ਸਾਬਕਾ ਵਿਧਾਇਕ ਵੱਲੋਂ ਸਿਵਲ ਹਸਪਤਾਲ ਦਾ ਦੌਰਾ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 27 ਜੂਨ
ਸਾਬਕਾ ਵਿਧਾਇਕ ਡਾ. ਪਵਨ ਸੈਣੀ ਨੇ ਅੱਜ ਸਿਵਲ ਹਸਪਤਾਲ ਨਰਾਇਣਗੜ੍ਹ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਹਸਪਤਾਲ ਦੇ ਡਾਕਟਰਾਂ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੇ ਸਾਬਕਾ ਵਿਧਾਇਕ ਦੇ ਸਾਹਮਣੇ ਜ਼ੱਚਾ-ਬੱਚਾ ਵਾਰਡ ਵਿੱਚ ਡਾਕਟਰਾਂ ਦੀ ਘਾਟ ਦਾ ਮੁੱਦਾ ਚੁੱਕਿਆ। ਉਨ੍ਹਾਂ ਬੇਨਤੀ ਕੀਤੀ ਕਿ ਡਾਕਟਰਾਂ ਦੀ ਰੋਸਟਰ ਅਨੁਸਾਰ ਜ਼ੱਚਾ-ਬੱਚਾ ਵਾਰਡ ਵਿੱਚ ਡਿਊਟੀ ਲਗਾਈ ਜਾਵੇ ਤਾਂ ਜੋ ਜਾਂਚ ਲਈ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਕੋਈ ਮੁਸ਼ਕਲ ਨਾ ਆਵੇ। ਡਾ. ਪਵਨ ਸੈਣੀ ਨੇ ਇਸ ਮਾਮਲੇ ’ਤੇ ਐੱਸਐੱਮਓ ਡਾ. ਪ੍ਰਵੀਨ ਕੁਮਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਹਸਪਤਾਲ ਵਿੱਚ ਮੌਜੂਦ ਡਾਕਟਰਾਂ ਅਤੇ ਸਟਾਫ ਦੀ ਰੋਟੇਸ਼ਨ ਅਨੁਸਾਰ ਡਿਊਟੀ ਯਕੀਨੀ ਬਣਾਈ ਜਾਵੇ ਤਾਂ ਜੋ ਮਰੀਜ਼ਾਂ ਨੂੰ ਬਿਹਤਰ ਅਤੇ ਸਮੇਂ ਸਿਰ ਸੇਵਾਵਾਂ ਮਿਲ ਸਕਣ। ਉਨ੍ਹਾਂ ਦੱਸਿਆ ਕਿ ਸਰਕਾਰ ਸਿਹਤ ਸੇਵਾਵਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸ ਤੋਂ ਇਲਾਵਾ, ਈ-ਅਪਚਾਰ ਯੋਜਨਾ ਵੀ ਲਾਗੂ ਕੀਤੀ ਗਈ ਹੈ। ਰਾਜ ਵਿੱਚ ਨਿਰੋਗੀ ਹਰਿਆਣਾ ਯੋਜਨਾ ਚਲਾਈ ਜਾ ਰਹੀ ਹੈ। ਰਾਜ ਵਿੱਚ 24 ਘੰਟੇ ਡਿਲੀਵਰੀ ਸਹੂਲਤਾਂ ਰਾਹੀਂ ਸੰਸਥਾਗਤ ਡਿਲੀਵਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਡਾ. ਪਵਨ ਸੈਣੀ ਨੇ ਕਿਹਾ ਕਿ ਗਰਭਵਤੀ ਔਰਤਾਂ ਵਿੱਚ ਗੰਭੀਰ ਅਨੀਮੀਆ ਦੇ ਇਲਾਜ ਲਈ ਮੁਫ਼ਤ ਟੀਕਿਆਂ ਦੀ ਉਪਲਬਧਤਾ ਯਕੀਨੀ ਬਣਾਈ ਗਈ ਹੈ। ਇਸ ਤੋਂ ਇਲਾਵਾ ਆਯੁੂਸ਼ਮਾਨ ਭਾਰਤ ਅਤੇ ਚਿਰਾਯੂ ਯੋਜਨਾ ਰਾਹੀਂ ