ਸਿਡਬੀ ਤੇ ਪਟਿਆਲਾ ਚੈਂਬਰ ਆਫ਼ ਇੰਡਸਟਰੀਜ਼ ਵਿੱਚ ਸਮਝੌਤਾ ਸਹੀਬੱਧ
ਪੱਤਰ ਪ੍ਰੇਰਕ
ਪਟਿਆਲਾ, 10 ਮਾਰਚ
ਸਿਡਬੀ (ਪੰਜਾਬ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ) ਨੇ ਇੱਕ ਆਊਟਰੀਚ ਪ੍ਰੋਗਰਾਮ ਦੌਰਾਨ ਪਟਿਆਲਾ ਚੈਂਬਰ ਆਫ਼ ਇੰਡਸਟਰੀਜ਼ ਦੇ ਆਗੂਆਂ ਨਾਲ ਵਿੱਤੀ ਸਹਾਇਤਾ ਲੈਣ ਵਿੱਚ ਮਦਦ ਕਰਨ ਲਈ ਇੱਕ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਹਨ। ਸਿਡਬੀ ਨੇ ਸਥਾਨਕ ਐਮਐਸਐਮਈ ਲਈ ਵਿੱਤੀ ਸਹਾਇਤਾ ਅਤੇ ਮਾਰਗ ਦਰਸ਼ਨ ਵਧਾਉਣ ਦੇ ਉਦੇਸ਼ ਨਾਲ ਇੱਕ ਇੰਟਰ ਐਕਟਿਵ ਸੈਸ਼ਨ ਕਰਵਾਇਆ। ਇਸ ਮੌਕੇ ਚੰਡੀਗੜ੍ਹ ਖੇਤਰੀ ਦਫ਼ਤਰ ਦੇ ਜਨਰਲ ਮੈਨੇਜਰ ਬਲਬੀਰ ਸਿੰਘ ਅਤੇ ਲੁਧਿਆਣਾ ਸ਼ਾਖਾ ਦਫ਼ਤਰ ਦੇ ਡਿਪਟੀ ਜਨਰਲ ਮੈਨੇਜਰ ਰਾਜਨ ਨੇ ਹਿੱਸਾ ਲਿਆ। ਜਤਿੰਦਰ ਸਿੰਘ ਸੰਧੂ, ਪ੍ਰਧਾਨ ਪਟਿਆਲਾ ਚੈਂਬਰ ਆਫ਼ ਇੰਡਸਟਰੀਜ਼, ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਧੀਰ, ਸੰਜੀਵ ਗੋਇਲ ਪ੍ਰਧਾਨ ਐਮਐਸਐਮਈ ਇੰਡਸਟਰੀਅਲ ਐਸੋਸੀਏਸ਼ਨ ਤੋਂ ਇਲਾਵਾ ਇਸ ਮੌਕੇ ਪਟਿਆਲਾ ਇੰਡਸਟਰੀਅਲ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸਮੇਤ ਐਸੋਸੀਏਸ਼ਨਾਂ/ਐਮਐਸਐਮਈ ਦੇ ਹੋਰ ਵੱਖ-ਵੱਖ ਐਸੋਸੀਏਸ਼ਨਾਂ ਦੇ ਲਗਭਗ 100 ਮੈਂਬਰਾਂ, ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਸਮਾਗਮ ਦੀ ਮੁੱਖ ਵਿਸ਼ੇਸ਼ਤਾ ਸਿਡਬੀ ਅਤੇ ਪਟਿਆਲਾ ਚੈਂਬਰ ਆਫ਼ ਇੰਡਸਟਰੀਜ਼ (ਪੀਸੀਆਈ) ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖ਼ਰ ਕਰਨ ਦਾ ਮਾਮਲਾ ਸਫਲ ਹੋਇਆ, ਸਿਡਬੀ ਦੇ ਪ੍ਰੋਗਰਾਮ ਫ਼ਾਰ ਸਮਰੱਥਾ ਨਿਰਮਾਣ ਆਫ਼ ਬਿਜ਼ਨਸ ਮੈਂਬਰ ਸੰਗਠਨਾਂ (ਪ੍ਰੋਮੋ) ਤਹਿਤ ਹਸਤਾਖ਼ਰ ਕੀਤੇ ਗਏ। ਸਿਡਬੀ ਦੇ ਜਨਰਲ ਮੈਨੇਜਰ (ਜੀਐਮ) ਅਤੇ ਡਿਪਟੀ ਜਨਰਲ ਮੈਨੇਜਰ (ਡੀਜੀਐਮ) ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਵਿੱਤੀ ਹੱਲ ਅਤੇ ਸਲਾਹਕਾਰੀ ਸੇਵਾਵਾਂ ਰਾਹੀਂ ਐਮਐਸਐਮਈ ਨੂੰ ਸਸ਼ਕਤੀਕਰਨ ਲਈ ਬੈਂਕ ਦੀ ਵਚਨਬੱਧਤਾ ਦੁਹਰਾਈ। ਪਵਨ ਕੁਮਾਰ ਭਾਰਤੀ, ਬ੍ਰਾਂਚ ਹੈੱਡ, ਸਿਡਬੀ ਪਟਿਆਲਾ ਦਫ਼ਤਰ ਨੇ ਵੱਖ-ਵੱਖ ਸਿਡਬੀ ਸਕੀਮਾਂ ਬਾਰੇ ਪੇਸ਼ਕਾਰੀ ਦਿੱਤੀ।