ਸਿਟੀ ਬਿਊਟੀਫੁੱਲ ਵਿੱਚ ਗਰਮੀ ਦਾ ਕਹਿਰ
ਆਤਿਸ਼ ਗੁਪਤਾ
ਚੰਡੀਗੜ੍ਹ, 8 ਜੂਨ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਗਰਮੀ ਘਟਣ ਦਾ ਨਾਮ ਹੀ ਨਹੀਂ ਲੈ ਰਹੀ ਹੈ। ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਲਗਾਤਾਰ ਦੂਜੇ ਦਿਨ ਗਰਮੀ ਦਾ ਕਹਿਰ ਜਾਰੀ ਰਿਹਾ ਹੈ। ਅੱਜ ਦਾ ਦਿਨ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ। ਗਰਮੀ ਕਾਰਨ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 3.3 ਡਿਗਰੀ ਸੈਲਸੀਅਸ ਵੱਧ ਰਿਹਾ ਹੈ ਜਦੋਂਕਿ ਘੱਟ ਤੋਂ ਘੱਟ ਤਾਪਮਾਨ ਵੀ ਆਮ ਨਾਲੋਂ 2.5 ਡਿਗਰੀ ਸੈਲਸੀਅਸ ਵੱਧ 28.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਗਰਮੀ ਦਾ ਕਹਿਰ ਚੰਡੀਗੜ੍ਹ ਦੇ ਨਾਲ-ਨਾਲ ਗੁਆਂਢੀ ਸ਼ਹਿਰ ਮੁਹਾਲੀ ਤੇ ਪੰਚਕੂਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਮੁਹਾਲੀ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 40.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜਦੋਂਕਿ ਪੰਚਕੂਲਾ ਵਿੱਚ ਵੱਧ ਤੋਂ ਵੱਧ ਤਾਪਮਾਨ 39.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ ਤਿੰਨ ਦਿਨਾਂ ਵਿੱਚ ਚੰਡੀਗੜ੍ਹ ਟ੍ਰਾਈਸਿਟੀ ਵਿੱਚ ਤਾਪਮਾਨ 45 ਤੋਂ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸੇ ਕਰ ਕੇ ਉਨ੍ਹਾਂ ਨੇ ਲੋਕਾਂ ਨੂੰ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਲੋੜ ਪੈਣ ’ਤੇ ਹੀ ਘਰੋਂ ਨਿਕਲਣ ਦੀ ਅਪੀਲ ਕੀਤੀ।
ਚੰਡੀਗੜ੍ਹ ਵਿੱਚ ਗਰਮੀ ਵਧਣ ਕਰ ਕੇ ਸੈਲਾਨੀ ਵੀ ਆਮ ਨਾਲੋਂ ਘੱਟ ਗਿਣਤੀ ਵਿੱਚ ਪਹੁੰਚ ਰਹੇ ਹਨ। ਇਸੇ ਕਰ ਕੇ ਸ਼ਹਿਰ ਦੀ ਸੁਖਨਾ ਝੀਲ, ਰੌਕ ਗਾਰਡਨ ਤੇ ਰੋਜ਼ ਗਾਰਡਨ ਵਿੱਚ ਲੋਕ ਸਵੇਰ ਤੇ ਸ਼ਾਮ ਸਮੇਂ ਹੀ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਵੱਧ ਰਹੀ ਗਰਮੀ ਕਰ ਕੇ ਸ਼ਹਿਰ ਦੇ ਬਾਜ਼ਾਰਾਂ ਵੀ ਸੰਨਾਟਾ ਪਸਰਿਆ ਪਿਆ ਹੈ। ਚੰਡੀਗੜ੍ਹ ਦਾ ਦਿਲ ਕਿਹਾ ਜਾਣ ਵਾਲਾ ਸੈਕਟਰ-17 ਵਿੱਚ ਵੀ ਦਿਨ ਭਰ ਸੁੰਨ ਪਸਰੀ ਰਹੀ।
ਨੌਂ ਦਿਨਾਂ ਵਿੱਚ 38 ਫ਼ੀਸਦ ਘੱਟ ਮੀਂਹ ਪਿਆ
ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਜੂਨ 2025 ਦੇ ਪਹਿਲੇ ਅੱਠ ਦਿਨਾਂ ਵਿੱਚ ਆਮ ਨਾਲੋਂ 38.7 ਫ਼ੀਸਦ ਘੱਟ ਮੀਂਹ ਪਿਆ ਹੈ। ਜਾਣਕਾਰੀ ਅਨੁਸਾਰ ਪਹਿਲੀ ਤੋਂ ਅੱਠ ਜੂਨ ਤੱਕ ਸ਼ਹਿਰ ਵਿੱਚ ਸਿਰਫ਼ 16.5 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਆਮ ਨਾਲੋਂ 38.7 ਫ਼ੀਸਦ ਘੱਟ ਹੈ। ਉਨ੍ਹਾਂ ਕਿਹਾ ਕਿ ਜੂਨ ਦੇ ਪਹਿਲੇ ਇਕ ਹਫ਼ਤੇ ਵਿੱਚ 30 ਐੱਮਐੱਮ ਦੇ ਕਰੀਬ ਮੀਂਹ ਪੈਣ ਦੀ ਸੰਭਾਵਨਾ ਹੁੰਦੀ ਹੈ।