ਸਿਮਰਜੀਤ ਬੈਂਸ ਦੇ ਹੱਕ ਤੇ ਵਿਰੋਧ ’ਚ ਰੋਸ ਪ੍ਰਦਰਸ਼ਨ

ਸਰਕਾਰ ਦਾ ਪੁਤਲਾ ਫੂਕਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਵਰਕਰ।

ਮਨੋਜ ਸ਼ਰਮਾ
ਬਠਿੰਡਾ, 10 ਸਤੰਬਰ
ਲੋਕ ਇਨਸਾਫ਼ ਪਾਰਟੀ ਇਕਾਈ ਬਠਿੰਡਾ ਵੱਲੋਂ ਅੱਜ ਸ਼ਹਿਰ ਦੇ ਕਚਹਿਰੀ ਚੌਕ ਵਿਚ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਤੇ ਸ਼ਹਿਰੀ ਪ੍ਰਧਾਨ ਗੁਰਜੀਤ ਸਿੰਘ ਸਿੱਧੂ ਨੇ ਕੈਪਟਨ ਸਰਕਾਰ ’ਤੇ ਦੋਸ਼ ਲਾਇਆ ਕਿ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ’ਤੇ ਕੇਸ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ’ਤੇ ਕੀਤਾ ਗਿਆ ਹੈ ਕਿਉਂਕਿ ਸਿਟੀ ਸੈਂਟਰ ਘੁਟਾਲੇ ਦੀ ਸੀਬੀਆਈ ਕਲੋਜ਼ਰ ਰਿਪੋਰਟ ਸਬੰਧੀ ਇਸ ਬਹੁ ਕਰੋੜੀ ਮਾਮਲੇ ਵਿਚ ਰਿੱਟ ਪਟੀਸ਼ਨ ਦਾਇਰ ਕਰਨ ਤੋਂ ਕੈਪਟਨ ਅਮਰਿੰਦਰ ਸਿੰਘ ਖ਼ਫ਼ਾ ਹਨ। ਬੁਲਾਰਿਆਂ ਨੇ ਕਿਹਾ ਕਿ ਜਿੰਨਾ ਚਿਰ ਪਾਰਟੀ ਪ੍ਰਧਾਨ ਬੈਂਸ ’ਤੇ ਕੀਤਾ ਗਿਆ ਕੇਸ ਰੱਦ ਨਹੀਂ ਕੀਤਾ ਜਾਂਦਾ ਉਨੀ ਦੇਰ ਲੋਕ ਇਨਸਾਫ਼ ਪਾਰਟੀ ਦੇ ਵਰਕਰ ਸੰਘਰਸ਼ ਕਰਦੇ ਰਹਿਣਗੇ। ਇਸ ਮੌਕੇ ਬੀਬੀ ਗੁਰਦੀਪ ਕੌਰ ਅਟਵਾਲ, ਗੁਰਬਿੰਦਰ ਸਿੰਘ ਸੇਲਬਰਾਹਾ,ਆਦਿ ਮੌਜੂਦ ਸਨ।

ਬੈਂਸ ਖ਼ਿਲਾਫ਼ ਕਾਰਵਾਈ ਲਈ ਕਲਮਛੋੜ ਹੜਤਾਲ ਜਾਰੀ

ਸੰਜੀਵ ਹਾਂਡਾ
ਫ਼ਿਰੋਜ਼ਪੁਰ, 10 ਸਤੰਬਰ
ਲੋਕ ਇਨਸਾਫ਼ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਰੋਸ ਜਤਾਉਂਦਿਆਂ ਸਰਕਾਰੀ ਕਰਮਚਾਰੀਆਂ ਨੇ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਰੋਸ ਮੁਜ਼ਾਹਰਾ ਕੀਤਾ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਬੈਂਸ ਵੱਲੋਂ ਕੀਤੇ ਦੁਰਵਿਹਾਰ ਕਾਰਨ ਸਰਕਾਰੀ ਮੁਲਾਜ਼ਮ ਵਿਧਾਇਕ ਖ਼ਿਲਾਫ਼ ਰੋਸ ਜਤਾ ਰਹੇ ਹਨ। ਵਿਧਾਇਕ ਬੈਂਸ ਖਿਲਾਫ਼ ਪਰਚਾ ਦਰਜ ਹੋਣ ਤੋਂ ਬਾਅਦ ਮੁਲਾਜ਼ਮ ਹੁਣ ਵਿਧਾਇਕ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।
ਫਾਜ਼ਿਲਕਾ (ਪਰਮਜੀਤ ਸਿੰਘ): ਪਿਛਲੇ ਦਿਨੀਂ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਡੀਸੀ ਗੁਰਦਾਸਪੁਰ ਨਾਲ ਕੀਤੀ ਗਈ ਬਦਸਲੂਕੀ ਅਤੇ ਐੱਸਡੀਐੱਮ ਜ਼ੀਰਾ ਨੂੰ ਬੰਦੀ ਬਣਾ ਕੇ ਦਰਿਆ ‘ਚ ਸੁੱਟਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਲਈ ਅੱਜ ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀਆਂ ਯੂਨੀਅਨ ਦੇ ਸੱਦੇ ‘ਤੇ ਡੀਸੀ ਦਫ਼ਤਰ ਫਾਜ਼ਿਲਕਾ ਦੇ ਮੁਲਾਜ਼ਮਾਂ ਨੇ ਅੱਜ ਦੂਜੇ ਦਿਨ ਵੀ ਕਲਮ ਛੋਡ ਹੜਤਾਲ ਜਾਰੀ ਰੱਖੀ।