਬਰਗਰ, ਨੂਡਲਜ਼, ਫਰੈਂਚ-ਫਰਾਈਜ਼ ਤੇ ਕਈ ਤਰ੍ਹਾਂ ਦੇ ਕੋਲਡ-ਡਰਿੰਕ ਦੀ ਵਰਤੋਂ ਦੇ ਆਦੀ ਬਣਦੇ ਜਾ ਰਹੇ ਹਨ। ਇਨ੍ਹਾਂ ਖਾਣਿਆਂ ਵਿੱਚ ਵਧੇਰੇ ਕਰਕੇ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਬਾਰੇ ਮਾਹਿਰਾਂ ਦੀ ਰਾਏ ਹੈ ਕਿ ਇਸ ਦੀ ਵਰਤੋਂ ਸਿਹਤ ਲਈ ਨੁਕਸਾਨਦੇਹ ਹੈ। ਅਸਲ ਵਿੱਚ ਘਰ ਦਾ ਸਾਦਾ ਤੇ ਪੌਸ਼ਟਿਕ ਖਾਣਾ ਹੀ ਬਿਹਤਰ ਹੈ, ਪਰ ਬਦਲ ਰਹੇ ਸਮਿਆਂ ਦੇ ਰੁਝਾਨ ਕਾਰਨ ਹੁਣ ਵੱਡੀ ਗਿਣਤੀ ਵਿੱਚ ਲੋਕ ਹੋਟਲਾਂ, ਰੈਸਟੋਰੈਟਾਂ ਵਿੱਚ ਖਾਣਾ ਖਾਣ ਨੂੰ ਤਰਜੀਹ ਦੇ ਰਹੇ ਹਨ।
ਅਜੋਕੇ ਸਮਿਆਂ ਵਿੱਚ ਮਨੁੱਖ ਨੇ ਆਪਣੀ ਜੀਵਨਸ਼ੈਲੀ ਵਿੱਚ ਹਰ ਤਰ੍ਹਾਂ ਦੀ ਸੁੱਖ-ਸਹੂਲਤ ਪੈਦਾ ਕਰ ਲਈ ਹੈ। ਬਹੁਤ ਘੱਟ ਲੋਕ ਹੱਥੀਂ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ। ਪਿੰਡਾਂ ਵਿੱਚ ਤਾਂ ਹੁਣ ਕਿਸਾਨ ਪਰਿਵਾਰਾਂ ਦੀ ਨਵੀਂ ਪੀੜ੍ਹੀ, ਖੇਤੀ-ਬਾੜੀ ਦਾ ਕੋਈ ਕੰਮ ਹੱਥੀਂ ਕਰਨ ਲਈ ਤਿਆਰ ਹੀ ਨਹੀਂ। ਖੇਤੀ ਦੇ ਸਾਰੇ ਕੰਮ ਕਾਮਿਆਂ ’ਤੇ ਨਿਰਭਰ ਹੋ ਗਏ ਹਨ। ਪੈਦਲ ਤੁਰਨ ਦਾ ਤਾਂ ਰੁਝਾਨ ਹੀ ਨਹੀਂ ਰਿਹਾ। ਖੇਤ ਵਿੱਚ ਬਿਜਲੀ ਦੀ ਮੋਟਰ ਚਲਾਉਣ ਜਾਣ ਲਈ ਵੀ ਮੋਟਰਸਾਈਕਲਾਂ ਦੀਆਂ ਗੂੰਜਾਂ ਪੈਂਦੀਆ ਹਨ। ਦੋ ਚਾਰ ਕਿਲੋਮੀਟਰ ’ਤੇ ਜਾਣ ਲਈ ਵੀ ਬਹੁਤੇ ਲੋਕ ਕਿਸੇ ਬੱਸ, ਆਟੋ ਦੀ ਉਡੀਕ ਵਿੱਚ ਕਿੰਨਾ ਸਮਾਂ ਬਰਬਾਦ ਕਰ ਦਿੰਦੇ ਹਨ, ਪਰ ਤੁਰ ਕੇ ਜਾਣ ਦਾ ਹੌਸਲਾ ਨਹੀਂ ਕਰਦੇ। ਅਸਲ ਵਿੱਚ ਅੱਜ ਸਾਡੀ ਖੁਰਾਕ ਵਿੱਚ ਮਠਿਆਈਆਂ, ਕੇਕ, ਪੇਸਟਰੀਆਂ, ਤੇਲ-ਯੁਕਤ ਪਕਵਾਨ, ਠੰਢੇ, ਸ਼ਰਾਬ ਤੇ ਅਜਿਹੇ ਹੋਰ ਪਦਾਰਥ ਵੱਡੀ ਮਾਤਰਾ ਵਿੱਚ ਵਰਤਣ ਦਾ ਰੁਝਾਨ ਪੈਦਾ ਹੋ ਚੁੱਕਾ ਹੈ। ਮਾਹਿਰਾਂ ਅਨੁਸਾਰ ਇਹ ਸਾਰੇ ਪਦਾਰਥ ਨਰੋਈ ਸਿਹਤ ਦੇ ਦੁਸ਼ਮਣ ਹਨ।
ਖੁਰਾਕ ਬਹੁਤ ਭਾਰੀ ਖਾਧੀ ਜਾ ਰਹੀ ਹੈ, ਪਰ ਇਸ ਨੂੰ ਹਜ਼ਮ ਕਰਨ ਲਈ ਮਿਹਨਤ ਨਾਲ ਕੰਮ ਕਰਨ ਦੀ ਪ੍ਰਵਿਰਤੀ ਬਹੁਤ ਘੱਟ ਹੈ। ਸੈਰ ਵੀ ਬਹੁਤੇ ਲੋਕ ਉਦੋਂ ਕਰਨ ਲੱਗਦੇ ਹਨ, ਜਦੋਂ ਕਿਸੇ ਬਿਮਾਰੀ ਕਾਰਨ ਡਾਕਟਰ ਅਜਿਹਾ ਕਰਨ ਦੀ ਹਦਾਇਤ ਕਰਦੇ ਹਨ। ਸ਼ੂਗਰ, ਬੀਪੀ, ਦਿਲ ਦੇ ਰੋਗ, ਮਿਹਦੇ ਤੇ ਜਿਗਰ ਦੀਆਂ ਬਿਮਾਰੀਆਂ ਲਗਾਤਾਰ ਵਧ ਰਹੀਆਂ ਹਨ। ਪਿੱਛੇ ਜਿਹੇ ਹੋਏ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਭਾਰਤ ਛੇਤੀ ਹੀ ਹਾਈ ਬਲੈੱਡ ਪ੍ਰੈਸ਼ਰ ਦੇ ਮਰੀਜ਼ਾਂ ਦਾ ਗੜ੍ਹ ਬਣ ਜਾਣਾ ਹੈ। ਦੇਸ਼ ਵਿੱਚ 24% ਪੁਰਸ਼ ਤੇ 21% ਔਰਤਾਂ ਵਧਦੇ ਖੂਨ ਦੇ ਦਬਾਅ ਤੋਂ ਪੀੜਤ ਹਨ। ਅਕਸਰ ਪੰਜਾਬੀਆਂ ਨੂੰ ਸਿਹਤਮੰਦ ਤੇ ਨਰੋਏ ਮੰਨਿਆ ਜਾਂਦਾ ਹੈ, ਪਰ ਹੁਣ ਇੱਥੇ ਵੀ ਸਭ ਅੱਛਾ ਨਹੀਂ ਹੈ। ਪੰਜਾਬ ਵਿੱਚ 37.7% ਮਰਦ ਹਾਈ ਬਲੱਡ-ਪ੍ਰੈਸ਼ਰ ਦੇ ਸ਼ਿਕਾਰ ਹਨ ਤੇ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬ ਵਿੱਚ ਤਾਂ ਕੈਂਸਰ-ਪੀੜਤਾਂ ਦੀ ਗਿਣਤੀ ਵੀ ਦੇਸ਼ ਦੀ ਰਾਸ਼ਟਰੀ ਔਸਤ ਤੋਂ ਵੱਧ ਹੈ। ਪਿਛਲੇ ਦਸ ਸਾਲਾਂ ਵਿੱਚ ਇਸ ਭਿਆਨਕ ਰੋਗ ਨੇ ਪੰਜਾਬੀਆਂ ਨੂੰ ਆਪਣੀ ਲਪੇਟ ਵਿੱਚ ਜਕੜ ਲਿਆ ਹੈ। ਅੰਕੜੇ ਤਾਂ ਏਨੇ ਡਰਾਉਣੇ ਹਨ ਕਿ ਪੜ੍ਹ-ਸੁਣ ਕੇ ਤਰਾਹ ਨਿਕਲਦਾ ਹੈ। ਪੰਜਾਬ ਵਿੱਚ ਕੈਂਸਰ ਦੇ ਪ੍ਰਕੋਪ ਕਾਰਨ ਰੋਜ਼ਾਨਾ 65 ਵਿਅਕਤੀ ਮੌਤ ਦਾ ਸ਼ਿਕਾਰ ਹੋ ਰਹੇ ਹਨ। 2022 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੈਂਸਰ ਨਾਲ 23,300 ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਹੀ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਸਰੀਰਕ ਮਿਹਨਤ ਤੇ ਕਸਰਤ ਨਾ ਕਰਨ ਦੇ ਸਿੱਟੇ ਵਜੋਂ ਬਹੁਤੇ ਲੋਕਾਂ ਨੂੰ ਉਦੋਂ ਹੀ ਪਤਾ ਲੱਗਦਾ ਹੈ, ਜਦੋਂ ਜੀਵਨ ਦੀ ਗੱਡੀ ਲੀਹੋਂ ਲਹਿ ਜਾਂਦੀ ਹੈ।
ਪੰਜਾਬ ਦੇ ਵਿਆਹ-ਸ਼ਾਦੀਆਂ ਤੇ ਹੋਰ ਸਮਾਗਮਾਂ ਵਿੱਚ ਕਈ ਤਰ੍ਹਾਂ ਦੇ ਭੋਜਨ ਪਰੋਸੇ ਜਾਂਦੇ ਹਨ। ਜੇ ਕੇਵਲ ਇਨ੍ਹਾਂ ਦਾ ਸੁਆਦ ਹੀ ਦੇਖਣਾ ਹੋਵੇ ਤਾਂ ਬੰਦਾ ਰੱਜ ਜਾਂਦਾ ਹੈ। ਵੰਨ-ਸੁਵੰਨੇ ਖਾਣਿਆਂ ਦੇ ਸਟਾਲ ਦੇਖ ਕੇ ਅਕਸਰ ਅਸੀਂ ਉਨ੍ਹਾਂ ਦਾ ਸਵਾਦ ਚੱਖਣ ਲਈ ਬਿਹਬਲ ਹੋ ਉੱਠਦੇ ਹਾਂ। ਥੋੜ੍ਹੇ ਸਮੇਂ ਵਿੱਚ ਲੋੜ ਤੋਂ ਵੱਧ ਖਾਣ ਦਾ ਲਾਹਾ ਲੈਣ ਕਾਰਨ ਅਸੀਂ ਬਦਹਜ਼ਮੀ ਦਾ ਸ਼ਿਕਾਰ ਹੋ ਜਾਂਦੇ ਹਾਂ। ਸਖ਼ਤ ਮਿਹਨਤ ਕਰਨ ਦਾ ਤਾਂ ਹੁਣ ਰੁਝਾਨ ਹੀ ਨਹੀਂ ਹੈ। ਪੈਰੀਂ ਤੁਰਨਾ ਵੀ ਅਸੀਂ ਭੁੱਲ ਹੀ ਗਏ ਹਾਂ। ਅਨੇਕਾਂ ਸੁੱਖ-ਸਹੂਲਤਾਂ ਨੇ ਸਾਨੂੰ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਬਣਾ ਦਿੱਤਾ ਹੈ। ਹਰ ਛੋਟੇ ਵੱਡੇ ਸ਼ਹਿਰ ਵਿੱਚ ਹਸਪਤਾਲਾਂ ਦੀ ਭਰਮਾਰ ਹੈ। ਕਿਸੇ ਹਸਪਤਾਲ ਵਿੱਚ ਚਲੇ ਜਾਓ, ਤਿਲ ਸੁੱਟਣ ਦੀ ਥਾਂ ਨਹੀਂ ਹੁੰਦੀ। ਬੰਦਾ ਹੈਰਾਨ ਹੋ ਜਾਂਦਾ ਹੈ ਕਿ ਏਨੇ ਮਰੀਜ਼। ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਤੇ ਹਸਪਤਾਲਾਂ ਦੀਆਂ ਇਮਾਰਤਾਂ ਵੀ ਕਈ ਕਈ ਮੰਜ਼ਿਲਾਂ ਤੱਕ ਵਧ ਰਹੀਆਂ ਹਨ। ਸ਼ਾਇਦ ਹੀ ਕੋਈ ਘਰ ਹੋਵੇ ਜਿੱਥੇ ਹਰ ਮਹੀਨੇ ਦੋ-ਚਾਰ ਹਜ਼ਾਰ ਦੀ ਦਵਾਈ ਨਾ ਆਉਂਦੀ ਹੋਵੇ।
ਕੁਦਰਤ ਨਾਲੋਂ ਟੁੱਟ ਕੇ ਮਨੁੱਖ ਦੀ ਸਿਹਤਮੰਦ ਜੀਵਨਸ਼ੈਲੀ ਲੋਪ ਹੋ ਗਈ ਹੈ। ਵਿਕਾਸ ਦਾ ਇਹ ਮਾਡਲ ਵੀ ਮਨੁੱਖ-ਵਿਰੋਧੀ ਹੈ, ਜਿਸ ਕਾਰਨ ਮਨੁੱਖ ਅਨੇਕਾਂ ਸੰਕਟਾਂ ਵਿੱਚ ਘਿਰਦਾ ਜਾ ਰਿਹਾ ਹੈ। ਅਜੋਕੇ ਸਮਿਆਂ ਦੀ ਜੀਵਨਸ਼ੈਲੀ ਨੇ ਮਨੁੱਖ ਕੋਲੋਂ ਬਹੁਤ ਕੁੱਝ ਖੋਹ ਲਿਆ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਤੰਦਰੁਸਤੀ ਨਾਲ ਹੀ ਇਹ ਜਹਾਨ ਸੋਹਣਾ ਤੇ ਖ਼ੁਸ਼ਗਵਾਰ ਲੱਗਦਾ ਹੈ। ਜੀਵਨ ਦੀ ਹਰ ਪ੍ਰਕਿਰਿਆ ਤੇ ਖ਼ੁਸ਼ੀ ਸਿਹਤਮੰਦ ਤੇ ਨਰੋਏ ਜੀਵਨ ਨਾਲ ਹੀ ਜੁੜੀ ਹੋਈ ਹੈ।
ਸੰਪਰਕ: 98153-56086