ਹਰਸ਼ਿਵੰਦਰਸਾਮਰਾਜੀ ਮੁਲਕਾਂ ਦੀਆਂ ਪੂੰਜੀਵਾਦੀ ਨੀਤੀਆਂ ਤਹਿਤ ਜਿੱਥੇ ਕੁਦਰਤੀ ਤੇ ਮਨੁੱਖੀ ਸ੍ਰੋਤਾਂ ਦੀ ਲੁੱਟ ਕਰ ਕੇ ਮੁਨਾਫ਼ੇ ਬਟੋਰੇ ਜਾਂਦੇ ਹਨ ਉੱਥੇ ਮਜ਼ਦੂਰਾਂ ਦਾ ਸ਼ੋਸ਼ਣ ਤੇ ਵੱਧ ਮੁਨਾਫ਼ੇ ਬਟੋਰਨ ਲਈ ਨਵੀਨਤਮ ਤਕਨਾਲੋਜੀ ਨੂੰ ਵੀ ਸੰਦ ਵਜੋਂ ਵਰਤਿਆ ਜਾਂਦਾ ਹੈ। ਤਕਨਾਲੋਜੀ, ਉਤਪਾਦਨ ਸ਼ਕਤੀਆਂ ਦਾ ਅੰਗ ਹੈ ਤੇ ਇਸ ਉੱਤੇ ਪੂੰਜੀਪਤੀਆਂ ਦਾ ਕੰਟਰੋਲ ਹੈ। ਪੂੰਜੀਵਾਦ ਅੰਦਰ ਤਕਨਾਲੋਜੀ ਮਨੁੱਖੀ ਭਲਾਈ ਦੀ ਬਜਾਇ ਮੁਨਾਫ਼ਿਆਂ ਵਿੱਚ ਉਚੇਰੇ ਵਾਧੇ ਲਈ ਵਿਕਸਿਤ ਕੀਤੀ ਜਾਂਦੀ ਹੈ। ਆਟੋਮੇਸ਼ਨ ਅਤੇ ਮਸ਼ੀਨੀਕਰਨ ਤਹਿਤ ਨਵੀਆਂ ਤਕਨੀਕੀ ਖੋਜਾਂ ਉਤਪਾਦਨ ਦੇ ਵਾਧੇ ਲਈ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਰੁਜ਼ਗਾਰ ਤੇ ਕਿਰਤ ਹਾਲਤਾਂ ਉੱਤੇ ਮਾਰੂ ਅਸਰ ਪੈਂਦੇ ਹਨ ਤੇ ਮਜ਼ਦੂਰਾਂ ਦੇ ਸ਼ੋਸ਼ਣ ਦਾ ਰਾਹ ਹੋਰ ਪੱਧਰਾ ਹੁੰਦਾ ਹੈ। ਸਾਮਰਾਜੀ ਦੌਰ ਅੰਦਰ ਤਕਨੀਕ ਦੀ ਨਵੀਨਤਾ ਵਿੱਚ ਆਈ ਤੇਜ਼ੀ ਜਿੱਥੇ ਉਤਪਾਦਨ ਵਿੱਚ ਤੇਜ਼ੀ ਲਿਆਉਂਦੀ ਹੈ ਉੱਥੇ ਇਹ ਆਰਥਿਕ, ਵਾਧੂ ਪੈਦਾਵਾਰ ਤੇ ਵਾਤਾਵਰਨ ਸੰਕਟ ਨੂੰ ਵੀ ਜਨਮ ਦਿੰਦੀ ਹੈ। ਨਕਲੀ ਬੁੱਧੀ ਦੇ ਆਧਾਰ ’ਤੇ ਚੀਨ ਦੀ ਡੀਪਸੀਕ ਤੇ ਅਮਰੀਕੀ ਓਪਨ ਏਆਈ ਪੂੰਜੀਵਾਦੀ ਮੁਨਾਫੇ ਵਿੱਚ ਵਾਧੇ ਦੀ ਹੋੜ ਦਾ ਪ੍ਰਗਟਾਵਾ ਹੈ।