ਸਿਵਲ ਸਰਜਨ ਨੇ ਵਧੀਆ ਕਾਰਗੁਜ਼ਾਰੀ ਲਈ ਤਿੰਨ ਆਯੂਸ਼ਮਾਨ ਕੇਂਦਰ ਸਨਮਾਨੇ
ਪੱਤਰ ਪ੍ਰੇਰਕ
ਜਲੰਧਰ, 4 ਮਾਰਚ
ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਮੰਗਲਵਾਰ ਨੂੰ ਸਿਵਲ ਸਰਜਨ ਦਫ਼ਤਰ ਵਿੱਚ ਜ਼ਿਲ੍ਹੇ ਦੇ ਆਯੂਸ਼ਮਾਨ ਆਰੋਗਯ ਕੇਂਦਰ ਮਿਆਂਵਾਲ, ਆਯੂਸ਼ਮਾਨ ਆਰੋਗਯ ਕੇਂਦਰ ਡੱਲਾ ਅਤੇ ਆਯੂਸ਼ਮਾਨ ਆਰੋਗਯ ਕੇਂਦਰ ਸਨੋਰਾ ਦੇ ਸਟਾਫ ਨੂੰ ਰਾਸ਼ਟਰੀ ਗੁਣਵੱਤਾ ਭਰੋਸਾ ਮਿਆਰ (ਐਨ.ਕਿਊ.ਏ.ਐਸ.) ਪ੍ਰੋਗਰਾਮ ਤਹਿਤ ਵਧੀਆ ਕਾਰਗੁਜ਼ਾਰੀ ਲਈ ਸਨਮਾਨਤ ਕੀਤਾ ਗਿਆ।
ਸਿਵਲ ਸਰਜਨ ਮੁਤਾਬਿਕ ਐਨ.ਕਿਊ.ਏ.ਐਸ. ਪ੍ਰੋਗਰਾਮ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਦਾ ਮੁਲਾਂਕਣ ਗਰਭ ਅਵਸਥਾ ਅਤੇ ਜਣੇਪੇ ਵਿੱਚ ਦੇਖਭਾਲ, ਨਵਜਨਮੇ ਅਤੇ ਬਾਲ ਸਿਹਤ ਸੇਵਾਵਾਂ, ਬਚਪਨ ਅਤੇ ਕਿਸ਼ੋਰ ਸਿਹਤ ਸੇਵਾਵਾਂ, ਪਰਿਵਾਰ ਨਿਯੋਜਨ, ਸੰਚਾਰੀ ਬਿਮਾਰੀਆਂ ਦਾ ਪ੍ਰਬੰਧਨ, ਸਾਧਾਰਨ ਬਿਮਾਰੀਆਂ ਦਾ ਪ੍ਰਬੰਧਨ ਅਤੇ ਗੈਰ ਸੰਚਾਰੀ ਬਿਮਾਰੀਆਂ ਦਾ ਪ੍ਰਬੰਧਨ 7 ਮੁੱਖ ਬਿੰਦੂਆਂ ’ਤੇ ਕੀਤਾ ਜਾਂਦਾ ਹੈ। ਇਸ ਤਹਿਤ ਜ਼ਿਲ੍ਹੇ ਦੇ ਬਲਾਕ ਸ਼ਾਹਕੋਟ ਦੇ ਆਯੂਸ਼ਮਾਨ ਆਰੋਗਯ ਕੇਂਦਰ ਮਿਆਂਵਾਲ, ਬਲਾਕ ਕਾਲਾ ਬੱਕਰਾ ਦੇ ਆਯੂਸ਼ਮਾਨ ਆਰੋਗਯ ਕੇਂਦਰ ਡੱਲਾ ਅਤੇ ਆਯੂਸ਼ਮਾਨ ਆਰੋਗਯ ਕੇਂਦਰ ਸਨੋਰਾ ਵੱਲੋਂ ਕੁਆਲੀਫਾਈ ਕੀਤਾ ਹੈ।
ਇਸ ਦੌਰਾਨ ਸਿਵਲ ਸਰਜਨ ਨੇ ਆਯੂਸ਼ਮਾਨ ਆਰੋਗਯ ਕੇਂਦਰਾਂ ਦੇ ਸਟਾਫ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਲੋਕਾਂ ਤੱਕ ਹੋਰ ਵੀ ਬਿਹਤਰ ਢੰਗ ਨਾਲ ਸਿਹਤ ਸੇਵਾਵਾਂ ਦਾ ਲਾਭ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐੱਸ.ਐੱਮ.ਓ. ਡਾ. ਜਸਵਿੰਦਰ ਸਿੰਘ, ਡਾ. ਨੇਹਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਅਤੇ ਸਟਾਫ ਮੌਜੂਦ ਸੀ।