For the best experience, open
https://m.punjabitribuneonline.com
on your mobile browser.
Advertisement

ਸਾਹ ਤੋਂ ਸੁਆਹ ਵੱਲ

04:00 AM Feb 16, 2025 IST
ਸਾਹ ਤੋਂ ਸੁਆਹ ਵੱਲ
Advertisement

ਹਰਵਿੰਦਰ ਸਿੰਘ ਰੋਡੇ
ਨਾਵਲ ਅੰਸ਼

Advertisement

ਕਾਂ ਅੱਖ ਨਿਕਲਦੀ ਸੀ। ਹਾੜ੍ਹ ਦਾ ਤਿੱਖੜ ਦੁਪਹਿਰਾ। ਸੂਰਜ ਜਿਵੇਂ ਸਿਰ ’ਤੇ ਖੜ੍ਹਾ ਰਹਿਣ ਦੀ ਜ਼ਿੱਦ ਫੜੀ ਬੈਠਾ ਹੋਵੇ। ਦਰਸ਼ਨ ਸਿੰਘ ਧਰਮਸ਼ਾਲਾ ’ਚੋਂ ਤਾਸ਼ ਖੇਡ ਕੇ ਢੂਹੀ ਸਿੱਧੀ ਕਰਨ ਘਰ ਵੱਲ ਹੋ ਤੁਰਿਆ। ਘਰ ਤੋਂ ਪੰਜ-ਸੱਤ ਕਰਮਾਂ ਦੀ ਵਿੱਥ ਰਹਿੰਦਿਆਂ, ਉਹਦੇ ਖੀਸੇ ਵਿਚਲੇ ਫੋਨ ਦੀ ਘੰਟੀ ਖੜਕੀ। ਫੋਨ ਦੀ ਸਕਰੀਨ ’ਤੇ ਖੱਬੇ ਹੱਥ ਨਾਲ ਛਾਂ ਕਰਦਿਆਂ ਨੰਬਰ ਵੇਖਿਆ ਤਾਂ ਬਲਵੀਰ ਦਾ ਨਾਂ ਜਗਮਗਾ ਰਿਹਾ ਸੀ। ਕਾਹਲੀ ਨਾਲ ਪ੍ਰਵਾਨਗੀ ਬਟਨ ਦੱਬ, ਫੋਨ ਕੰਨ ਨੂੰ ਲਾਇਆ, ‘‘ਹਾਂ ਪੁੱਤ, ਕੀ ਹਾਲ ਐ?’’
‘‘ਬਸ ਮੌਜਾਂ ਡੈਡੀ... ਲੈ ਤੈਨੂੰ ਖ਼ੁਸ਼ੀ ਦੀ ਖ਼ਬਰ ਸੁਣਾਵਾਂ! ਥੋੜ੍ਹਾ ਚਿਰ ਪਹਿਲਾਂ ਹੀ ਏਜੰਟ ਨਾਲ ਗੱਲ ਹੋ ਕੇ ਹਟੀ ਐ... ਮੈਂ ਪਰਸੋਂ ਤੁਰਨੈਂ ਏਥੋਂ!’’ ਬਲਵੀਰ ਦੇ ਮੂੰਹੋਂ ਇਹ ਬੋਲ ਸੁਣ ਕੇ ਦਰਸ਼ਨ ਤੋਂ ਚਾਅ ਨਾ ਚੱਕਿਆ ਜਾਵੇ। ਕੁਝ ਦਿਨਾਂ ਤੱਕ ਉਹਦਾ ਪੁੱਤ ਅਮਰੀਕਾ ਵਾਸੀ ਜੁ ਬਣਨ ਜਾ ਰਿਹਾ ਸੀ। ਉਹਨੇ ਧਰਤੀ ਨਿਸ਼ਕਾਰੀ। ਪੁੱਤ ਦੇ ਸੁਹਾਵਣੇ ਬੋਲ ਸੁਣਦਿਆਂ ਦਰਸ਼ਨ ਨੂੰ ਕੜਕਦੀ ਦੀ ਧੁੱਪ ਇਉਂ ਪ੍ਰਤੀਤ ਹੋਈ ਜਿਵੇਂ ਓਹਦੇ ਘਰ ਨੂੰ ਸੋਨੇ ਵਿੱਚ ਮੜ੍ਹਨ ਦਾ ਤਹੱਈਆ ਕਰੀ ਬੈਠੀ ਹੋਵੇ।
‘‘ਸ਼ੁਕਰ ਐ ਦਾਤੇ ਦਾ... ਭਲਾ ਕਿੰਨੇ ਕੁ ਦਿਨਾਂ ’ਚ ਓਥੇ
ਜਾ ਪਹੁੰਚੇਂਗਾ?’’ ਆਪਣੇ ਆਪ ਵਿੱਚ ਆਉਂਦਿਆਂ ਦਰਸ਼ਨ ਸਿੰਘ ਨੇ ਪੁੱਛਿਆ।
‘‘ਡੈਡੀ... ਇਹਦਾ ਕੁਝ ਪੱਕਾ ਤਾਂ ਨਹੀਂ ਕਹਿ ਸਕਦੇ... ਉਂਝ ਉਹ ਕਹਿੰਦਾ ਸੀ ਬਈ ਏਸ ਰਸਤੇ 15-20 ਦਿਨ ਆਰਾਮ ਨਾਲ ਲੱਗ ਜਾਂਦੇ ਐ। ਊਂ ਖ਼ਤਰੇ ਵਾਲੀ ਕੋਈ ਗੱਲ ਨਹੀਂ। ਬਸ ਆਪਣੇ ਪਿੰਡਾਂ ਵੱਲ ਚੱਲਦੀਆਂ ਟੁੱਟਵੀਆਂ ਬੱਸਾਂ ਵਾਂਙੂੰ ਕਈ ਫਲਾਈਟਾਂ ਬਦਲਣੀਆਂ ਪੈਂਦੀਆਂ ਨੇ।’’
‘‘ਅੱਛਾ! ਚੱਲ ਟੁੱਟਮੀਆਂ ਦਾ ਤਾਂ ਕੀ ਐ... ਨਾਲੇ ਬੰਦਾ ਸੈਰਾਂ ਕਰਦਾ ਜਾਂਦੈ।’’ ਦਰਸ਼ਨ ਸਿੰਘ ਨੇ ਆਪਣੇ ਦਿਲ ਨੂੰ ਢਾਰਸ ਦਿੰਦਿਆਂ ਪੁੱਤ ਦਾ ਹੌਸਲਾ ਕਰੜਾ ਰੱਖਣਾ ਚਾਹਿਆ।
‘‘ਹਾਂ-ਹਾਂ ਡੈਡੀ... ਏਦਾਂ ਤਾਂ ਕੋਈ ਚੱਕਰ ਨਈਂ ਆਪਾਂ ਨੂੰ। ਹੋਰ ਬਥੇਰੇ ਮਿਲ ਜਾਂਦੇ ਐ ਸੰਗੀ ਸਾਥੀ।’’ ਆਖਦਿਆਂ ਬਲਵੀਰ ਨੇ ਘਰ ਦਾ ਹਾਲ-ਚਾਲ ਪੁੱਛਿਆ ਤੇ ਫੋਨ ਕੱਟ ਦਿੱਤਾ।
ਏਜੰਟ ਦੀ ਵਿਉਂਤ ਅਨੁਸਾਰ ਬਲਵੀਰ ਨੇ ਪਹਿਲਾਂ ਦੁਬਈ ਤੋਂ ਫਲਾਈਟ ਲੈ ਕੇ ਬ੍ਰਾਜ਼ੀਲ ਉਤਰਨਾ ਸੀ। ਉਹਦੇ ਪਾਸਪੋਰਟ ’ਤੇ ਹਾਲੇ ਕੇਵਲ ਬ੍ਰਾਜ਼ੀਲ ਦੇ ਵੀਜ਼ੇ ਦੀ ਮੋਹਰ ਸੀ। ਅੱਗੇ ਕੀ ਹੋਣਾ ਏ? ਇਸ ਬਾਰੇ ਹਾਲੇ ਬਲਵੀਰ ਨੂੰ ਕੋਈ ਥਹੁ-ਪਤਾ ਨਹੀਂ ਸੀ। ਹਾਂ! ਏਜੰਟ ਨੇ ਏਨਾ ਜ਼ਰੂਰ ਕਿਹਾ ਸੀ ਕਿ ਹਰੇਕ ਮੁਲਕ ਵਿੱਚ ਵੜ੍ਹਨ ਤੋਂ ਪਹਿਲਾਂ ਉਹਦਾ ਐਂਟਰੀ ਪਾਸ ਬਣਿਆ ਕਰੇਗਾ।
ਮਿੱਥੀ ਯੋਜਨਾ ਅਨੁਸਾਰ ਉਹਨੇ ਦੁਬਈ ਤੋਂ ਫਲਾਈਟ ਲਈ ਤੇ ਬ੍ਰਾਜ਼ੀਲ ਜਾ ਪਹੁੰਚਿਆ। ਏਅਰਪੋਰਟ ਤੋਂ ਨਿਕਲਦਿਆਂ ਏਜੰਟ ਦੇ ਦਿੱਤੇ ਨੰਬਰ ’ਤੇ ਨੈੱਟਕਾਲ ਕਰਕੇ ਆਪਣੀ ਜਾਣ-ਪਛਾਣ ਕਰਵਾਈ। ਚੰਦ ਪਲਾਂ ਵਿੱਚ ਹੀ ਉਹਦੇ ਕੋਲ ਘਾਲੀ ਨਾਂ ਦਾ ਬੰਦਾ ਆਇਆ ਤੇ ਉਹਨੂੰ ਗੱਡੀ ’ਚ ਬਿਠਾਉਂਦਿਆਂ ਆਪਣੇ ਨਾਲ ਲੈ ਤੁਰਿਆ।
‘‘ਲੈ ਬਈ ਮੁੰਡਿਆ... ਐਸ ਘਰੇ ਤੂੰ ਪੰਜ-ਸੱਤ ਦਿਨ ਲਾਉਣੇ ਐ। ਫਿਰ ਤੇਰਾ ਅਗਾਂਹ ਦਾ ਜੁਗਾੜ ਬਣਾਉਂਨੇ ਆਂ। ਬਸ ਆਹੀ ਇੱਕ-ਦੋ ਮੁਲਕਾਂ ’ਚ ਤੈਨੂੰ ਇਕੱਲਤਾ ਜਿਹੀ ਮਹਿਸੂਸ ਹੋਊ... ਅੱਗੇ ਤਾਂ ਰੌਣਕਾਂ ਈ ਰੌਣਕਾਂ।’’ ਘਾਲੀ ਉਹਨੂੰ ਛੋਟੇ ਜਿਹੇ ਘਰ ਦੀ ਬੇਸਮੈਂਟ ਵਿੱਚ ਲੈ ਗਿਆ।