ਬੀਤੇ ਦਿਨੀਂ ਚੀਨ ਨੇ ਅਛੋਪਲੇ ਜਿਹੇ ਨਕਲੀ ਬੁੱਧੀ ਤਕਨੀਕ ਦੇ ਖੇਤਰ ਵਿੱਚ ਵੱਡਾ ਧਮਾਕਾ ਕਰ ਦਿੱਤਾ ਹੈ। ਡੀਪਸੀਕ ਦੇ ਲਾਂਚ ਹੋਣ ਤੋਂ ਤੁਰੰਤ ਬਾਅਦ ਅਮਰੀਕੀ ਦਿਉਕੱਦ ਕਾਰਪੋਰੇਸ਼ਨਾਂ ਨੂੰ ਵੱਡੀ ਚੁਣੌਤੀ ਪੇਸ਼ ਹੋਈ। ਚੀਨ ਦੁਆਰਾ ਖੜ੍ਹੀ ਕੀਤੀ ਇਸ ਚੁਣੌਤੀ ਨਾਲ ਜਿੱਥੇ ਪਹਿਲਾਂ ਅਮਰੀਕਾ ਨਾਲ ਆਰਥਿਕ ਅਤੇ ਫ਼ੌਜੀ ਸ਼ਕਤੀ ਦੇ ਖੇਤਰ ਵਿੱਚ ਮੁਕਾਬਲਾ ਸੀ, ਉੱਥੇ ਇਸ ਨੇ ਤਕਨੀਕ ਦੇ ਖੇਤਰ ਵਿੱਚ ਵੀ ਅਮਰੀਕਾ ਨੂੰ ਵੱਡਾ ਝਟਕਾ ਦਿੱਤਾ ਹੈ। ਡੀਪਸੀਕ ਦੀ ਆਮਦ ਨਾਲ ਅਮਰੀਕੀ ਸਟਾਕ ਮਾਰਕੀਟ ਇੱਕ ਖਰਬ ਡਾਲਰ ਹੇਠਾਂ ਡਿੱਗ ਗਈ ਤੇ ਸਿਲੀਕਾਨ ਵੈਲੀ ‘ਚ ਬੈਠੇ ਤਕਨੀਕੀ ਪੂੰਜੀਪਤੀਆਂ ’ਚ ਬੇਚੈਨੀ ਫੈਲ ਗਈ। ਡੀਪਸੀਕ ਦਾ ਆਗਾਜ਼ ਇਸ ਲਈ ਵੀ ਅਹਿਮ ਹੈ ਕਿਉਂਕਿ ਪਿਛਲੇ ਸਮੇਂ ਤੋਂ ਅਮਰੀਕਾ, ਚੀਨ ਨੂੰ ਸੁਧਰੀਆਂ ਹੋਈਆਂ ਨਵੀਡਿਆ ਚਿੱਪਾਂ ਦੇਣ ਤੋਂ ਰੋਕ ਲਗਾ ਚੁੱਕਾ ਸੀ ਤੇ ਉੱਨਤ ਸੈਮੀਕੰਡਕਟਰ ਨਿਰਮਾਣ ਉਪਕਰਣਾਂ ‘ਤੇ ਵੀ ਸਖ਼ਤ ਨਿਰਯਾਤ ਰੋਕਾਂ ਲਗਾਈਆਂ ਸਨ। ਇਸ ਦੇ ਬਾਵਜੂਦ, ਘੱਟ ਦਰਜੇ ਦੀਆਂ ਚਿੱਪਾਂ ਨਾਲ ਡੀਪਸੀਕ ਨੇ ਸਸਤੀਆਂ ਲਾਗਤਾਂ ਤੇ ਆਪਣਾ ਨਵੀਨਤਮ ਮਸਨੂਈ ਬੁੱਧੀ ਦਾ ਮਾਡਲ, ‘ਆਰ-ਵੱਨ’ ਬਜ਼ਾਰ ‘ਚ ਉਤਾਰਿਆ ਤਾਂ ਪੂਰੀ ਦੁਨੀਆ ਦੰਗ ਰਹਿ ਗਈ। ਇਸ ਨੇ ਦੁਨੀਆਂ ਦੇ ਦੂਜੇ ਮੁਲਕਾਂ ਦੀ ਅਮਰੀਕੀ ਤਕਨੀਕ ਤੋਂ ਨਿਰਭਰਤਾ ਨੂੰ ਘਟਾ ਦਿੱਤਾ ਤੇ ਅਮਰੀਕਾ ਦੇ ਦਬਦਬੇ ਨੂੰ ਵੰਗਾਰਿਆ। ਉਪਨ ਏਆਈ ਦੇ ਆਗਮਨ ਸਮੇਂ ਅਮਰੀਕੀ ਪੂੰਜੀਪਤੀਆਂ ਦੇ ਲਾਗਤ ਖ਼ਰਚੇ ਘਟੇ ਤੇ ਮੁਨਾਫ਼ੇ ਵਧੇ, ਕਈ ਖੇਤਰਾਂ ‘ਚ ਨੌਕਰੀਆਂ ਖ਼ਤਮ ਹੋਈਆਂ ਤੇ ਸੰਚਾਰ ਸਾਧਨਾਂ ‘ਤੇ ਪੱਛਮੀ ਪਕੜ ਮਜ਼ਬੂਤ ਹੋਈ ਜਿਸ ਨੇ ਅਮਰੀਕਾ ਦੀ ਇਜਾਰੇਦਾਰੀ ਅਤੇ ਮਨਮਾਨੀ ਵਧਾਈ। ਹੁਣ ਡੀਪਸੀਕ ਦੇ ਆਉਣ ਨਾਲ ਤਕਨੀਕੀ ਖੇਤਰ ਵਿੱਚ ਅੰਤਰ-ਸਾਮਰਾਜੀ ਮੁਕਾਬਲਾ ਹੋਰ ਵਧ ਜਾਵੇਗਾ।ਮਸਨੂਈ ਬੁੱਧੀ ਵਿਸ਼ਾਲ ਖੇਤਰ ਹੈ ਜੋ ਮਸ਼ੀਨਾਂ ਅਤੇ ਕੰਪਿਊਟਰਾਂ ਨੂੰ ਬਣਾਉਣ ਲਈ ਵਿਕਸਿਤ ਤਕਨਾਲੋਜੀਆਂ ਦੀ ਵਰਤੋਂ ਨਾਲ ਮਸ਼ੀਨ ਨੂੰ ਮਨੁੱਖੀ ਬੁੱਧੀ ਨਾਲ ਜੁੜੇ ਬੌਧਿਕ ਕਾਰਜਾਂ ਦੀ ਨਕਲ ਕਰਨ ਦੇ ਸਮਰੱਥਾ ਬਣਾਉਂਦੇ ਹਨ, ਜਿਵੇਂ ਬੋਲੀ ਜਾਂ ਲਿਖੀ ਭਾਸ਼ਾ ਨੂੰ ਦੇਖਣ, ਸਮਝਣ ਅਤੇ ਜਵਾਬ ਦੇਣ ਦੇ ਯੋਗ ਹੋਣਾ, ਡਾਟਾ ਦਾ ਵਿਸ਼ਲੇਸ਼ਣ ਕਰਨਾ ਆਦਿ।ਏਆਈ, ਮਸ਼ੀਨ ਲਰਨਿੰਗ ਤਕਨੀਕ ਹੈ ਜੋ ਵੱਡੀ ਪੱਧਰ ਤੇ ਡਾਟਾ ਦਾ ਵਿਸ਼ਲੇਸ਼ਣ ਕਰਨ, ਸੋਝੀ ਤੋਂ ਸਿੱਖਣ ਅਤੇ ਫੈਸਲੇ ਲੈਣ ਲਈ ਐਲਗੋਰਿਦਮ ਦੀ ਵਰਤੋਂ ਕਰਦੀ ਹੈ। ਮਸ਼ੀਨ ਲਰਨਿੰਗ ਐਲਗੋਰਿਦਮ ਨੂੰ ਜਿੰਨਾ ਜ਼ਿਆਦਾ ਡਾਟਾ ਪ੍ਰਦਾਨ ਕੀਤਾ ਜਾਂਦਾ ਹੈ, ਮਾਡਲ ਓਨਾ ਹੀ ਬਿਹਤਰ ਪ੍ਰਦਰਸ਼ਨ ਕਰਦਾ ਹੈ। ਮਸਨੂਈ ਬੁੱਧੀ ਮਸ਼ੀਨ ਜਾਂ ਸਿਸਟਮ ਨੂੰ ਮਨੁੱਖ ਵਾਂਗ ਸਮਝਣ, ਤਰਕ ਕਰਨ, ਕੰਮ ਕਰਨ ਜਾਂ ਅਨੁਕੂਲ ਬਣਾਉਣ ਦੇ ਯੋਗ ਬਣਾਉਣ ਦਾ ਵਿਆਪਕ ਸੰਕਲਪ ਹੈ। ਨਕਲੀ ਬੁੱਧੀ ਦੇ ਮਸ਼ੀਨੀ ਵਿਚਾਰ, ਮਨੁੱਖੀ ਬੁੱਧੀ ਦੀ ਨਕਲ ਕਰਨ ਲਈ ਤਿਆਰ ਕੀਤੇ ਗਏ ਹਨ। ਮਸ਼ੀਨ ਸਿਖਲਾਈ ਤਹਿਤ ਮਸ਼ੀਨ ਨੂੰ ਕਿਸੇ ਖਾਸ ਕੰਮ ਨੂੰ ਕਰਨ ਲਈ ਪੈਟਰਨਾਂ ਦੀ ਪਛਾਣ ਕਰ ਕੇ ਸਹੀ ਨਤੀਜੇ ’ਤੇ ਪਹੁੰਚਣ ਦੇ ਯਤਨ ਕਰਨੇ ਹੁੰਦੇ ਹਨ।