ਸਾਹਿਤਕ ਮੰਚ ਵੱਲੋਂ ਕਵੀ ਦਰਬਾਰ
ਪੱਤਰ ਪ੍ਰੇਰਕ
ਲਹਿਰਾਗਾਗਾ, 13 ਅਪਰੈਲ
ਸਾਹਿਤਕ ਮੰਚ ਲਹਿਰਾਗਾਗਾ ਵੱਲੋਂ ਸਥਾਨਕ ਪੈਨਸ਼ਨਰਜ਼ ਹੋਮ ਵਿੱਚ ਨੌਜਵਾਨ ਸਾਹਿਤਕਾਰ ਡਾ. ਸਚਿਨ ਸ਼ਰਮਾ ਦੇ ਦੂਜੇ ਨਾਵਲ ‘ਬੀ ਜੀ’ ’ਤੇ ਗੋਸ਼ਟੀ ਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਦੌਰਾਨ ਕਵੀ ਦਰਬਾਰ ’ਚ ਇਲਾਕੇ ਦੇ ਲੇਖਕਾਂ ਨੇ ਰਚਨਾਵਾਂ ਪੇਸ਼ ਕੀਤੀਆਂ। ਰਤਨਪਾਲ ਡੂਡੀਆਂ ਨੇ ਨਾਵਲ ’ਤੇ ਪਰਚਾ ਪੜ੍ਹਦਿਆਂ ਕਿਹਾ ਕਿ ਮਲਵਈ ਭਾਸ਼ਾ ’ਚ ਲਿਖੇ ਇਸ ਨਾਵਲ ’ਚ ਮੁਹਾਵਰੇ ਅਤੇ ਲੋਕ ਕਥਨ ਖੂਬਸੂਰਤੀ ਨਾਲ ਇਸਤੇਮਾਲ ਕੀਤੇ ਗਏ ਹਨ। ਇਸ ਉਪਰੰਤ ਡਾ. ਜਗਦੀਸ਼ ਪਾਪੜਾ, ਰਣਜੀਤ ਲਹਿਰਾ, ਧਰਮਾ ਹਰਿਆਊ ਅਤੇ ਧਰਮਿੰਦਰ ਬਾਵਾ ਨੇ ਨਾਵਲ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਡਾ. ਸਚਿਨ ਨੇ ਕਿਹਾ ਕਿ ਉਹ ਜਲਦ ਹੀ ਤੀਸਰਾ ਨਾਵਲ ਪਾਠਕਾਂ ਦੀ ਝੋਲੀ ਪਾਉਣਗੇ। ਉਨ੍ਹਾਂ ਕਿਹਾ ਕਿ ਸਾਹਿਤ ਹੀ ਮਨੁੱਖ ਨੂੰ ਜਿਊਣ ਦਾ ਵਲ ਸਿਖਾਉਂਦਾ ਹੈ। ਇਸ ਉਪਰੰਤ ਕਵੀ ਦਰਬਾਰ ਦੌਰਾਨ ਰਾਜਿੰਦਰ ਚਾਹਿਲ ਜਵਾਹਰਵਾਲਾ, ਜਗਵੀਰ ਸਿੰਘ ਗਾਗਾ, ਬਲਦੇਵ ਸਿੰਘ ਨਿਮਰ, ਧਰਮਾ ਹਰਿਆਊ, ਜਸਵੀਰ ਲਾਡੀ, ਸਤਨਾਮ ਸਿੰਘ ਚੱਕ ਭਾਈਕੇ, ਖ਼ੁਸ਼ਪ੍ਰੀਤ ਹਰੀਗੜ੍ਹ, ਸੁਖਜਿੰਦਰ ਲਾਲੀ, ਧਰਮਿੰਦਰ ਬਾਵਾ, ਜਗਦੀਸ਼ ਪਾਪੜਾ ਤੇ ਰਤਨਪਾਲ ਡੂਡੀਆਂ ਨੇ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆ। ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਲਹਿਰਾਗਾਗਾ ਦੇ ਪ੍ਰਧਾਨ ਜਰਨੈਲ ਸਿੰਘ ਅਤੇ ਵਿੱਤ ਸਕੱਤਰ ਮਾਸਟਰ ਭਗਵਾਨ ਦਾਸ ਨੇ ਹਾਜ਼ਰੀਨ ਨੂੰ ਅੱਗੇ ਤੋਂ ਅਜਿਹੀਆਂ ਗਤੀਵਿਧੀਆਂ ਲਈ ਸਹਿਯੋਗ ਦਾ ਭਰੋਸਾ ਦਿੱਤਾ।