ਚਿੜੀ ਦੇ ਪੌਂਚੇ ਜਿੱਡੇ ਬੇਸਮੈਂਟ ਵਿੱਚ ਉਹਦਾ ਚਿੱਤ ਨਾ ਲੱਗਦਾ। ਰੂਹ ਨੂੰ ਤਾਜ਼ਾ ਰੱਖਣ ਖ਼ਾਤਰ ਉਹ ਆਥਣ-ਉੱਗਣ ਨੇੜੇ ਦੇ ਪਾਰਕ ਵਿੱਚ ਮਾੜਾ-ਮੋਟਾ ਘੁੰਮ-ਫਿਰ ਆਉਂਦਾ। ਖਾਣ ਨੂੰ ਆਉਂਦੀ ਇਕੱਲਤਾ ਨੇ ਉਹਦਾ ਪਿੱਛਾ ਤਦ ਛੱਡਿਆ ਜਦ ਤੀਜੇ ਕੁ ਦਿਨ ਘਾਲੀ ਦੋ ਮੁੰਡੇ ਹੋਰ ਲੈ ਆਇਆ। ਉਹ ਪੰਜਾਬੀ ਤਾਂ ਭਾਵੇਂ ਨਹੀਂ ਸਨ, ਪਰ ਉਨ੍ਹਾਂ ਦੇ ਹਾਵ-ਭਾਵ ਦੱਸਦੇ ਸਨ ਕਿ ਉਹ ਵੀ ਬਲਵੀਰ ਵਾਂਙੂੰ ਹੀ ਆਏ ਹੋਏ ਨੇ। ਭਾਸ਼ਾ ਦੀ ਸਾਂਝ ਨਾ ਹੋਣ ਕਰਕੇ ਬੇਸ਼ੱਕ ਉਹ ਇੱਕ-ਦੂਜੇ ਨਾਲ ਗੱਲ ਕਰਨ ਤੋਂ ਅਸਮਰੱਥ ਸਨ। ਫਿਰ ਵੀ ਹਮਸਫ਼ਰ ਬਣ ਗਏ ਹੋਣ ਕਰਕੇ ਤਿੰਨਾਂ ਦਾ ਚਿੱਤ ਪਰਚਿਆ ਰਹਿੰਦਾ।
ਬਲਵੀਰ ਨੂੰ ਏਸ ਬੇਸਮੈਂਟ ਵਿੱਚ ਰਹਿੰਦਿਆਂ ਪੂਰਾ ਹਫ਼ਤਾ ਬੀਤ ਗਿਆ ਪਰ ਹਾਲੇ ਤੱਕ ਉਹਨੂੰ ਅਗਾਂਹ ਦੀ ਕਿਸੇ ਯੋਜਨਾ ਬਾਰੇ ਨਹੀਂ ਸੀ ਦੱਸਿਆ ਗਿਆ। ਵਾਰ-ਵਾਰ ਪੁੱਛਣ ’ਤੇ ਘਾਲੀ ਆਖ ਛੱਡਦਾ, ‘‘ਹਾਲੇ ਓਧਰ ਦਾ ਕੋਈ ਗੇੜਾ ਨਹੀਂ ਆਇਆ... ਜਿੱਦਣ ਗੇੜਾ ਆ ਗਿਆ ਬਸ ਓਦਣੇ ਰਵਾਨਗੀ ਸਮਝੋ... ਇਹ ਹੁਣ ਥੋਡੇ ਤਿੰਨਾਂ ਦੇ ਮੁਕੱਦਰ ’ਤੇ ਐ।’’
ਅਖ਼ੀਰੀਂ ਉਨ੍ਹਾਂ ਦਾ ਮੁਕੱਦਰ ਜਾਗ ਉੱਠਿਆ। ਇੱਕ ਦਿਨ ਦੁਪਹਿਰੇ ਸੁੱਤੇ ਪਿਆਂ ਨੂੰ ਉਠਾਉਂਦਿਆਂ ਘਾਲੀ ਨੇ ਦੱਸਿਆ, ‘‘ਅੱਜ ਆਪਣਾ ਟਰੱਕ ਚੱਲਿਆ ਓਧਰ ਨੂੰ... ਤੁਸੀਂ ਓਸ ’ਚ ਜਾਣੈ। ਇੱਥੋਂ ਆਪਣੇ ਟਰੱਕ ਪੇਰੂ ਵਿੱਚ ਦੀ ਸਿੱਧੇ ਇਕਵਾਡੋਰ ਨੂੰ ਜਾਂਦੇ ਐ। ਬਾਕੀ ਸਾਰੀ ਗੱਲ ਥੋਨੂੰ ਡਰੈਵਰ ਸਮਝਾਊ... ਤੁਸੀਂ ਬਸ ਆਥਣੇ ਪੰਜ ਵੱਜਦੇ ਨੂੰ ਰੈਡੀ ਰਹਿਣਾ।’’
ਰੈਡੀ ਹੋਣ ਨੂੰ ਉਨ੍ਹਾਂ ਭਲਾ ਕਿੰਨਾ ਕੁ ਸਾਮਾਨ ਚੁੱਕਣਾ ਸੀ? ਬਸ ਇੱਕ-ਇੱਕ, ਦੋ-ਦੋ ਬੈਗ ਸਨ। ਪੰਜ ਵੱਜਦਿਆਂ ਹੀ ਘਾਲੀ ਨੇ ਉਨ੍ਹਾਂ ਨੂੰ ਗੱਡੀ ’ਚ ਬਿਠਾਇਆ ਤੇ ਵੀਹ ਕੁ ਮਿੰਟਾਂ ਦੀ ਡਰਾਈਵਿੰਗ ਮਗਰੋਂ, ਤੁਰਨ ਲਈ ਤਿਆਰ ਖੜ੍ਹੇ ਟਰੱਕ ਕੋਲ ਜਾ ਉਤਾਰਿਆ। ਟਰੱਕ ਵਿੱਚ ਪਤਾ ਨਹੀਂ ਕੀ ਸੀ ਪਰ ਸਭ ਪਾਸਿਓਂ ਬੰਦ, ਲੱਦਿਆ ਖੜ੍ਹਾ ਸੀ। ਘਾਲੀ ਨੇ ਡਰਾਈਵਰ ਨਾਲ ਘੁਸਰ-ਮੁਸਰ ਕੀਤੀ ਤੇ ਫਿਰ ਡਰਾਈਵਰ ਨੇ ਉਨ੍ਹਾਂ ਦੇ ਬੈਗ ਸੀਟਾਂ ਦੇ ਥੱਲੇ ਦਿੰਦਿਆਂ ਉਨ੍ਹਾਂ ਨੂੰ ਪਿਛਲੇ ਕੈਬਿਨ ਵਿੱਚ ਵੜ ਜਾਣ ਲਈ ਆਖ ਦਿੱਤਾ। ਸੋਹਣੇ ਕੈਬਿਨ ਵਿੱਚ ਵਧੀਆ ਬੈੱਡ ਲੱਗਾ ਹੋਇਆ ਸੀ; ਜੀਕਣ ਛੋਟਾ ਜਿਹਾ ਕਮਰਾ ਹੋਵੇ।
‘‘ਲਓ ਬਈ ਜੁਆਨੋ! ਊਂ ਤਾਂ ਖ਼ਤਰੇ ਵਾਲੀ ਕੋਈ ਗੱਲ ਨਹੀਂ ਪਰ ਫਿਰ ਵੀ ਕਈ ਵਾਰ ਸਿਆਪਾ ਪੈਂਦੇ ਦਾ ਪਤਾ ਨਹੀਂ ਲੱਗਦਾ... ਤੁਸੀਂ ਬਸ ਮੇਰੀ ਕਹੀ ਨ੍ਹੀਂ ਮੋੜਨੀ!’’ ਆਖਦਿਆਂ ਡਰਾਈਵਰ ਨੇ ਸੈਲਫ ਮਾਰ ਲਈ।
‘‘ਜਿਵੇਂ ਤੁਸੀਂ ਕਹੋਗੇ ਜੀ...!’’ ਪੰਜਾਬੀ ਸਮਝਦੇ ਬਲਵੀਰ ਨੇ ਡਰਾਈਵਰ ਦੀ ਹਾਂ ਵਿੱਚ ਹਾਂ ਮਿਲਾਈ ਤਾਂ ਉਹਨੂੰ ਵੇਖ ਦੂਜਿਆਂ ਦੋਹਾਂ ਨੇ ਵੀ ਸਿਰ ਹਿਲਾ ਦਿੱਤੇ।
ਬ੍ਰਾਜ਼ੀਲ ਦੀਆਂ ਮਲਾਈ ਵਰਗੀਆਂ ਸੜਕਾਂ ’ਤੇ ਬਾਘੀਆਂ ਪਾਉਂਦਾ ਟਰੱਕ ਤੀਜੇ ਦਿਨ ਦਾ ਸੂਰਜ ਚੜ੍ਹਦੇ ਨੂੰ ਪੇਰੂ ਦਾ ਬਾਰਡਰ ਟੱਪ ਗਿਆ। ਅਗਾਂਹ ਤਾਂ ਵਾਟ ਹੀ ਕਿਹੜੀ ਰਹਿ ਗਈ ਸੀ? ਜਿਵੇਂ ਦੌੜਾਕ ਆਪਣੇ ਆਖ਼ਰੀ ਪਲਾਂ ਵਿੱਚ ਹੋਰ ਤੇਜ਼ ਹੋ ਜਾਂਦਾ ਏ, ਟਰੱਕ ਵੀ ਵਰੋਲੇ ਵਾਂਙ ਅੱਧੀ ਰਾਤ ਨੂੰ ਇਕਵਾਡੋਰ ਵਿੱਚ ਜਾ ਦਾਖਲ ਹੋਇਆ। ਇਸ ਸਾਰੇ ਸਫ਼ਰ ਵਿੱਚ ਸਣੇ ਡਰਾਈਵਰ ਉਨ੍ਹਾਂ ਨੂੰ ਕੋਈ ਤਕਲੀਫ਼ ਨਾ ਆਈ।