ਹੁਣ ਤੱਕ ਏਆਈ ਦੀ ਤਕਨੀਕ ਵਿੱਚ ਅਮਰੀਕਾ ਦੀ ਝੰਡੀ ਰਹੀ ਹੈ ਪਰ ਚੀਨੀ ਏਆਈ ਸਟਾਰਟ-ਅੱਪ ਡੀਪਸੀਕ ਦੀ ਆਮਦ ਨੇ ਇਸਦੇ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਡੀਪਸੀਕ ਦੀ ਸਥਾਪਨਾ ਮਈ 2023 ਵਿੱਚ ਚੀਨੀ ਅਰਬਪਤੀ ਲਿਆਂਗ ਵੇਨਫੇਂਗ ਨੇ ਕੀਤੀ। ਡੀਪਸੀਕ ਦਾ ਪ੍ਰਦਰਸ਼ਨ ਅਮਰੀਕੀ ਕੰਪਨੀਆਂ ਜਿਵੇਂ ਮੈਟਾ ਅਤੇ ਓਪਨ ਏਆਈ ਦੇ ਅਤਿ-ਆਧੁਨਿਕ ਏਆਈ ਮਾਡਲਾਂ ਦਾ ਮੁਕਾਬਲਾ ਕਰਦਾ ਹੈ। ਡੀਪਸੀਕ ਬਾਰੇ ਦਿਲਚਸਪ ਗੱਲ ਇਹ ਹੈ ਕਿ ਇਸ ਮਾਡਲ ਨੂੰ ਬਣਾਉਣ ਦੀ ਲਾਗਤ ਮੇਟਾ ਅਤੇ ਹੋਰ ਮਾਡਲਾਂ ਨੂੰ ਬਣਾਉਣ ਲਈ ਲੋੜੀਂਦੀ ਲਾਗਤ ਦੇ ਮੁਕਾਬਲੇ ਬਹੁਤ ਨਿਗੂਣੀ ਹੈ। ਇਸ ਦੀ ਲਾਗਤ ਮਹਿਜ਼ 6 ਮਿਲੀਅਨ ਡਾਲਰ ਤੋਂ ਘੱਟ ਰਹੀ ਹੈ ਜਦਕਿ ਓਪਨਏਆਈ ਦੁਆਰਾ ਆਪਣੇ ਜੀਪੀਟੀ-4 ਮਾਡਲ 100 ਮਿਲੀਅਨ ਡਾਲਰ ’ਚ ਤਿਆਰ ਹੋਇਆ। ਚੀਨੀ ਏਆਈ ਡੀਪਸੀਕ, ਓਪਨਏਆਈ ਦੇ ਉੱਨਤ ਮਾਡਲਾਂ ਨੂੰ ਚੁਣੌਤੀ ਦਿੰਦਾ ਹੈ। ਡੀਪਸੀਕ ਨੇ ਪੁਰਾਣੇ, ਸਸਤੇ ਐਨਵੀਡੀਆ ਚਿੱਪਾਂ ਦੀ ਵਰਤੋਂ ਕਰ ਕੇ ਇਸ ਨੂੰ ਤਿਆਰ ਕੀਤਾ। ਦੂਜੇ ਪਾਸੇ, ਅਮਰੀਕਾ ਵਿੱਚ ਏਆਈ ਕੰਪਨੀਆਂ ਆਮ ਤੌਰ ’ਤੇ ਸ਼ਕਤੀਸ਼ਾਲੀ, ਮਹਿੰਗੇ ਐਨਵੀਡੀਆ ਚਿੱਪਾਂ ਦੀ ਵਰਤੋਂ ਕਰਦੀਆਂ ਹਨ। ਗੂਗਲ ਪਲੇਅ ਸਟੋਰ ’ਤੇ ਇਸ ਨੂੰ ਪਹਿਲਾਂ 10 ਮਿਲੀਅਨ ਲੋਕਾਂ ਨੇ ਡਾਊਨਲੋਡ ਕੀਤਾ। ਇਸ ਨੇ ਚੀਨ ਨੂੰ ਦੁਨੀਆ ਦੀ ਚੋਟੀ ਦੀ ਆਰਥਿਕ ਅਤੇ ਫੌਜੀ ਸ਼ਕਤੀ ਦੇ ਨਾਲ-ਨਾਲ ਤਕਨੀਕ ਅਤੇ ਏਆਈ ਦੀ ਸੂਚੀ ਦੇ ਸਿਖਰਲੇ ਖਿਡਾਰੀਆਂ ਵਿੱਚ ਸ਼ਾਮਲ ਕਰ ਦਿੱਤਾ ਹੈ। ਅਮਰੀਕਾ ਨੇ ਏਆਰਐੱਮ, ਮਾਈਕ੍ਰੋਸਾਫਟ, ਨੇਵੀਡੀਆ, ਓਰੇਕਲ, ਅਤੇ ਓਪਨਏਆਈ ਵਰਗੇ ਤਕਨਾਲੋਜੀ ਖੇਤਰ ਦੇ ਦਿੱਗਜਾਂ ਨੂੰ ਮਿਲਾ ਕੇ ਸਟਾਰਗੇਟ ਪ੍ਰਾਜੈਕਟ ਨਾਂ ਹੇਠ ਅਗਲੇ ਚਹੁੰ ਵਰ੍ਹਿਆਂ ਲਈ 500 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਨਿਵੇਸ਼ਕ ਚਿੰਤਤ ਹਨ।ਡੀਪਸੀਕ ਦਾ ਉਭਾਰ ਬਹੁ-ਧਰੁਵੀ ਤਕਨੀਕੀ ਸੰਸਾਰ ਵੱਲ ਤਬਦੀਲੀ ਨੂੰ ਤੇਜ਼ ਕਰ ਸਕਦਾ ਹੈ। ਇਹ ਕੌਮਾਂਤਰੀ ਤਕਨੀਕੀ ਨੀਤੀ, ਵਪਾਰਕ ਸਬੰਧਾਂ ਅਤੇ ਤਕਨਾਲੋਜੀ ਖੇਤਰਾਂ ਵਿੱਚ ਵਿਸ਼ਵ ਸ਼ਕਤੀ ਸੰਤੁਲਨ ਨੂੰ ਪ੍ਰਭਾਵਤ ਕਰ ਸਕਦਾ ਹੈ। ਚੀਨ ਤੋਂ ਮਜ਼ਬੂਤ, ਓਪਨ-ਸੋਰਸ ਏਆਈ ਮੁਕਾਬਲੇਬਾਜ਼ ਦੀ ਮੌਜੂਦਗੀ ਏਆਈ ਸ਼ਾਸਨ, ਡੇਟਾ ਰਾਜ਼ਦਾਰੀ ਅਤੇ ਨੈਤਿਕ ਏਆਈ ਵਿਕਾਸ ’ਤੇ ਯੂਐੱਸ-ਅਗਵਾਈ ਵਾਲੇ ਬਿਰਤਾਂਤ ਨੂੰ ਵਿਗਾੜ ਸਕਦੀ ਹੈ।ਭੂ-ਸਿਆਸੀ ਤੌਰ ’ਤੇ ਵਪਾਰਕ ਯੁੱਧ ਅਤੇ ਤਕਨੀਕ ਖੇਤਰ ਦੀ ਮੁਕਾਬਲੇਬਾਜ਼ੀ ਸਾਮਰਾਜੀ ਮੁਲਕਾਂ ਵਿੱਚ ਮੰਡੀ ਦੇ ਵਿਸਤਾਰ ਤੇ ਮਜ਼ਦੂਰਾਂ ਦੇ ਸ਼ੋਸ਼ਣ ਦਾ ਸਾਧਨ ਹੈ। ਜਦੋਂ ਦੀ ਮਸਨੂਈ ਬੁੱਧੀ ਆਈ ਹੈ, ਇਸ ਨੇ ਗਾਹਕ ਸੇਵਾ ਅਤੇ ਸਹਾਇਤਾ ਕੇਂਦਰ, ਸਿਹਤ ਸੰਭਾਲ, ਬੀਮਾ, ਵਿੱਤ, ਨਿਰਮਾਣ, ਪ੍ਰਚੂਨ ਅਤੇ ਈ-ਕਾਮਰਸ, ਸਿੱਖਿਆ, ਆਵਾਜਾਈ ਅਤੇ ਲੌਜਿਸਟਿਕਸ, ਊਰਜਾ ਤੇ ਉਪਯੋਗਤਾਵਾਂ, ਮਨੋਰੰਜਨ ਤੇ ਮੀਡੀਆ ਅਤੇ ਕਾਨੂੰਨੀ ਸਹਾਇਤਾ ਵਰਗੇ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਵਰਲਡ ਇਕਨਾਮਿਕ ਫੋਰਮ ਦੇ ਸਰਵੇਖਣ ਅਨੁਸਾਰ, 41% ਗਲੋਬਲ ਕੰਪਨੀਆਂ ਏਆਈ ਦੇ ਉਭਾਰ ਕਾਰਨ ਅਗਲੇ ਪੰਜ ਸਾਲਾਂ ਵਿੱਚ ਆਪਣੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਉਮੀਦ ਕਰਦੀਆਂ ਹਨ। ਦੂਜੇ ਪਾਸੇ, ਇਸ ਤਕਨੀਕ ਦੇ ਆਸਰੇ ਵੱਡੇ ਪੂੰਜੀਪਤੀਆਂ ਦਾ ਲਾਗਤ ਮੁੱਲ ਘਟ ਰਿਹਾ ਹੈ, ਕਿਰਤ ਸ਼ਕਤੀ ਘੱਟ ਰਹੀ ਹੈ, ਪਰਵਾਸ ਸੰਕਟ ਤਿੱਖਾ ਹੋ ਰਿਹਾ ਹੈ, ਪਰਵਾਸੀਆਂ ਦੇ ਬੇੜੀਆਂ ਪਾਈ ਜਬਰਨ ਘਰ ਵਾਪਸੀ ਕਰਾਈ ਜਾ ਰਹੀ ਹੈ ਪਰ ਮੁਨਾਫ਼ੇ ਸੁਪਰ ਹੋ ਰਹੇ ਹਨ। ਇਸ ਦੇ ਨਾਲ ਹੀ, ਇਹ ਤਕਨਾਲੋਜੀ ਦੇ ਮਾਧਿਅਮ ਨਾਲ ਹਾਕਮ ਜਮਾਤਾਂ ਦੀ ਸੰਚਾਰ ਦੇ ਸਾਧਨਾਂ ਉੱਤੇ ਪਕੜ ਮਜ਼ਬੂਤ ਹੋਈ। ਐਲਨ ਮਸਕ ਦੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਚੋਣਾਂ ‘ਚ ਸ਼ਰੇਆਮ ਸਹਿਯੋਗ, ਮਾਰਕ ਜ਼ੁਕਰਬਰਗ ਦਾ ਟਰੰਪ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਿਲ ਹੋਣਾ, ਵਾਸ਼ਿੰਗਟਨ ਪੋਸਟ ਦਾ ਐਮਾਜ਼ੋਨ ਦੇ ਮਾਲਕਾਂ ਹੱਥੋਂ ਵਿਕ ਜਾਣ ਨੇ ਮੀਡੀਆ ਤੋਂ ਬਾਅਦ ਸ਼ੋਸ਼ਲ ਮੀਡੀਆ ਉੱਤੇ ਵੱਡੀਆਂ ਕੰਪਨੀਆਂ ਦੇ ਕਬਜ਼ੇ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ। ਇਸ ਤਕਨੀਕ ਦੇ ਵਿਕਸਿਤ ਹੋਣ ਨਾਲ ਪੂੰਜੀਪਤੀਆਂ ਦੇ ਮੁਨਾਫ਼ੇ ਦੂਣ-ਸਵਾਏ ਹੋ ਰਹੇ ਹਨ ਪਰ ਲੋਕਾਂ ਦੇ ਪੱਲੇ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਸੰਕਟ ਪੈ ਰਹੇ ਹਨ। ਤਕਨੀਕ ਤੇ ਉਤਪਾਦਨ ਦੇ ਸਾਧਨਾਂ ਉੱਪਰ ਮਾਲਕੀ ਜਦੋਂ ਤੱਕ ਚੰਦ ਘਰਾਣਿਆਂ ਦੀ ਹੈ, ਉਦੋਂ ਤੱਕ ਤਰੱਕੀ ਧਨਾਢਾਂ ਦੀ ਹੀ ਹੋ ਸਕਦੀ ਹੈ।ਸੰਪਰਕ: +61-414-101-993