ਸਿਵਲ ਹਸਪਤਾਲ ’ਚ ਖੂਨੀ ਝੜਪ: ਕਾਂਗਰਸੀ ਧਿਰ ਦੇ 17 ਜਣਿਆਂ ਖ਼ਿਲਾਫ਼ ਕੇਸ ਦਰਜ
ਹਰਜੀਤ ਸਿੰਘ
ਡੇਰਾਬੱਸੀ, 13 ਅਪਰੈਲ
ਸਿਵਲ ਹਸਪਤਾਲ ਵਿੱਚ ਸ਼ੁੱਕਰਵਾਰ ਰਾਤ ਹੋਈ ਖੂਨੀ ਝੜਪ ਦੇ ਮਾਮਲੇ ਵਿੱਚ ਪੁਲੀਸ ਨੇ ਸੱਤਾਧਾਰੀ ਧਿਰ ਦੀ ਸਰਪੰਚ ਦੇ ਪਤੀ ਰਣਜੀਤ ਸਿੰਘ ਮਿੰਟਾ ਗੁੱਜਰ ਦੀ ਸ਼ਿਕਾਇਤ ’ਤੇ ਕਾਂਗਰਸੀ ਧਿਰ ਦੇ 17 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਛੇ ਜਣਿਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਜ਼ਿਆਦਾਤਰ ਜ਼ਖ਼ਮੀ ਸੀ, ਜਿਨ੍ਹਾਂ ਨੂੰ ਪੁਲੀਸ ਨੇ ਹਸਪਤਾਲ ਤੋਂ ਜ਼ੇਰੇ ਇਲਾਜ ਹੀ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਦਰਜ ਕੀਤੀ ਐੱਫਆਈਆਰ ਵਿੱਚ ਝਗੜੇ ਵੇਲੇ ਮੌਕੇ ’ਤੇ ਹਾਜ਼ਰ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਲੜਕੇ ਉਦੈਵੀਰ ਸਿੰਘ ਢਿੱਲੋਂ ਦਾ ਨਾਂ ਵੀ ਜਾਂਚ ਲਈ ਸ਼ਾਮਲ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਣਜੀਤ ਸਿੰਘ ਉਰਫ਼ ਮਿੰਟਾ ਗੁੱਜਰ ਨੇ ਦੋਸ਼ ਲਾਇਆ ਕਿ ਲੰਘੇ ਦਿਨ ਸਿਵਲ ਹਸਪਤਾਲ ਵਿੱਚ ਹੋਇਆ ਹਮਲਾ ਉਦੈਵੀਰ ਸਿੰਘ ਢਿੱਲੋਂ ਦੀ ਸ਼ਹਿ ’ਤੇ ਹੋਇਆ ਹੈ ਅਤੇ ਉਹ ਮੌਕੇ ’ਤੇ ਮੌਜੂਦ ਸੀ, ਜਿਸ ਦੀ ਜਾਂਚ ਕੀਤੀ ਜਾਵੇਗੀ।
ਮੁਲਜ਼ਮਾਂ ਵਿੱਚ ਅਨਿਲ ਕੁਮਾਰ ਉਰਫ਼ ਹਨੀ ਪੰਡਿਤ, ਅੰਗਰੇਜ਼ ਸਿੰਘ, ਮਹੀਪਾਲ, ਨਰੇਸ਼ ਕੁਮਾਰ, ਮਨੀਸ਼ ਕੁਮਾਰ ਮੰਗੂ, ਕਰਮਪਾਲ, ਅਸ਼ੋਕ ਕੁਮਾਰ, ਰਾਜੇਸ਼ ਕੁਮਾਰ, ਰਾਜ ਕੁਮਾਰ, ਅਮਰ ਸਿੰਘ, ਮੋਹਿਤ, ਗੁਰਪ੍ਰੀਤ ਸਿੰਘ, ਗੁਰਜੰਟ, ਗੁਰਮੀਤ ਸਿੰਘ, ਨਾਇਬ ਸਿੰਘ, ਮਯੰਕ, ਸੰਜੀਵ ਕੁਮਾਰ ਸ਼ਾਮਲ ਹਨ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਣਜੀਤ ਸਿੰਘ ਉਰਫ਼ ਮਿੰਟਾ ਗੁੱਜਰ ਨੇ ਦੋਸ਼ ਲਾਇਆ ਕਿ ਸ਼ੁੱਕਰਵਾਰ ਨੂੰ ਹਨੀ ਪੰਡਿਤ ਆਪਣੇ ਸਾਥੀਆਂ ਨਾਲ ਗੌਰਵ ਦੇ ਘਰ ਵੜ ਕੇ ਕੁੱਟਮਾਰ ਕਰ ਰਿਹਾ ਸੀ। ਉਹ ਆਪਣੇ ਸਾਥੀਆਂ ਨਾਲ ਉਸ ਨੂੰ ਬਚਾਉਣ ਲਈ ਗਿਆ ਤਾਂ ਉਨ੍ਹਾਂ ਨੇ ਉਸ ਦੀ ਅਤੇ ਉਸ ਦੇ ਸਾਥੀਆਂ ਦੀ ਵੀ ਕੁੱਟਮਾਰ ਕੀਤੀ। ਉਹ ਆਪਣਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੇ ਤਾਂ ਉਥੇ ਐਮਰਜੈਂਸੀ ਵਿੱਚ ਪਹਿਲਾਂ ਹੀ ਹਨੀ ਪੰਡਿਤ, ਉਸ ਦੇ ਸਾਥੀ ਅਤੇ ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਹਾਜ਼ਰ ਸੀ।