ਇਕਵਾਡੋਰ ਦੇ ਕਿਊਟੋ ਸ਼ਹਿਰ ਵਿੱਚ ਡਰਾਈਵਰ ਨੇ ਉਨ੍ਹਾਂ ਨੂੰ ਲਾਹਿਆ ਤਾਂ ਅੱਗੇ ਉਨ੍ਹਾਂ ਦਾ ਨਵਾਂ ਏਜੰਟ ਮਾਰਲਨ ਖੜ੍ਹਾ ਸੀ। ਮਾਰਲਨ ਤਿੰਨਾਂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਇੱਕ ਹੋਟਲ ਵਿੱਚ ਲੈ ਗਿਆ। ਉੱਥੇ ਉਨ੍ਹਾਂ ਨੂੰ ਕਿਸੇ ਸਪੈਨਿਸ਼ ਬੋਲਦੇ ਬੰਦੇ ਦੇ ਹਵਾਲੇ ਕਰ ਆਪ ਪਤਾ ਨਹੀਂ ਕਿੱਧਰ ਚਲਾ ਗਿਆ। ਪੰਜ-ਚਾਰ ਘੰਟੇ ਆਰਾਮ ਕਰਨ ਤੋਂ ਬਾਅਦ ਉਹ ਤਿੰਨੇ ਉਸ ਸਪੈਨਿਸ਼ ਬੰਦੇ ਦੀ ਕਾਰ ਵਿੱਚ ਜਾ ਬੈਠੇ। ਲੰਮਾਂ ਸਮਾਂ ਦੌੜਦੀ ਰਹੀ ਕਾਰ ਕਿਸੇ ਵੀਰਾਨ ਜਿਹੇ ਘਰ ਅੱਗੇ ਜਾ ਰੁਕੀ। ਘਰ ਦੇ ਅੰਦਰ ਪੈਰ ਧਰੇ ਤਾਂ ਉਨ੍ਹਾਂ ਵਰਗੇ ਹੋਰ ਕਈ ਮੁੰਡੇ ਪਹਿਲਾਂ ਤੋਂ ਹੀ ਉੱਥੇ ਮੌਜੂਦ ਸਨ।
ਅਸਲ ਵਿੱਚ ਤਾਂ ਇੱਥੋਂ ਸ਼ੁਰੂ ਹੁੰਦਾ ਏ ਬਲਵੀਰ ਦਾ
ਬਿਖੜੇ ਪੈਂਡਿਆਂ ਦਾ ਸਫ਼ਰ।
ਪੂਰਾ ਇੱਕ ਦਿਨ ਬਲਵੀਰ ਨੇ ਇਸ ਇਕੱਠ ਵਿੱਚ ਗੁਜ਼ਾਰਿਆ ਤੇ ਅਗਲੇ ਦਿਨ ਉਨ੍ਹਾਂ ਵਿੱਚੋਂ ਦਸ-ਗਿਆਰਾਂ ਜਣਿਆਂ ਦੀ ਛਾਂਟੀ ਕਰਕੇ ਇੱਕ ਛੋਟੀ ਜਿਹੀ ਟੈਕਸੀ ਵਿੱਚ ਮੁਰਗੀਆਂ ਵਾਂਙੂੰ ਤਾੜਦਿਆਂ ਅਗਲੇਰੇ ਸਫ਼ਰ ਲਈ ਰਵਾਨਾ ਕਰ ਦਿੱਤਾ।
ਟੈਕਸੀ ਦਾ ਸਿਆਹਫਾਮ ਡਰਾਈਵਰ ਹਵਾ ਨੂੰ ਗੰਢਾਂ ਦਿੰਦਾ ਜਾਂਦਾ ਸੀ। ਪੂਰੀ ਦਿਹਾੜੀ ਵਿੱਚ ਉਹਨੇ ਕੇਵਲ ਦੋ ਵਾਰ
ਟੈਕਸੀ ਰੋਕੀ। ਟੈਕਸੀ ਰੁਕੀ ਤੋਂ ਉਹ ਪਿਸ਼ਾਬ ਕਰਨ ਬਹਾਨੇ ਖੁੱਲ੍ਹੀ ਹਵਾ ਲੈ ਲੈਂਦੇ। ਏਸ ਜੋਖ਼ਮ ਭਰੇ ਸਫ਼ਰ ਵਿੱਚ ਉਨ੍ਹਾਂ ਨੇ ਦੋ ਵਾਰ ਹੀ ਚੱਜ ਨਾਲ ਸਾਹ ਲਿਆ। ਪੂਰੇ 14-15 ਘੰਟਿਆਂ ਬਾਅਦ ਇਹ ਕਿਸੇ ਹੋਰ ਬੰਦੇ ਦੇ ਹਵਾਲੇ ਕੀਤੇ ਗਏ ਤਾਂ ਮਸਾਂ ਕਿਤੇ ਜਾ ਕੇ ਸੁਖ ਦਾ ਸਾਹ ਆਇਆ।
ਨਵੇਂ ਡੌਂਕਰ ਕੋਲ ਪੰਜ-ਸੱਤ ਘੰਟੇ ਆਰਾਮ ਕਰਨ ਮਗਰੋਂ ਫਿਰ ਉਹੀ ਟੈਕਸੀ ਸਫ਼ਰ ਸ਼ੁਰੂ। ਇਉਂ ਕਦੇ ਟੈਕਸੀ ਰਾਹੀਂ, ਕਦੇ ਤੁਰ ਕੇ ਤੇ ਕਦੇ ਬੱਸ ਰਾਹੀਂ ਸਫ਼ਰ ਕਰਦਿਆਂ ਉਹ ਛੇਵੇਂ ਦਿਨ ਇੱਕ ਸਮੁੰਦਰ ਕੰਢੇ ਜਾ ਅੱਪੜੇ। ਉਸੇ ਸਮੁੰਦਰ ਕਿਨਾਰੇ; ਜਿੱਥੇ ਆਏ ਦਿਨ ਮੌਤ ਰਾਣੀ ਛਾਂਟ-ਛਾਂਟ ਕੇ ਆਪਣੇ ਪਸੰਦੀਦੇ ਸ਼ਿਕਾਰਾਂ ਨੂੰ ਕਲਾਵੇ ਭਰਦੀ ਹੈ।
ਇਹ ਸਮੁੰਦਰ ਉਨ੍ਹਾਂ ਕਿਸ਼ਤੀ ਰਾਹੀ ਪਾਰ ਕਰਨਾ ਸੀ। ਉਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਲੋਕ ਸਨ; ਜੋ ਉਨ੍ਹਾਂ ਵਾਂਙ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦੇ ਸਫ਼ਰ ’ਤੇ ਨਿਕਲੇ ਹੋਏ ਸਨ। ਘੁਸਮੁਸਾ ਜਿਹਾ ਹੁੰਦਿਆਂ ਸਮੁੰਦਰ ਤੇ ਆਕਾਸ਼ ਇੱਕ ਦੂਜੇ ਵਿੱਚ ਸਮਾਉਣ ਲੱਗੇ ਤਾਂ ਡੌਂਕਰਾਂ ਨੇ ਉਨ੍ਹਾਂ ਨੂੰ ਕਿਸ਼ਤੀ ’ਤੇ ਚੜ੍ਹਾਉਣਾ ਸ਼ੁਰੂ ਕੀਤਾ। ਮੌਤ ਦਾ ਮੂੰਹ ਅੱਡਿਆ ਵੇਖ, ਥਰ-ਥਰ ਕੰਬਦੇ ਬਲਵੀਰ ਨੇ ਕਿਸ਼ਤੀ ਵਿੱਚ ਸਵਾਰ ਹੁੰਦਿਆਂ, ਦਿਲ ਨੂੰ ਢਾਰਸ ਦੇਣ ਲਈ, ਆਪਣੇ ਹਮਸਫ਼ਰਾਂ ’ਤੇ ਵਿੰਨ੍ਹਵੀਂ ਨਜ਼ਰ ਸੁੱਟੀ। ਆਦਮੀਆਂ ਦੇ ਨਾਲ-ਨਾਲ ਛੇ-ਸੱਤ ਔਰਤਾਂ ਨੂੰ ਕਿਸ਼ਤੀ ਵਿੱਚ ਸਵਾਰ ਦੇਖ ਕੇ ਉਹਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਚਿਹਰੇ-ਮੁਹਰੇ ਵੇਖਦਿਆਂ ਉਹਨੂੰ ਚਾਰ-ਪੰਜ ਜਣੇ ਭਾਰਤੀ ਲੱਗੇ।
ਠਾਠਾਂ ਮਾਰਦੇ ਵਿਸ਼ਾਲ ਸਮੁੰਦਰ ਵਿੱਚ ਨਿੱਕੀ ਜਿਹੀ ਕਿਸ਼ਤੀ ਸਾਰੀ ਰਾਤ ਕਿਸੇ ਅਣਜਾਣੀ ਦਿਸ਼ਾ ਵੱਲ ਠਿੱਲ੍ਹਦੀ ਰਹੀ। ਪੈਰ-ਪੈਰ ’ਤੇ ਉਨ੍ਹਾਂ ਨੂੰ ਇਉਂ ਜਾਪਦਾ ਜਿਵੇਂ ਉਹ ਮੌਤ ਦੇ ਜਬਾੜਿਆਂ ਨੂੰ ਹੱਥ ਲਾ ਕੇ ਮੁੜਦੇ ਹੋਣ। ਅੱਠ-ਨੌਂ ਘੰਟਿਆਂ ਦੇ ਸਫ਼ਰ ਮਗਰੋਂ ਕਿਨਾਰਾ ਨਸੀਬ ਹੋਇਆ ਤਾਂ ਸਭ ਨੂੰ ਡੰਗਰਾਂ ਵਾਂਙੂੰ ਧੱਕੇ ਮਾਰਦਿਆਂ ਕਿਸ਼ਤੀ ਤੋਂ ਥੱਲੇ ਸੁੱਟ ਦਿੱਤਾ ਗਿਆ। ਵੇਂਹਦਿਆਂ-ਵੇਂਹਦਿਆਂ ਕਿਸ਼ਤੀ ਫਿਰ ਉਸੇ ਹਨੇਰੇ ਵਿੱਚ ਲੋਪ ਹੋ ਗਈ। ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗ ਰਿਹਾ ਕਿ ਅਗਾਂਹ ਕਿੱਧਰ ਨੂੰ ਜਾਣਾ ਹੈ। ਸਾਰੇ ਜਣੇ ਇੱਕ ਨਿੱਕੀ ਜਿਹੀ ਪਹਾੜੀ ਦੇ ਪੈਰਾਂ ਵਿੱਚ ਬੈਠ ਕੇ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗੇ।
ਧੰਮੀ ਵੇਲੇ ਇੱਕ ਕਿਸ਼ਤੀ ਹੋਰ ਆਈ; ਉਹਦੇ ਸਵਾਰਾਂ ਨਾਲ ਵੀ ਉਹੀ ਸਲੂਕ ਹੋਇਆ। ਜਦ ਉਹ ਵੀ ਉਨ੍ਹਾਂ ਵੱਲ ਨੂੰ ਤੁਰੇ ਆ ਰਹੇ ਸਨ ਤਾਂ ਬਲਵੀਰ ਨੂੰ ਇਨ੍ਹਾਂ ਵਿੱਚ ਕਾਫ਼ੀ ਲੋਕ ਭਾਰਤੀ ਲੱਗੇ। ਇੱਕ ਇੱਕ ਤੇ ਦੋ ਗਿਆਰਾਂ ਵਾਂਙ ਦੋ ਟੋਲੀਆਂ ਦੇ ਆਪੋ ਵਿੱਚ ਮਿਲ ਜਾਣ ’ਤੇ ਸਭ ਦੇ ਹੌਸਲੇ ਦੂਣੇ ਹੋ ਗਏ। ਹੁਣ ਉਨ੍ਹਾਂ ਦੀ ਟੋਲੀ 50-60 ਜਣਿਆਂ ਦੀ ਬਣ ਗਈ ਸੀ।
ਸਵੇਰ ਦਾ ਸੂਰਜ ਚੜ੍ਹਦਿਆਂ ਦੋ ਡੌਂਕਰ ਉਨ੍ਹਾਂ ਨੂੰ ਲੈਣ ਆਏ ਤੇ ਉਹ ਸਭ ਡੌਂਕਰਾਂ ਦੀ ਅਗਵਾਈ ਹੇਠ ਉੱਚੀਆਂ-ਨੀਵੀਂਆਂ ਪਹਾੜੀਆਂ ਦੇ ਜੰਗਲੀ ਰਸਤੇ ’ਤੇ ਅੱਗੇ ਨੂੰ ਵਧਣ ਲੱਗੇ। ਡੌਂਕਰਾਂ ਦੇ ਹੱਥਾਂ ਵਿੱਚ ਤੂਤ ਦੀਆਂ ਛਿਟੀਆਂ ਵਰਗੀਆਂ ਪਤਲੀਆਂ-ਪਤਲੀਆਂ ਛਮਕਾਂ ਵੇਖ ਇਉਂ ਲੱਗਦਾ ਸੀ ਜਿਵੇਂ ਉਹ ਬੰਦਿਆਂ ਨੂੰ ਨਹੀਂ ਸਗੋਂ ਪਸ਼ੂਆਂ ਨੂੰ ਹੱਕ ਕੇ ਲਿਜਾ ਰਹੇ ਹੋਣ। ਜੇਕਰ ਕੋਈ ਥੱਕਿਆ-ਟੁੱਟਿਆ ਪੈਰ ਜਿਹੇ ਘੜੀਸਦਾ ਤਾਂ ਡੌਂਕਰ ਉਹਨੂੰ ਗਾਲ੍ਹਾਂ ਕੱਢਦੇ, ਕੁੱਟਦੇ-ਮਾਰਦੇ ਤੇਜ਼ ਤੁਰਨ ਲਈ ਮਜਬੂਰ ਕਰਦੇ। ਫੇਰ ਵੀ ਕੋਈ ਧੀਮੀ ਚਾਲ ਚੱਲਦਾ ਤਾਂ ਉਹਨੂੰ ਉੱਥੇ ਹੀ ਰੁਲਦਾ ਛੱਡ ਜਾਣ ਦੀਆਂ ਧਮਕੀਆਂ ਦਿੰਦੇ।
ਕਿੰਨੇ ਹੀ ਦਿਨ ਹੋ ਗਏ ਸਨ ਉਨ੍ਹਾਂ ਨੂੰ ਇਉਂ ਖੱਜਲ-ਖੁਆਰ ਹੁੰਦਿਆਂ ਪਰ ਪਹੁੰਚੇ ਉਹ ਹਾਲੇ ਅੱਧ ਤੀਕ ਵੀ ਨਹੀਂ ਸਨ। ਦਿਨਾਂ ਦੇ ਬੀਤਣ ਨਾਲ ਸਭ ਨੂੰ ਇਨ੍ਹਾਂ ਉੱਭੜ-ਖਾਭੜ ਰਾਹਾਂ ਤੋਂ ਕਚਿਆਣ ਜਿਹੀ ਆਉਣ ਲੱਗ ਗਈ ਸੀ। 50-60 ਜਣਿਆਂ ਦੀ ਟੋਲੀ ਹੋਣ ਦੇ ਬਾਵਜੂਦ ਹਰ ਕੋਈ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ। ਸਾਰਿਆਂ ਕੋਲ ਬੇਲੋੜੀਆਂ ਜਿਹੀਆਂ ਵਸਤੂਆਂ ਨਾਲ ਭਰੇ; ਭਾਰੇ-ਭਾਰੇ ਬੈਗ। ਕਈਆਂ ਨੇ ਤਾਂ ਰਸਤੇ ਦੀ ਕਠਿਨਾਈ ਵੇਂਹਦਿਆਂ, ਆਪਣੇ ਬੈਗਾਂ ਵਿੱਚੋਂ ਕਈ ਕੁਝ ਬਾਹਰ ਸੁੱਟ ਹੌਲੇ ਕਰ ਲਏ ਸਨ। ਖਾਣ-ਪੀਣ ਦਾ ਸਾਮਾਨ ਦਿਨੋ-ਦਿਨ ਮੁੱਕਦਾ ਜਾਂਦਾ ਸੀ। ਪਾਣੀ ਪੀਣ ਨੂੰ ਤਰਸਦੇ ਕਿਸੇ ਨੌਜਵਾਨ ਨੇ ਦੂਜੇ ਤੋਂ ਪਾਣੀ ਮੰਗਣਾ ਤਾਂ ਅਗਲੇ ਨੇ ਆਪਣੇ ਕੋਲ ਵੀ ਲੋੜ ਜੋਗਾ ਹੀ ਪਾਣੀ ਹੋਣ ਕਰਕੇ ਜਵਾਬ ਦੇ ਦੇਣਾ। ਇਨਸਾਨੀਅਤ ਜਿਵੇਂ ਮਰ ਹੀ ਗਈ ਸੀ। ਅਜਿਹੀ ਸਥਿਤੀ ਵਿੱਚ ਮਹਿਸੂਸ ਹੁੰਦਾ ਸੀ ਕਿ ਸੱਚਮੁੱਚ ਹੀ ਇਸ ਜੱਗ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੈ।
ਮੌਤ ਦੀਆਂ ਰਾਹਾਂ ’ਤੇ ਤੁਰਦੇ ਬਲਵੀਰ ਨੂੰ ਕਦੇ ਵਿਹਲ ਮਿਲਦੀ ਤਾਂ ਉਹ ਘਰੇ ਫੋਨ ਲਾ ਲੈਂਦਾ। ਜੀਓ-ਜੀਅ ਉਹਦੀ ਆਵਾਜ਼ ਨੂੰ ਤਰਸਿਆ ਪਿਆ ਹੁੰਦਾ। ਉਹਦੀ ਮਰਨਊ ਜਿਹੀ ਆਵਾਜ਼ ਹਰੇਕ ਦੇ ਕਾਲਜੇ ਦਾ ਰੁੱਗ ਭਰਕੇ ਲੈ ਜਾਂਦੀ। ਜਿਸ ਦਿਨ ਫੋਨ ਨਾ ਆਉਂਦਾ, ਪਰਿਵਾਰ ਨੂੰ ਚਿੰਤਾ ਬਘਿਆੜੀ ਵੱਢ-ਵੱਢ ਖਾਣ ਲੱਗਦੀ। ਜਿਵੇਂ-ਜਿਵੇਂ ਦਿਨ ਲੰਘਦੇ ਜਾ ਰਹੇ ਸਨ ਤਿਵੇਂ-ਤਿਵੇਂ ਫੋਨ ਆਉਣੋਂ ਘਟਦਾ ਜਾ ਰਿਹਾ ਸੀ; ਫ਼ਲਸਰੂਪ ਜਸਨੂਰ ਦਾ ਦਿਲ ਵੀ ਘਟਦਾ ਚਲਾ ਜਾਂਦਾ। ਉਹਨੂੰ ਕਿਤਾਬਾਂ ਵਿੱਚ ਪੜ੍ਹੇ, ਡੰਕੀ ਦੇ ਖ਼ਤਰੇ ਯਾਦ ਆਉਂਦੇ। ਅੰਦਰੋਂ ਸੂਲ ਉੱਠਦਾ।
ਓਧਰ ਬਲਵੀਰ ਲਈ ਰੋਜ਼ ਫੋਨ ਲਾਉਣਾ ਸੰਭਵ ਨਹੀਂ ਸੀ। ਫੋਨ ਲਾਉਣਾ ਤਾਂ ਦੂਰ; ਡੌਂਕਰਾਂ ਦੀਆਂ ਗੱਡੀਆਂ ਜਾਂ ਘਰਾਂ ਤੋਂ ਫੋਨ ਚਾਰਜ ਕਰਨੇ ਹੀ ਚੁਣੌਤੀ ਭਰਿਆ ਕਾਰਜ ਸੀ। ਸਾਰਾ-ਸਾਰਾ ਦਿਨ ਜੰਗਲਾਂ ਵਿੱਚ ਤੁਰਨਾ। ਬੂਟਾਂ ਵਿੱਚ ਕਸੇ ਪੈਰ ਪਾਟਣ ’ਤੇ ਆ ਜਾਣੇ। ਜਦ ਬੂਟ ਉਤਾਰਨੇ ਤਾਂ ਪੈਰਾਂ ਵਿੱਚੋਂ ਸੜਿਹਾਂਦ ਮਾਰਨੀ। ਹਰ ਦੂਜੇ-ਤੀਜੇ ਦਿਨ ਨਵੇਂ ਡੌਂਕਰਾਂ ਨਾਲ ਵਾਹ ਪੈਣਾ। ਕਿਸੇ ਡੌਂਕਰ ਨੇ ਉਨ੍ਹਾਂ ਦੀ ਟੋਲੀ ਨੂੰ ਆਪਣੇ ਘਰ ਠਹਿਰਾਉਣਾ, ਕਿਸੇ ਨੇ ਕਿਸੇ ਕੈਂਪ ਵੱਲ ਮੋੜ ਦੇਣੇ। ਕਿਤੇ ਡੌਂਕਰਾਂ ਨੇ ਹੀ ਉਨ੍ਹਾਂ ਦੀ ਲੁੱਟ-ਖੋਹ ਕਰਨ ਲੱਗ ਜਾਣਾ। ਇੱਕ ਵੇਲਾ ਤਾਂ ਅਜਿਹਾ ਵੀ ਆਇਆ ਜਿੱਥੇ ਡੌਂਕਰਾਂ ਨੇ ਉਨ੍ਹਾਂ ਦੀ ਟੋਲੀ ਨੂੰ ਲੁੱਟ ਕੇ ਕੇਵਲ ਨਿੱਕਰ-ਬਨੈਣ ਵਿੱਚ ਅੱਗੇ ਭੇਜਿਆ। ਅਜਿਹੇ ਸਮਿਆਂ ਵਿੱਚ ਅੱਗੇ ਮਿਲੇ ਡੌਂਕਰਾਂ ਦੀ ਮੱਦਦ ਨਾਲ ਉਹ ਘਰ ਸੰਪਰਕ ਕਰਦੇ ਤੇ ਪੈਸੇ ਮੰਗਵਾਉਂਦੇ। ਇਉਂ ਬਲਵੀਰ ਦੇ ਪੱਚੀ ਲੱਖ ਤੋਂ ਬਿਨਾਂ ਚਾਰ-ਪੰਜ ਲੱਖ ਰੁਪਏ ਹੋਰ ਵੀ ਖਰਚੇ ਗਏ।
ਇੱਕੋ ਕਾਰਜ ਨੂੰ ਫ਼ਤਹਿ ਕਰਨ ਗਿਆਂ ਵਾਂਙ ਇੱਕੋ ਰਾਹ ਦੇ ਪਾਂਧੀਆਂ ਵਿੱਚ ਮਿੱਤਰਤਾ ਉਪਜਣੀ ਸੁਭਾਵਿਕ ਹੈ। ਉਹਦੀ ਟੋਲੀ ਵਿਚਲੇ ਭਾਰਤੀਆਂ ਵਿੱਚੋਂ ਉਹ ਚਾਰ-ਪੰਜ ਜਣੇ ਦੋਸਤੀ ਦੇ ਧਾਗੇ ’ਚ ਪਰੋਏ ਗਏ। ਇਨ੍ਹਾਂ ਵਿੱਚੋਂ ਭੰਡਾਲ ਤੇ ਸੋਢੀ ਤਾਂ ਉਸ ਨਾਲ ਮੂਲੋਂ ਹੀ ਘਿਉ-ਖਿਚੜੀ ਹੋ ਗਏ।
‘‘ਕਿਉਂ ਬਾਈਓ! ਜੇ ਭਲਾ ਆਪਣੇ ’ਚੋਂ ਕੋਈ ਰਾਹ ਵਿੱਚ ਈ ਖੁਰਦ-ਬੁਰਦ ਹੋ’ਜੇ ਤਾਂ ਦੂਜੇ ਉਹਦੇ ਘਰੇ ਤਾਂ ਦੱਸ ਦੇਣਗੇ ਕਿ ਨਹੀਂ!’’ ਕਦੇ-ਕਦੇ ਬਲਵੀਰ ਨੇ ਆਪਣੇ ਨਾਲ ਦਿਆਂ ਨੂੰ ਆਖਣਾ।
‘‘ਓ ਕੋਈ ਨਾ, ਇਉਂ ਨਹੀਂ ਕੁਝ ਹੋਣ ਲੱਗਾ। ਸਾਰੇ ਆਪਣੇ ਵਰਗੇ ਈ ਐ। ਨਾਲੇ ਅੱਗੇ ਕਿਹੜਾ ਲੋਕ ਇਨ੍ਹਾਂ ਰਾਹਾਂ ’ਤੇ ਗਏ ਨ੍ਹੀਂ।’’ ਸੋਢੀ ਨੇ ਹੌਸਲਾ ਦੇਣਾ।
ਹੱਥੀਂ ਬੀਜੇ ਕੰਡਿਆਂ ’ਤੇ ਤੁਰਦੇ ਬਲਵੀਰ ਨੂੰ ਆਪਣੀ ਸਿਹਤ ਦਿਨੋ-ਦਿਨ ਨਿੱਘਰਦੀ ਜਾਂਦੀ ਲੱਗੀ। ਇਹ ਸੋਢੀ ਤੇ ਭੰਡਾਲ ਹੀ ਸਨ, ਜਿਨ੍ਹਾਂ ਨੇ ਦੋਸਤੀ ਦੀ ਮਿਸਾਲ ਕਾਇਮ ਕਰਦਿਆਂ ਕਿਸੇ ਹਾਲ ’ਚ ਵੀ ਉਹਦੀ ਬਾਂਹ ਨਾ ਛੱਡੀ; ਬੇਸ਼ੱਕ ਇਸ ਬਦਲੇ ਕਈ ਵਾਰ ਉਨ੍ਹਾਂ ਨੂੰ ਆਪਣੀ ਜਾਨ ਵੀ ਖ਼ਤਰੇ ’ਚ ਪਾਉਣੀ ਪਈ। ਕਈ ਵਾਰ ਲਗਾਤਾਰ ਦੋ-ਦੋ ਦਿਨ ਭੁੱਖਣ ਭਾਣੇ ਰਹਿਣਾ ਪੈਂਦਾ। ਕਿਸੇ-ਕਿਸੇ ਕੈਂਪ ਵਿੱਚ ਪਹੁੰਚ ਕੇ ਖਾਣ-ਪੀਣ ਹੋ ਜਾਂਦਾ ਤਾਂ ਕਾਲਜੇ ਧਾਫ਼ੜੇ ਜਾਂਦੇ। ਕਿਤੇ-ਕਿਤੇ ਹੋਰ ਕੱਪੜੇ ਵੀ ਨਸੀਬ ਹੋ ਜਾਂਦੇ। ਢਾਈ-ਤਿੰਨ ਮਹੀਨੇ ਤੰਗੀਆਂ-ਤੁਰਸ਼ੀਆਂ ਝੱਲਦੇ ਉਹ ਪਨਾਮਾ, ਕੋਸਟਾਰੀਕਾ, ਨਿਕਰਾਗੂਆ ਤੋਂ ਹੁੰਦੇ ਹੋਏ ਗੁਆਟੇਮਾਲਾ ਦਾ ਬਾਰਡਰ ਟੱਪ ਮੈਕਸਿਕੋ ਪੁੱਜ ਗਏ। ਮੈਕਸਿਕੋ ਦੇ ਤਾਪਾਚੁਲਾ ਕੈਂਪ ਵਿੱਚ ਦੋ ਡੰਗ ਦਾ ਅੰਨ ਤਾਂ ਨਸੀਬ ਹੋ ਜਾਂਦਾ, ਪ੍ਰੰਤੂ ਇਹਦੇ ਲਈ ਲਗਾਤਾਰ ਦੋ-ਦੋ ਘੰਟੇ ਕਤਾਰ ਵਿੱਚ ਲੱਗਣਾ ਪੈਂਦਾ ਸੀ; ਮਾਨੋ ਰੋਟੀ ਖਾਣ ਲਈ ਇੱਕ ਲੰਮਾ ਯੁੱਧ ਲੜਨਾ ਪੈਂਦਾ। ਕਈ ਵਾਰ ਕਤਾਰ ਵਿੱਚ ਲੱਗੇ ਨੌਜਵਾਨਾਂ ਨੇ ਥੱਪੜੋ-ਥੱਪੜੀ ਹੋ ਜਾਣਾ। ਇਹ ਸਭ ਰੰਗ-ਢੰਗ ਵੇਖ ਕੇ ਇਉਂ ਲੱਗਦਾ ਜਿਵੇਂ ਇਹ ਕਤਾਰ ਬੰਦਿਆਂ ਦੀ ਨਾ ਹੋ ਕੇ ਜਾਨਵਰਾਂ ਦੀ ਹੋਵੇ।
ਵੀਹ-ਬਾਈ ਦਿਨ ਤਾਪਾਚੁਲਾ ਦੇ ਕੈਂਪ ਵਿੱਚ ਗੁਜ਼ਾਰਨ ਮਗਰੋਂ ਉਨ੍ਹਾਂ ਤਾਪਾਚੁਲਾ ਤੋਂ ਮੈਕਸਿਕੋ ਸਿਟੀ ਤੇ ਉੱਥੋਂ ਮੈਕਸੀਕੈਲੀ ਸ਼ਹਿਰ ਤੱਕ, ਢਾਈ-ਤਿੰਨ ਹਜ਼ਾਰ ਕਿਲੋਮੀਟਰ ਦਾ ਦੁਸ਼ਵਾਰੀਆਂ ਭਰਿਆ ਸਫ਼ਰ ਨੇਪਰੇ ਚਾੜ੍ਹਿਆ। ਹਰ ਪੜਾਅ ਦੀ ਤਰ੍ਹਾਂ ਮੈਕਸੀਕੈਲੀ ਤੋਂ ਵੀ ਉਨ੍ਹਾਂ ਨੂੰ ਨਵੇਂ ਡੌਂਕਰ ਮਿਲੇ ਤੇ ਉਨ੍ਹਾਂ ਦੀਆਂ ਤਸਵੀਰਾਂ ਦਿਖਾਉਂਦਿਆਂ, ਆਪਣੀ ਕਾਰ ਵਿੱਚ ਬਿਠਾਉਣ ਲੱਗੇ। ਵਰੋਲਾ ਬਣੀ ਕਾਰ ਨੂੰ ਇੱਕ ਛੋਟੇ ਜਿਹੇ ਘਰ ਵਿੱਚ ਲਿਜਾਂਦਿਆਂ, ਦੂਜੇ ਡੌਂਕਰਾਂ ਵਾਂਙ ਇਨ੍ਹਾਂ ਵੀ ਰਿਵਾਲਵਰ-ਰਾਈਫਲਾਂ ਦਿਖਾਈਆਂ ਤੇ ਇੱਕੋ ਮਿੰਟ ਵਿੱਚ ਲੁੱਟ-ਖੋਹ ਕਰਕੇ ਅਗਾਂਹ ਵੱਲ ਚਾਲੇ ਪੁਆ ਦਿੱਤੇ।
ਮੈਕਸੀਕੈਲੀ ਸਿਟੀ ਵਿੱਚ ਤਕਰੀਬਨ ਤੀਹ-ਪੈਂਤੀ ਮਿੰਟ ਕਾਰ ਸ਼ੂਕਦੀ ਰਹੀ। ਉਸੇ ਸੜਕ ਦੇ ਨਾਲ-ਨਾਲ 15-20 ਫੁੱਟ ਉੱਚੀ ਕੰਧ ਨਜ਼ਰ ਆਉਂਦੀ ਸੀ। ਇਸੇ ਕੰਧ ਦੇ ਦੂਜੇ ਪਾਸੇ ਅਮਰੀਕਾ ਸੀ। ਸਾਰਿਆਂ ਦੇ ਮਨ ਵਿੱਚ ਇਸ ਕੰਧ ਨੂੰ ਵੇਖਦਿਆਂ ਬਿਜਲੀ ਦੀ ਗਤੀ ਨਾਲ ਵਿਚਾਰ ਦੌੜ ਰਹੇ ਸਨ। ਕਿੰਨੇ ਮਹੀਨਿਆਂ ਤੋਂ ਨਰਕ ਵਰਗਾ ਸਫ਼ਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ਨਸੀਬ ਹੋਣ ਜਾ ਰਿਹਾ ਸੀ। ਦੋ ਕਿਲੋਮੀਟਰ ਕੰਧ ਦੇ ਨਾਲ-ਨਾਲ ਚੱਲਣ ਤੋਂ ਬਾਅਦ ਕਾਰ ਰੁਕੀ।
ਡਰਾਈਵਰ ਨੇ ਇਸ਼ਾਰਾ ਕੀਤਾ, ‘‘ਉਹ ਸਾਹਮਣੇ ਜੋ ਦਰੱਖਤ ਐ, ਉਸ ਨਾਲ ਲਟਕ ਕੇ ਦੀਵਾਰ ’ਤੇ ਚੜ੍ਹੋ ਤੇ ਦੂਜੇ ਪਾਸੇ ਛਾਲ ਮਾਰ ਦਿਉ। ਇਉਂ ਤੁਸੀਂ ਅਮਰੀਕਾ ਵਿੱਚ ਦਾਖਲ ਹੋ ਜਾਵੋਗੇ।’’
ਡਰਾਈਵਰ ਦੀ ਦੱਸੀ ਜੁਗਤ ਨਾਲ ਸਭ ਨੇ ਡਰ-ਡੁੱਕਰ ਦੂਰ ਕਰਦਿਆਂ ਵਾਰੋ-ਵਾਰੀ ਛਾਲਾਂ ਮਾਰ ਦਿੱਤੀਆਂ। ਬਲਵੀਰ ਨੇ ਅਮਰੀਕਾ ਦੀ ਧਰਤੀ ਨਾਲ ਮੱਥਾ ਛੁਹਾਇਆ; ਉਹਦਾ ਅਮਰੀਕਾ ਆਉਣ ਦਾ ਸੁਪਨਾ ਜੁ ਪੂਰਾ ਹੋ ਗਿਆ ਸੀ। ਹਾਲੇ ਉਹ ਛਾਲਾਂ ਮਾਰ ਕੇ ਸੁਰਤ ਸਿਰ ਹੀ ਹੋਏ ਸਨ ਕਿ ਬਾਰਡਰ ਪੈਟਰੋਲਿੰਗ ਦੀ ਗੱਡੀ ਉਨ੍ਹਾਂ ਕੋਲ ਆ ਪਹੁੰਚੀ। ਏਜੰਟਾਂ ਦੇ ਸਮਝਾਏ ਅਨੁਸਾਰ ਸਭ ਨੇ ਹੱਥ ਖੜ੍ਹੇ ਕਰ ਦਿੱਤੇ।
‘‘ਆਰ ਯੂ ਇੰਡੀਅਨ?’’ ਗੋਰੇ ਪੁਲੀਸ ਅਫਸਰ ਦੁਆਰਾ ਪੁੱਛੇ ਇਸ ਸਵਾਲ ਦਾ ਜਵਾਬ ‘ਹਾਂ’ ਵਿੱਚ ਮਿਲਦਿਆਂ; ਉਨ੍ਹਾਂ ਨੇ ਇਕੱਲੇ-ਇਕੱਲੇ ਦਾ ਨਾਂ ਨੋਟ ਕਰ ਕੇ ਗੱਡੀ ਵਿੱਚ ਬਿਠਾ ਲਿਆ।
ਭੰਬੀਰੀਆਂ ਬਣੇ ਗੱਡੀ ਦੇ ਟਾਇਰ ਘੰਟੇ ਕੁ ਮਗਰੋਂ ਇੱਕ ਚੌਂਕੀ ’ਚ ਜਾਮ ਹੋ ਗਏ। ਚੌਂਕੀ ਕਾਹਦੀ? ਇਹ ਤਾਂ ਕਿਸੇ ਤਸੀਹਾ ਕੇਂਦਰ ਤੋਂ ਘੱਟ ਨਹੀਂ ਸੀ। ਬਲਵੀਰ ਹੁਰਾਂ ਦਾ ਸਾਰਾ ਸਾਮਾਨ ਜਮ੍ਹਾਂ ਕਰਵਾਉਂਦਿਆਂ, ਉਨ੍ਹਾਂ ਨੂੰ ਇੱਕ ਠੰਢੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ; ਜਿੱਥੇ ਪਹਿਲਾਂ ਵੀ ਕੁਝ ਆਦਮੀ ਬੰਦ ਸਨ।
ਤਿੰਨ ਦਿਨ ਇਨ੍ਹਾਂ ਤਸੀਹਿਆਂ ਵਿੱਚ ਹੀ ਉਨ੍ਹਾਂ ਦੀ ਪੁੱਛਗਿੱਛ ਹੁੰਦੀ ਰਹੀ। ਚੌਥੇ ਦਿਨ ਦੁਪਹਿਰ ਵੇਲੇ ਸਭ ਨੂੰ ਇੱਕ ਬੱਸ ਵਿੱਚ ਬਿਠਾ ਕੇ ਰਫਿਊਜੀ ਕੈਂਪ ਵੱਲ ਲਿਜਾਇਆ ਗਿਆ। ਬੰਦ ਬੱਸ ਵਿੱਚ ਉਹ ਪੂਰਾ ਸਵਾ ਘੰਟਾ ਘੁਟਣ ਮਹਿਸੂਸ ਕਰਦੇ ਰਹੇ। ਜ਼ਿੰਦਗੀ ਦੇ ਇਹ ਰੰਗ ਉਨ੍ਹਾਂ ਕਦੇ ਸੁਪਨੇ ਵਿੱਚ ਵੀ ਨਹੀਂ ਸਨ ਵੇਖੇ। ਵੀਰਾਨ ਜਿਹੀ ਧਰਤੀ ’ਤੇ ਵੀਰਾਨ ਜਿਹੇ ਲੋਕਾਂ ਵਿੱਚ, ਉਹ ਵੀ ਵੀਰਾਨ ਹੋ ਗਏ। ਆਲੇ-ਦੁਆਲੇ ਚਿੱਟੀ-ਚਿੱਟੀ ਰੇਤ; ਨਿਰਾ ਮਾਰੂਥਲ। ਕਿਤੇ ਵੀ ਕੋਈ ਹਰਾ ਦਰੱਖਤ ਨਹੀਂ ਸੀ ਦਿਸਦਾ।
ਬੱਸ ਤੋਂ ਉਤਾਰਦਿਆਂ ਤਲਾਸ਼ੀਆਂ ਲੈ ਕੇ ਉਨ੍ਹਾਂ ਨੂੰ ਵੱਡੇ ਹਾਲ ਵਿੱਚ ਤਾੜਣਾ ਸ਼ੁਰੂ ਕੀਤਾ। ਛੇ-ਸੱਤ ਘੰਟਿਆਂ ਬਾਅਦ ਸਭ ਨੂੰ ਆਪੋ ਆਪਣਾ ਰਫਿਊਜੀ ਨੰਬਰ ਮਿਲਿਆ ਤੇ ਸੱਤ-ਸੱਤ ਜਣਿਆਂ ਦੇ ਗਰੁੱਪ ਬਣਾ ਕੇ ਬੈਰਕਾਂ ਅਲਾਟ ਕਰ ਦਿੱਤੀਆਂ ਗਈਆਂ। ਇੱਥੇ ਆਣ ਕੇ ਉਹ ਆਪਣੇ ਆਪ ਵਿੱਚ ਖ਼ੁਸ਼ੀ ਮਹਿਸੂਸ ਕਰਨ ਲੱਗੇ। ਏਜੰਟਾਂ ਦੇ ਕਹੇ ਮੁਤਾਬਿਕ ਏਥੇ ਉਨ੍ਹਾਂ ਦੇ ਬਿਆਨ ਹੋਣੇ ਸਨ ਤੇ ਬਿਆਨਾਂ ਤੋਂ ਬਾਅਦ ਬਾਂਡ ਡੇਟ ਲੈ ਕੇ ਉਨ੍ਹਾਂ 20-25 ਦਿਨਾਂ ਵਿੱਚ ਇੱਥੋਂ ਆਜ਼ਾਦ ਹੋ ਕੇ ‘ਪੱਕੇ ਅਮਰੀਕਾ ਵਾਲੇ’ ਬਣ ਜਾਣਾ ਸੀ।
ਇਸੇ ਕੈਂਪ ਵਿੱਚ ਪਹਿਲਾਂ ਤੋਂ ਹੀ ਪੰਜ-ਛੇ ਸੌ ਦੇ ਕਰੀਬ ਲੋਕ ਹੋਰ ਸਨ। ਦੂਜੇ ਦਿਨ ਉਨ੍ਹਾਂ ਲੋਕਾਂ ਨਾਲ ਦੁਆ-ਸਲਾਮ ਹੋਈ ਤਾਂ ਸਭ ਆਪੋ-ਆਪਣੀ ਮਾੜੀ ਕਿਸਮਤ ਨੂੰ ਕੋਸ ਰਹੇ ਸਨ। ਕੋਈ ਦੋ ਮਹੀਨਿਆਂ ਤੋਂ, ਕੋਈ ਛੇ ਮਹੀਨਿਆਂ ਤੋਂ ਤੇ ਕੋਈ-ਕੋਈ ਤਾਂ ਡੇਢ-ਡੇਢ ਸਾਲ ਤੋਂ ਇੱਥੇ ਹੀ ਰਹਿ ਰਿਹਾ ਸੀ। ਉਨ੍ਹਾਂ ਦੀ ਹਾਲਤ ਵੇਖ, ਬਲਵੀਰ ਨੂੰ ਧੁੜਧੁੜੀ ਆਈ। ਉਹ ਕੀ ਜਾਣਦਾ ਸੀ ਕਿ ਉਹਨੂੰ ਵੀ ਏਨਾ ਲੰਮਾ ਸਮਾਂ ਏਥੇ ਰਹਿਣਾ ਪੈ ਸਕਦਾ ਹੈ।
ਉਹਦਾ ਵੀਹ-ਪੱਚੀ ਦਿਨਾਂ ਵਿੱਚ ਬਿਆਨ ਹੋ ਜਾਣ ਵਾਲਾ ਸੁਪਨਾ ਪਾਣੀ ’ਚ ਡਿੱਗੇ ਪਤਾਸੇ ਵਾਂਙ ਖੁਰ ਗਿਆ। ਸਖ਼ਤੀ ਭਰੇ ਏਸ ਮਾਹੌਲ ਵਿੱਚ ਜੀਵਨ ਬਸਰ ਕਰਦਿਆਂ; ਹੱਸਣਾ ਤਾਂ ਜਿਵੇਂ ਉਹ ਭੁੱਲ ਹੀ ਗਿਆ ਹੋਵੇ। ਘਰ ਭਾਵੇਂ ਉਹਦੀ ਗੱਲ ਹੋ ਜਾਂਦੀ ਸੀ ਪਰ ਜ਼ਿਆਦਾ ਗੱਲ ਕਰਨ ਨੂੰ ਉਹਦਾ ਮਨ ਨਾ ਕਰਦਾ। ਸਭ ਨੂੰ ਇੱਥੇ ਬਿਆਨਾਂ ਦੀ ਚਿੰਤਾ ਰਹਿੰਦੀ। ਇੱਥੇ ਰਹਿੰਦਿਆਂ ਉਹਨੇ ਕਈ ਮੁੰਡਿਆਂ ਦੇ ਬਿਆਨ ਫੇਲ੍ਹ ਹੁੰਦੇ ਵੇਖੇ ਸਨ। ਬਿਆਨ ਫੇਲ੍ਹ ਹੋਣ ’ਤੇ ਕੋਈ ਨੌਜਵਾਨ ਫਾਹਾ ਲੈਣ ਦੀ ਕੋਸ਼ਿਸ਼ ਕਰਦਾ, ਕੋਈ ਆਪਣੀ ਨਸ ਕੱਟ ਲੈਂਦਾ, ਕੋਈ ਆਪਣਾ ਦਿਮਾਗ਼ੀ ਸੰਤੁਲਨ ਗੁਆ ਬੈਠਦਾ। ਹਰ ਹਫ਼ਤੇ ਕਈ ਨਵੇਂ ਮੁੰਡੇ ਆ ਜਾਂਦੇ, ਕਈ ਡਿਪੋਰਟ ਕਰ ਦਿੱਤੇ ਜਾਂਦੇ। ਕਿਸੇ ਵਿਰਲੇ-ਵਾਂਝੇ ਦੇ ਬਿਆਨ ਪਾਸ ਹੋ ਜਾਂਦੇ ਤਾਂ ਉਹਤੋਂ 25,000 ਡਾਲਰ ਦੇ ਕਰੀਬ ਬਾਂਡ ਰਕਮ ਭਰਵਾ ਕੇ ਆਜ਼ਾਦ ਕਰ ਦਿੱਤਾ ਜਾਂਦਾ।
ਪੌਣੇ ਕੁ ਤਿੰਨ ਮਹੀਨਿਆਂ ਮਗਰੋਂ ਬਲਵੀਰ ਦੇ ਬਿਆਨਾਂ ਦੀ ਵੀ ਸੈਂਤ ਆ ਗਈ। ਏਨਾ ਚਿਰ ਰੁਲਣ-ਖੁਲਣ ਮਗਰੋਂ ਬਿਆਨ ਹੋਣੇ ਮਹਿਜ਼ ਟਾਸ ਕਰਨ ਲਈ ਹਵਾ ਵਿੱਚ ਸਿੱਕਾ ਉਛਾਲਣ ਦੇ ਬਰਾਬਰ ਹੈ। ਧਰਤੀ ’ਤੇ ਡਿੱਗਦੇ ਸਿੱਕੇ ਦਾ ਕੋਈ ਵੀ ਪਾਸਾ ਉੱਪਰ ਆ ਸਕਦਾ ਏ; ਪਾਸ ਵਾਲਾ ਵੀ ਤੇ ਫੇਲ੍ਹ ਵਾਲਾ ਵੀ। ਬਲਵੀਰ ਆਪਣੇ ਮਨੋਬਲ ਨੂੰ ਠੁੰਮ੍ਹਣਾ ਦੇਂਦਾ ਪਾਸ ਵਾਲਾ ਪਾਸਾ ਉੱਪਰ ਆਉਣ ਬਾਰੇ ਮਨੋ-ਮਨ ਸੋਚਦਾ, ‘ਲੰਮੇ ਸੰਘਰਸ਼ ਬਾਅਦ ਮਿਲੀ ਕਾਮਯਾਬੀ ਦੀ ਖ਼ੁਸ਼ੀ ਦਾ ਰੰਗ ਵੀ ਮਾਣਿਆਂ ਹੀ ਬਣਦਾ ਏ।’ ਆਸਾਂ ਭਰੇ ਮਨ ਨੂੰ ਅਰਦਾਸਾਂ ਨਾਲ ਲਬਰੇਜ਼ ਕਰਦਾ ਬਲਵੀਰ ਬਿਆਨ ਦੇਣ ਗਿਆ।
ਗੱਲ ਉਹੀ ਹੋਈ ਜੀਹਦਾ ਡਰ ਸੀ। ਬਹੁਤਿਆਂ ਵਾਂਙ ਉਹਦੇ ਬਿਆਨ ਵੀ ਡਿਨਾਈ ਕਰ ਦਿੱਤੇ ਗਏ। ਜਿਵੇਂ ਆਂਹਦੇ ਨੇ ਘੱਟ ਉਚਾਈ ਤੋਂ ਡਿੱਗਿਆਂ ਸੱਟ ਵੀ ਘੱਟ ਲੱਗਦੀ ਹੈ, ਪਰ ਸਿਖ਼ਰ ’ਤੇ ਪਹੁੰਚ ਕੇ ਡਿੱਗੇ ਬੰਦੇ ਦਾ ਰਹਿੰਦਾ ਕੱਖ ਨਹੀਂ। ਬਿਆਨਾਂ ਦੇ ਫੇਲ੍ਹ ਹੁੰਦਿਆਂ ਉਹਦੇ ਸਿਰ ਨੂੰ ਘੁਮੇਰ ਚੜ੍ਹ ਗਈ। ਪਤਾ ਨਹੀਂ ਕੀ ਭਾਣਾ ਵਾਪਰ ਜਾਂਦਾ, ਜੇਕਰ ਉਹਦਾ ਵਕੀਲ ਨਵਾਂ ਰਾਹ ਨਾ ਖੋਲ੍ਹਦਾ!
‘‘ਯਾਰ, ਬਿਆਨ ਤਾਂ ਬੜਿਆਂ ਦੇ ਡਿਨਾਈ ਹੋ ਜਾਂਦੇ ਨੇ... ਸੱਚ ਤਾਂ ਇਹ ਐ ਕਿ ਅਮੈਰਿਕਾ ਸਰਕਾਰ ਇਹ ਕੰਮ ਕਰਦੀ ਹੀ ਜਾਣ-ਬੁੱਝ ਕੇ ਐ ਤਾਂ ਜੋ ਹੋਰ ਪੈਸੇ ਬਟੋਰੇ ਜਾ ਸਕਣ। ਐਹੋ ਜਿਹੇ ਬਥੇਰੇ ਕੇਸ ਕੱਢੇ ਐ ਮੈਂ... ਤੂੰ ਚਿੰਤਾ ਨਾ ਕਰ... ਚੁੱਪ ਕਰਕੇ ਅਸਾਈਲਮ ਅਪਲਾਈ ਕਰ।’’ ਵਕੀਲ ਦੀ ਇਸ ਦਲੀਲ ਨੇ ਉਹਦੇ ਅੰਦਰ ਮੱਠੀ ਪੈਂਦੀ ਅੱਗ ਮੁੜ ਮਘਾ ਦਿੱਤੀ।
ਅਸਾਈਲਮ ਅਪਲਾਈ ਕਰਨ ’ਤੇ ਉਹਨੂੰ ਪੂਰੇ ਸਵਾ ਚਾਰ ਮਹੀਨੇ ਬਾਅਦ ਦੀ ਤਾਰੀਖ਼ ਮਿਲੀ। ਜੇਲ੍ਹ ਰੂਪੀ ਕੈਂਪ ਦੇ ਨੀਰਸ ਜਿਹੇ ਦਿਨ ਫਿਰ ਰੀਂਗੇ ਪੈ ਗਏ। ਪਲ-ਪਲ ਉਂਗਲਾਂ ’ਤੇ ਗਿਣਦਿਆਂ ਮਸਾਂ ਕਿਤੇ ਜਾ ਕੇ ਸਵਾ ਚਾਰ ਮਹੀਨੇ ਲੰਘੇ ਤਾਂ ਜੱਜ ਨੇ ਫੇਰ ਕਿਸੇ ਕਾਰਨ ਕਰਕੇ ਉਹਦੀ ਤਾਰੀਖ਼ ਅੱਗੇ ਪਾ ਦਿੱਤੀ। ਤਕਰੀਬਨ ਤਿੰਨ-ਚਾਰ ਮਹੀਨੇ ਹੋਰ ਭੰਗ ਦੇ ਭਾਣੇ ਜਾ ਪਏ। ਅਖ਼ੀਰੀਂ ਉਹਦੀ ਅਸਾਈਲਮ ਦੀ ਤਾਰੀਖ਼ ਭੁਗਤੀ ਤਾਂ ਜੱਜ ਨੇ ਮੁੜ ਬਲਵੀਰ ਦੇ ਬਿਆਨਾਂ ’ਤੇ ਕੋਈ ਯਕੀਨ ਨਾ ਕਰਦਿਆਂ ਅਸਾਈਲਮ ਵੀ ਫੇਲ੍ਹ ਕਰ ਦਿੱਤੀ।
