ਸਾਹਿਤ ਸਭਾ ਦੀ ਇੱਕਤਰਤਾ ’ਚ ਰਚਨਾਵਾਂ ਦਾ ਦੌਰ
ਖੰਨਾ: ਇਥੋਂ ਦੇ ਏਐੱਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇੱਕਤਰਤਾ ਨਰਿੰਦਰ ਮਣਕੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਭ ਤੋਂ ਪਹਿਲਾਂ ਹਰਜੀਤ ਕੌਰ ਦੀ ਬੇਵਕਤੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਰਚਨਾਵਾਂ ਦੇ ਦੌਰ ਵਿੱਚ ਸੁਖਵਿੰਦਰ ਸਿੰਘ ਬਿੱਟੂ ਨੇ ਖੰਨਾ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਗੀਤ, ਮਨਜੀਤ ਸਿੰਘ ਧੰਜਲ ਨੇ ਗੀਤ, ਅਵਤਾਰ ਸਿੰਘ ਉਟਾਲਾਂ ਨੇ ਪੰਜਾਬ ਦੀਆਂ ਵਿਰਾਸਤਾਂ ਦੀ ਬਾਤ ਪਾਉਂਦਾ ਗੀਤ, ਮਨਦੀਪ ਮਾਣਕੀ ਨੇ ਗੀਤ ਪਹਾੜ ਸਿੰਘ, ਹਰਬੰਸ ਸਿੰਘ ਸ਼ਾਨ ਨੇ ਸਮਾਜਿਕ ਕੁਰੀਤੀਆਂ ਵਿਰੁੱਧ ਅਵਾਜ਼ ਬੁਲੰਦ ਕਰਦਾ ਗੀਤ, ਕਿਰਨਦੀਪ ਸਿੰਘ ਕੁਲਾਰ ਨੇ ਕਿਰਤੀਆਂ ਦੀ ਬਾਤ ਪਾਉਂਦੀ ਗਜ਼ਲ, ਪਰਮਜੀਤ ਸਿੰਘ ਮੁੰਡੀਆਂ ਨੇ ਗੀਤ, ਗੁਰਦੀਪ ਮਹੌਣ ਨੇ ਮਿੰਨੀ ਕਹਾਣੀ, ਕੁਲਵੰਤ ਮਹਿਮੀ ਨੇ ਸ਼ਿਵ ਬਟਾਲਵੀ ਤੇ ਇੰਦਰਜੀਤ ਹਸਨਪੁਰੀ ਦੇ ਗੀਤ ਸੁਣਾਏ। ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਹੋਈ ਬਹਿਸ ਵਿਚ ਅਵਤਾਰ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਦੀਪ ਮਹੌਣ, ਕੁਲਵੰਤ ਸਿੰਘ ਨੇ ਉਸਾਰੂ ਟਿੱਪਣੀਆਂ ਕੀਤੀਆਂ। ਸਭਾ ਦੀ ਕਾਰਵਾਈ ਗੁਰਦੀਪ ਮਹੌਣ ਨੇ ਬਾਖੂਬੀ ਨਿਭਾਈ। -ਨਿੱਜੀ ਪੱਤਰ ਪ੍ਰੇਰਕ