ਇਸ ਮਗਰੋਂ ਹਨੀ ਪੰਡਿਤ ਅਤੇ ਉਸ ਦੇ ਸਾਥੀਆਂ ਨੇ ਹਸਪਤਾਲ ਵਿੱਚ ਪਏ ਗਮਲੇ, ਬੈਰੀਕੇਡ, ਅੱਗ ਬੁਝਾਊ ਸਿਲੰਡਰ, ਕੈਂਚੀਆਂ, ਪੇਚਕਸ, ਸਟੂਲ ਸਣੇ ਹੋਰਨਾਂ ਸਮਾਨ ਨਾਲ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ।
ਸਿਆਸੀ ਦਬਾਅ ਹੇਠ ਇੱਕਪਾਸੜ ਕਾਰਵਾਈ ਹੋਈ: ਢਿੱਲੋਂ
ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਸਿਆਸੀ ਦਬਾਅ ਹੇਠ ਇਕਤਰਫ਼ਾ ਕਾਰਵਾਈ ਕੀਤੀ ਹੈ ਜਦਕਿ ਕੁੱਟਮਾਰ ਕਰਨ ਵਾਲੀ ਸੱਤਾਧਾਰੀ ਧਿਰ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਸਬੰਧੀ ਪਿੰਡ ਦੇ ਵਸਨੀਕ ਕਈਂ ਦਿਨਾਂ ਤੋਂ ਸ਼ਿਕਾਇਤ ਕਰ ਰਹੇ ਸੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਇਸ ਨੂੰ ਲੈ ਕੇ ਲੰਘੇ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਲੜਕਾ ਉਦੈਵੀਰ ਸਿੰਘ ਢਿੱਲੋਂ ਪਿੰਡ ਮੁਕੰਦਪੁਰ ਗਿਆ ਸੀ ਅਤੇ ਮੌਕੇ ਤੋਂ ਨਾਜਾਇਜ਼ ਮਾਈਨਿੰਗ ਦੀ ਇਕ ਵੀਡਿਓ ਬਣਾ ਕੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਭੇਜ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਇਸੇ ਦੇ ਰੰਜਿਸ਼ ਤਹਿਤ ਸੱਤਾਧਾਰੀ ਧਿਰ ਵੱਲੋਂ ਸ਼ਿਕਾਇਤਕਰਤਾ ਧਿਰ ਹਨੀ ਪੰਡਿਤ ’ਤੇ ਹਮਲਾ ਕਰ ਦਿੱਤਾ ਜਿਸ ਵਿੱਚ ਗੰਭੀਰ ਜ਼ਖ਼ਮੀ ਹੋ ਗਏ। ਜਦ ਉਹ ਪੁਲੀਸ ਦੀ ਕਾਰਵਾਈ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਹੋਏ ਜਿਥੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਉਦੈਵੀਰ ਸਿੰਘ ਢਿੱਲੋਂ ਮੌਕੇ ’ਤੇ ਪਹੁੰਚੇ ਤਾਂ ਮਿੰਟਾ ਗੁੱਜਰ ਗਰੁੱਪ ਵੱਲੋਂ ਮੁੜ ਤੋਂ ਹਸਪਤਾਲ ਵਿੱਚ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਥਾਣਾ ਮੁਖੀ ਨੇ ਦੋਸ਼ ਨਕਾਰੇ
ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਜ਼ਖ਼ਮੀ ਦੇ ਬਿਆਨ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਦੈਵੀਰ ਸਿੰਘ ਢਿੱਲੋਂ ਨੂੰ ਜਾਂਚ ਲਈ ਐੱਫਆਈਆਰ ਵਿੱਚ ਸ਼ਾਮਲ ਕੀਤਾ ਗਿਆ ਹੈ ਜੇਕਰ ਜਾਂਚ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਪਾਈ ਗਈ ਤਾਂ ਅਗਲੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਸਿਆਸੀ ਦਬਾਅ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ।