For the best experience, open
https://m.punjabitribuneonline.com
on your mobile browser.
Advertisement

ਸਿਆਣੇ ਸਮਝਣ ਸੈਨਤਾਂ

04:41 AM Jul 05, 2025 IST
ਸਿਆਣੇ ਸਮਝਣ ਸੈਨਤਾਂ
Advertisement
ਜਗਦੀਸ਼ ਕੌਰ ਮਾਨ
Advertisement

ਵੱਡੇ ਵੀਰ ਜੀ ਪੜ੍ਹਾਈ ਵਿਚ ਚੰਗੇ ਹੋਣ ਦੇ ਬਾਵਜੂਦ ਦਸਵੀਂ ਜਮਾਤ ਵਿੱਚੋਂ ਰਹਿ ਗਏ। ਕਾਰਨ? ਪੜ੍ਹਾਈ ਵੱਲੋਂ ਲਾਪ੍ਰਵਾਹੀ ਤੇ ਸਕੂਲੋਂ ਭੱਜ ਕੇ ਸਿਨੇਮਾ ਦੇਖਣ ਦੇ ਸ਼ੌਕੀਨ ਮਾੜੇ ਮੁੰਡਿਆਂ ਦੀ ਸੰਗਤ। ਪਿਤਾ ਜੀ ਨੂੰ ਵੀਰ ਜੀ ਦੇ ਫੇਲ੍ਹ ਹੋਣ ਦਾ ਬੜਾ ਸਦਮਾ ਲੱਗਿਆ ਤੇ ਉਹ ਸਿਰ ਫੜ ਕੇ ਬੈਠ ਗਏ। ਦੋ ਦਿਨ ਉਨ੍ਹਾਂ ਰੋਟੀ ਦੀ ਬੁਰਕੀ ਮੂੰਹ ’ਤੇ ਨਾ ਧਰੀ। ਉਨ੍ਹਾਂ ਦੀਆਂ ਸਾਰੀਆਂ ਰੀਝਾਂ ਉਮੰਗਾਂ ਧਰੀਆਂ ਧਰਾਈਆਂ ਰਹਿ ਗਈਆਂ ਸਨ। ਉਨ੍ਹਾਂ ਸੋਚਿਆ ਕੁਝ ਹੋਰ ਸੀ, ਹੋ ਕੁਝ ਹੋਰ ਗਿਆ ਸੀ। ਅੰਦਰੋ-ਅੰਦਰੀ ਵਧੇ ਗੁੱਸੇ ਕਾਰਨ ਪਿਤਾ ਜੀ ਨੇ ਵੀਰ ਜੀ ਨੂੰ ਬੁਲਾਉਣਾ ਹੀ ਛੱਡ ਦਿੱਤਾ ਸੀ ਪਰ ਹਾਏ! ਵਿਚਾਰੀ ਮਾਂ!! ਮਾਵਾਂ ਦੇ ਦਿਲ ਤਾਂ ਪਾਣੀ ਤੋਂ ਵੀ ਪਤਲੇ ਹੁੰਦੇ। ਘਰ ਦਾ ਵਿਗੜਿਆ ਮਾਹੌਲ ਦੇਖ ਕੇ ਮਾਂ ਨੇ ਬੜੇ ਹੀ ਪਿਆਰ ਨਾਲ ਵੀਰ ਜੀ ਨੂੰ ਹੌਸਲਾ ਦਿੱਤਾ, “ਕੋਈ ਨਾ ਪੁੱਤ... ਹੌਸਲਾ ਰੱਖ, ਪੜ੍ਹਨ ਵਾਲੇ ਜਵਾਕ ਪਾਸ ਵੀ ਹੁੰਦੇ ਨੇ ਤੇ ਫੇਲ੍ਹ ਵੀ। ਤੂੰ ਤਾਂ ਇਸ ਗੱਲ ਨੂੰ ਬਹੁਤਾ ਹੀ ਦਿਲ ’ਤੇ ਲਾ ਗਿਆ। ਇਹੋ ਜਿਹੇ ਮੌਕਿਆਂ ’ਤੇ ਤਾਂ ਮਹਿੰ ਜਿੱਡਾ ਜੇਰਾ ਰੱਖੀਦਾ ਹੁੰਦਾ। ਨਾਲੇ ਇਹ ਕਿਹੜਾ ਕੁੰਭ ਦਾ ਮੇਲਾ ਏ ਬਈ ਬਾਰਾਂ ਵਰ੍ਹਿਆਂ ਬਾਅਦ ਆਊਗਾ... ਇਸ ਸਾਲ ਨਾ ਸਹੀ, ਆਉਂਦੇ ਸਾਲ ਸਹੀ, ਮਨ ਲਾ ਕੇ ਪੜ੍ਹਾਈ ਕਰ। ਤੂੰ ਦੇਖੀਂ ਤਾਂ ਸਹੀ... ਵਧੀਆ ਨੰਬਰ ਲੈ ਕੇ ਪਾਸ ਹੋਵੇਂਗਾ, ਬੱਸ ਮਨ ਨੂੰ ਥੋੜ੍ਹਾ ਟਿਕਾਣੇ ਰੱਖ ਤੇ ਅੱਜ ਤੋਂ ਹੀ ਦੱਬ ਕੇ ਮਿਹਨਤ ਸ਼ੁਰੂ ਕਰ ਦੇ। ਸ਼ੁਭ ਕੰਮ ਆਰੰਭ ਕਰਨ ਲੱਗਿਆਂ ‘ਕੱਲ੍ਹ’ ਦੀ ਉਡੀਕ ਨਹੀਂ ਕਰੀਦੀ। ਕੁਦਰਤ ਵੀ ਉਨ੍ਹਾਂ ਦੀ ਸਹਾਇਤਾ ਕਰਦੀ ਜਿਹੜੇ ਮਿਹਨਤ ਤੇ ਸਿਰੜ ਦਾ ਪੱਲਾ ਫੜ ਕੇ ਖੁਦ ਉੱਦਮ ਕਰਦੇ। ਕੋਈ ਗੱਲ ਨਹੀਂ, ਇਉਂ ਦਿਲ ਨ੍ਹੀਂ ਸਿੱਟੀਦਾ ਹੁੰਦਾ, ਡਿਗ-ਡਿਗ ਕੇ ਹੀ ਸਵਾਰ ਹੋਈਦੈ ਮੇਰੇ ਬੱਚੇ।”

Advertisement
Advertisement

ਵੀਰ ਜੀ ਨੂੰ ਤਾਂ ਫੇਲ੍ਹ ਹੋਣ ਦੀ ਪਹਿਲਾਂ ਹੀ ਬਥੇਰੀ ਨਮੋਸ਼ੀ ਸੀ, ਉਤੋਂ ਪਿਤਾ ਜੀ ਦਾ ਇਹੋ ਜਿਹਾ ਵਤੀਰਾ ਉਨ੍ਹਾਂ ਦੀ ਉਦਾਸੀ ਤੇ ਨਮੋਸ਼ੀ ਵਿਚ ਹੋਰ ਵਾਧਾ ਕਰ ਰਿਹਾ ਸੀ। ਮਾਂ ਨੇ ਗੱਲਾਂ-ਗੱਲਾਂ ਵਿਚ ਹੀ ਪਿਤਾ ਜੀ ਨੂੰ ਸਮਝਾਇਆ- ਤੁਹਾਡੇ ਵਾਸਤੇ ਅਜਿਹੇ ਹਾਲਾਤ ਵਿਚ ਇਹੋ ਜਿਹਾ ਵਿਹਾਰ ਠੀਕ ਨਹੀਂ। ਇਹੋ ਜਿਹੇ ਮੌਕੇ ਬੱਚੇ ਨੂੰ ਦਿਲਬਰੀ ਦੇਣਾ ਤੁਹਾਡਾ ਫ਼ਰਜ਼ ਬਣਦੈ, ਤਾਂ ਹੀ ਉਸ ਦਾ ਮਨੋਬਲ ਵਧੇਗਾ। ਆਪਾਂ ਹੀ ਰਲ ਮਿਲ ਕੇ ਉਸ ਨੂੰ ਆਤਮ ਗਿਲਾਨੀ ਦੀ ਜਿੱਲਣ ਵਿਚੋਂ ਬਾਹਰ ਕੱਢਣਾ ਹੈ। ਗੁਰਬਾਣੀ ਦਾ ਵੀ ਇਹੋ ਫਰਮਾਨ ਹੈ: ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ॥ ਤੁਹਾਡੀ ਹਮਦਰਦੀ ਅਤੇ ਦਿੱਤਾ ਹੌਸਲਾ ਉਸ ਦੇ ਸਾਰੀ ਉਮਰ ਕੰਮ ਆਵੇਗਾ, ਦੇਖ ਲਿਓ...।”

ਮਾਵਾਂ ਦਾ ਬੱਚਿਆਂ ਨਾਲ ਗੱਲਬਾਤ ਕਰਨ ਦਾ ਢੰਗ ਤਰੀਕਾ ਹੋਰ ਹੁੰਦਾ, ਬਾਪ ਦੇ ਸਮਝਾਉਣ ਦਾ ਢੰਗ ਵੱਖਰਾ ਹੁੰਦਾ। ਮਾਤਾ ਜੀ ਦੇ ਵਾਰ-ਵਾਰ ਜ਼ੋਰ ਪਾਉਣ ’ਤੇ ਪਿਤਾ ਜੀ ਨੇ ਵੀਰ ਜੀ ਨੂੰ ਕੋਲ ਬਿਠਾ ਕੇ ਉਸ ਨਾਲ ਕੁਝ ਗੱਲਾਂ ਇਸ ਤਰ੍ਹਾਂ ਸਾਂਝੀਆਂ ਕੀਤੀਆਂ, “ਦੇਖ ਕਾਕਾ, ਮੈਂ ਤੈਨੂੰ ਬਥੇਰਾ ਸਮਝਾਉਂਦਾ ਰਿਹਾਂ ਕਿ ਮੁੰਡਿਆ! ਸਹੀ ਰਾਹ ’ਤੇ ਆ ਜਾ ਪਰ ਮੱਛੀ ਪੱਥਰ ਚੱਟੇ ਬਗੈਰ ਕਾਹਨੂੰ ਪਿੱਛੇ ਮੁੜਦੀ ਐ। ਨਾ ਹੁਣ ਚੰਗਾ ਰਿਹਾ... ਤੈਨੂੰ ਪਤੈ... ਮੈਂ ਕਿੰਨਾ ਔਖਾ ਹੋ ਕੇ ਤੁਹਾਨੂੰ ਪੰਜ ਭੈਣ ਭਰਾਵਾਂ ਨੂੰ ਪੜ੍ਹਾ ਰਿਹਾਂ... ਮੇਰੇ ਵਿੱਚ ਤਾਂ ਇਕ ਜਵਾਕ ਨੂੰ ਵੀ ਚੰਗੇ ਸਕੂਲ ਵਿੱਚ ਪੜ੍ਹਾ ਸਕਣ ਦੀ ਪੁੱਜਤ ਨਹੀਂ ਪਰ ਮੈਂ ਤੁਹਾਨੂੰ ਪੰਜ ਜਣਿਆਂ ਨੂੰ ਔਖਾ ਸੌਖਾ ਹੋ ਕੇ ਪੜ੍ਹਾ ਰਿਹਾਂ... ਤੁਹਾਡੀ ਪੜ੍ਹਾਈ ਦਾ ਖਰਚਾ ਪੂਰਾ ਕਰਨ ਲਈ ਕਿਵੇਂ ਮੈਨੂੰ ਦਿਨ ਰਾਤ ਇੱਕ ਕਰਨਾ ਪੈਂਦੈ, ਤੂੰ ਸਾਰੇ ਭੈਣ ਭਰਾਵਾਂ ਤੋਂ ਵੱਡਾ ਏਂ, ਤੇਰੇ ’ਤੇ ਮੈਨੂੰ ਬਹੁਤ ਆਸਾਂ ਸਨ ਕਿ ਤੂੰ ਚਹੁੰ ਦਿਨਾਂ ਨੂੰ ਕਬੀਲਦਾਰੀ ਕਿਉਂਟਣ ਵਿੱਚ ਹੱਥ ਵਟਾਵੇਂਗਾ, ਆਪਣਾ ਭਵਿੱਖ ਵਧੀਆ ਬਣਾਵੇਂਗਾ, ਤੂੰ ਮੁੰਡਿਆ! ਆਪਣੀ ਜ਼ਿੰਮੇਵਾਰੀ ਨੂੰ ਸਮਝ, ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਜੇ ਵਿਗੜਿਆ। ਜੇ ਜ਼ਿੰਦਗੀ ਵਿਚ ਕੁਝ ਬਣਨਾ ਏਂ ਤਾਂ ਮਾੜੀ ਸੰਗਤ ਤੋਂ ਹਰ ਹਾਲ ਕਿਨਾਰਾ ਕਰਨਾ ਪਊ, ਸਖ਼ਤ ਮਿਹਨਤ ਕਰਨ ਦੀ ਆਦਤ ਪਾ। ਸਮਝ ਗਿਉਂ ਕਿ ਨਹੀਂ?”

ਵੀਰ ਜੀ ਨੇ ਪਿਤਾ ਜੀ ਦੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਤੇ ਉਸੇ ਦਿਨ ਤੋਂ ਸਖ਼ਤ ਮਿਹਨਤ ਲਈ ਕਮਰ ਕੱਸ ਲਈ। ਪੜ੍ਹਨ ਲਈ ਦਿਨ ਰਾਤ ਇਕ ਕਰ ਦਿੱਤਾ। ਆਉਂਦੇ ਸਾਲ ਉਹ ਦਸਵੀਂ ਦੀ ਪ੍ਰੀਖਿਆ ਵਿੱਚੋਂ ਹਾਈ ਫਸਟ ਡਿਵੀਜ਼ਨ ਲੈ ਕੇ ਪਾਸ ਹੋਏ ਤੇ ਉਸ ਤੋਂ ਬਾਅਦ ਐੱਮਏ ਤੱਕ ਹਰ ਸਾਲ ਫਸਟ ਡਿਵੀਜ਼ਨ ਲੈ ਕੇ ਪਾਸ ਹੁੰਦੇ ਰਹੇ। ਪੂਰੀ ਤਨਦੇਹੀ ਨਾਲ ਸਰਕਾਰੀ ਡਿਊਟੀ ਨਿਭਾਈ। ਸਾਡੀ ਛੋਟੇ ਭੈਣ ਭਰਾਵਾਂ ਦੀ ਪੜ੍ਹਾਈ ਪੱਖੋਂ ਪਿਤਾ ਜੀ ਤੋਂ ਵੀ ਵੱਧ ਜ਼ਿੰਮੇਵਾਰੀ ਨਿਭਾਈ। ਜਦੋਂ ਵਿਆਹੇ ਗਏ, ਆਪਣੇ ਬੱਚਿਆਂ ਨਾਲ ਸਿਰਫ਼ ਖਾਣ ਪਹਿਨਣ ਦਾ ਹੀ ਲਾਡ ਰੱਖਿਆ। ਪੜ੍ਹਾਈ ਪੱਖੋਂ ਉਨ੍ਹਾਂ ਨਾਲ ਕਦੇ ਕੋਈ ਲਿਹਾਜ਼ ਨਹੀਂ ਕੀਤਾ। ਪਲ-ਪਲ ਉਨ੍ਹਾਂ ਦੀ ਨਿਗਰਾਨੀ ਕੀਤੀ। ਜਿਥੇ ਵੀ ਲੋੜ ਪਈ, ਯੋਗ ਅਗਵਾਈ ਕੀਤੀ। ਉਨ੍ਹਾਂ ਦੀ ਔਲਾਦ ਅੱਜ ਵੱਡੇ ਅਹੁਦਿਆਂ ’ਤੇ ਤਾਇਨਾਤ ਹੈ। ਵੇਲੇ ਸਿਰ ਕੀਤਾ ਕੰਮ, ਸਹੀ ਸਮੇਂ ਚੁੱਕਿਆ ਕਦਮ ਅਤੇ ਚੰਗੀ ਤਰ੍ਹਾਂ ਖਾਨੇ ਪਾਈ ਸਿਆਣਿਆਂ ਦੀ ਨਸੀਹਤ ਬੰਦੇ ਨੂੰ ਬੁਲੰਦੀਆਂ ’ਤੇ ਲੈ ਜਾਂਦੀ ਹੈ। ਲੋੜ ਤਾਂ ਵੇਲੇ ਸਿਰ ਗੱਲ ਸਮਝਣ ਸਮਝਾਉਣ ਦੀ ਹੁੰਦੀ ਹੈ।

ਸੰਪਰਕ: 78146-98117

Advertisement
Author Image

Jasvir Samar

View all posts

Advertisement