ਬਲਵੀਰ ਦਾ ਵਕੀਲ ਹਾਲੇ ਵੀ ਹਾਰ ਮੰਨਣ ਵਾਲਾ ਨਹੀਂ ਸੀ; ਉਹਨੇ ਬਲਵੀਰ ਦੇ ਹਾਰ ਚੁੱਕੇ ਮਨ ’ਤੇ ਆਪਣੀਆਂ ਗੱਲਾਂ ਦਾ ਜਾਦੂ ਧੂੜਣਾ ਸ਼ੁਰੂ ਕੀਤਾ। ਉਹਦੀਆਂ ਗੱਲਾਂ ਦੇ ਵਹਿਣ ਵਿੱਚ ਵਹਿੰਦੇ ਬਲਵੀਰ ਦੀਆਂ ਅੱਖਾਂ ਮੂਹਰੇ ਪਿਛਲੇ ਸਮੇਂ ਝੱਲੀਆਂ ਦੁਸ਼ਵਾਰੀਆਂ ਘੁੰਮਣ-ਘੇਰੀਆਂ ਪਾਉਣ ਲੱਗੀਆਂ। ਉਹਦੀ ਸੁਰਤ ਪਨਾਮਾ ਦੇ ਜੰਗਲਾਂ ’ਚ ਬਿਤਾਏ ਉਨ੍ਹਾਂ ਦਿਨਾਂ ’ਚ ਚਲੀ ਗਈ, ਜਦ ਉਹਦੀ ਹਾਲਤ ਬਿਲਕੁਲ ਹੀ ਨਾਜ਼ੁਕ ਸਥਿਤੀ ਵਿੱਚ ਪੁੱਜ ਗਈ ਸੀ। ਜਾਨ ਬਚਾਉਣ ਲਈ ਕੀ-ਕੀ ਪਾਪੜ ਵੇਲੇ ਸਨ ਉਹਨੇ! ਯਾਦਾਂ ਦੀ ਪੋਥੀ ਵਿਚਲਾ ਉਹ ਪੰਨਾ ਉਹਦੇ ਮੂਹਰੇ ਜੰਮ ਕੇ ਖੜ੍ਹ ਗਿਆ ਜਦ ਪਾਣੀ-ਪਾਣੀ ਕਰਦੇ ਨੂੰ ਕਿਤੋਂ ਪਾਣੀ ਨਹੀਂ ਸੀ ਮਿਲਿਆ ਤਾਂ ਉਹਨੇ ਸੋਢੀ ਮੂਹਰੇ ਆਪਣਾ ਪੇਸ਼ਾਬ ਪਿਆ ਦੇਣ ਲਈ ਵੀ ਹਾੜੇ ਕੱਢੇ ਸਨ। ਸੋਢੀ ਨੇ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਪੇਸ਼ਾਬ ਨਾਲ ਬਲਵੀਰ ਦੀ ਤ੍ਰੇਹ ਬੁਝਾਈ ਸੀ। ਇਹ ਸਭ ਯਾਦ ਆਉਂਦਿਆਂ ਉਹ ਕਦੇ ਵੀ ਪਿੱਛੇ ਮੁੜਨਾ ਮਨਜ਼ੂਰ ਨਹੀਂ ਸੀ ਕਰ ਸਕਦਾ। ਪਿਉ ਤੋਂ ਪੈਸੇ ਮੰਗਵਾ ਉਹਨੇ ਫਿਰ ਅਪੀਲ ਲਾ ਦਿੱਤੀ।
ਅਪੀਲ ਦੀ ਸੁਣਵਾਈ ਹੁੰਦਿਆਂ ਤਕਰੀਬਨ ਪੰਜ-ਛੇ ਮਹੀਨੇ ਹੋਰ ਗ਼ੁਜ਼ਰ ਗਏ। ਯੁੱਗਾਂ ਵਰਗੇ ਮਹੀਨੇ। ਏਨਾ ਸਮਾਂ ਤੇ ਪੈਸਾ ਪੱਟੇ ਦਾ ਮੁੱਲ ਕੀ ਪਵੇਗਾ? ਬਲਵੀਰ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਫ਼ਿਕਰਾਂ ਦੀ ਢਾਂਗੀ ਨੇ ਉਹਦੀ ਦੇਹ ਨੂੰ ਛਾਂਗਦਿਆਂ ਖੜਸੁੱਕ ਰੁੱਖ ਵਰਗਾ ਕਰ ਦਿੱਤਾ। ਮਸਾਂ ਕਿਤੇ ਜਾ ਕੇ ਸੁਣਵਾਈ ਦੀ ਤਾਰੀਖ਼ ਬਰੂਹੀਂ ਢੁੱਕੀ। ਬਲਵੀਰ ਅਦਾਲਤ ਵਿੱਚ ਪੇਸ਼ ਹੋਇਆ ਤਾਂ ਜੱਜ ਨੇ ਫਿਰ ਦੋ-ਟੁੱਕ ਫ਼ੈਸਲਾ ਦਿੰਦਿਆਂ ਅਪੀਲ ਰੱਦ ਕਰ ਦਿੱਤੀ। ਜਿਵੇਂ ਲੱਖਾਂ ਮਣ ਲੱਕੜਾਂ ਨੂੰ ਅੱਗ ਦੀ ਇੱਕੋ ਚੰਗਿਆੜੀ ਰਾਖ਼ ਕਰ ਦਿੰਦੀ ਹੈ; ਤਿਵੇਂ ਜੱਜ ਦੇ ਦੋ ਬੋਲਾਂ ਨੇ ਉਹਦੀ ਸਾਲਾਂ ਦੀ ਮੁਸ਼ੱਕਤ ਨੂੰ ਰਾਖ਼ ਕਰ ਸੁੱਟਿਆ ਸੀ।
ਜੱਜ ਵਾਂਙ ਬਲਵੀਰ ਵੀ ਹੁਣ ਵਕੀਲ ਦੀ ਕੋਈ ਦਲੀਲ ਸੁਣਨ ਨੂੰ ਤਿਆਰ ਨਹੀਂ ਸੀ। ਉਹਨੂੰ ਇਉਂ ਲੱਗਿਆ ਜਿਵੇਂ ਉਹਦਾ ਵਕੀਲ ਉਸੇ ਤੋਂ ਹੀ ਪੈਸੇ ਬਟੋਰਨ ਦਾ ਮਾਰਾ ਏਸ ਕੇਸ ਨੂੰ ਰੀਂਗੇ ਪਾਈ ਬੈਠਾ ਹੋਵੇ। ਏਜੰਟ ਤੋਂ ਲੈ ਕੇ ਵਕੀਲ ਨੂੰ ਦੇਣ ਤੱਕ ਖ਼ਰਚ ਹੋਏ ਤਕਰੀਬਨ 35 ਲੱਖ ਰੁਪਏ ਦਾ ਝੋਰਾ, ਸ਼ਤੀਰੀ ਨੂੰ ਲੱਗੇ ਘੁਣ ਵਾਂਙ ਉਹਦੇ ਦਿਮਾਗ਼ ਨੂੰ ਖਾਣ ਲੱਗਾ। ਪੈਸਿਆਂ ਦੀ ਪੰਡ ਖੂਹ ਵਿੱਚ ਡਿੱਗ ਪਈ ਜਾਣ ਕੇ ਉਹਦੇ ਖ਼ੂਨ ਦਾ ਵਹਾਅ ਰਫ਼ਤਾਰ ਫੜ ਗਿਆ। ਸੇਕ ਮਾਰਦੇ ਚਿਹਰੇ ਉੱਤੋਂ ਆਸਾਂ-ਉਮੀਦਾਂ ਸਦਾ ਲਈ ਉਡਾਰੀ ਮਾਰਨ ਦੀ ਤਿਆਰੀ ’ਚ ਖੰਭ ਖਿਲਾਰਨ ਲੱਗੀਆਂ। ਤੁਰਨ ਤੋਂ ਜਵਾਬ ਦਿੰਦੇ ਪੈਰਾਂ ਨੂੰ ਉਹ ਪੂਰਾ ਤਾਣ ਲਾ ਕੇ ਅੱਗੇ ਧੂੰਹਦਾ।
ਮਨ ’ਤੇ ਮਣਾਂ-ਮੂੰਹੀਂ ਭਾਰ ਲੱਦੀ ਬੈਰਕ ਵੱਲ ਵਧਦੇ ਬਲਵੀਰ ਦੀ ਨਜ਼ਰ ਦੂਰ ਢਲਦੇ ਸੂਰਜ ’ਤੇ ਪਈ। ਉਹਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਇਹ ਸੂਰਜ ਵਕਤੋਂ ਪਹਿਲਾਂ ਹੀ ਤਿੱਖੜ ਦੁਪਹਿਰ ਵਰਗੀ ਜਵਾਨੀ ਨੂੰ ਆਪਣੇ ਨਾਲ ਅਸਤ ਕਰਨ ’ਤੇ ਤੁਲਿਆ ਹੋਵੇ। ਡਿੱਗਦਾ-ਢਹਿੰਦਾ ਬੈਰਕ ਦੇ ਨੇੜ ਤਾਂ ਪੁੱਜ ਗਿਆ, ਪਰ ਬੈਰਕ ਵਿੱਚ ਪੈਰ ਨਾ ਧਰਿਆ ਗਿਆ। ਬੈਰਕ ਦੇ ਐਨ ਸਾਹਮਣੇ ਪਹੁੰਚਦਿਆਂ ਉਹਦੀਆਂ ਅੱਖਾਂ ਨੇ ਜਿਵੇਂ ਦੁਨੀਆਂ ਵੇਖਣ ਦੀ ਸਮਰੱਥਾ ਗੁਆ ਲਈ ਹੋਵੇ। ਸੁਨਹਿਰੀ ਭਾਹ ਮਾਰਦੇ ਸੂਰਜ ਦਾ ਚਾਨਣ ਘੁੱਪ ਹਨੇਰੇ ਵਿੱਚ ਵਟਣ ਲੱਗਾ। ਭਾਵੀ ਨੇ ਆਪਣਾ ਰੰਗ ਦਿਖਾਇਆ। ਸਰੀਰ ਨੇ ਗੇੜਾ ਜਿਹਾ ਖਾਧਾ। ਲੜਖੜਾਉਂਦੇ ਕਦਮਾਂ ਨੂੰ ਬੋਚਦਿਆਂ ਬੂਹੇ ਦਾ ਸਹਾਰਾ ਲੈਣ ਲੱਗਾ, ਪਰ ਬੂਹਾ ਉਹਤੋਂ ਫੜ੍ਹ ਨਾ ਹੋਇਆ ਤੇ ਇੱਕ ਪਾਸੇ ਨੂੰ ਲੁੜ੍ਹਕਦਿਆਂ ਉਹ ਜੜ੍ਹੋਂ ਉੱਖੜੇ ਰੁੱਖ ਵਾਂਙ ਢੇਰੀ ਹੋ ਗਿਆ।
ਸੰਪਰਕ: 98889-79308

Advertisement
Advertisement

Advertisement
Author Image

Ravneet Kaur

View all posts

Advertisement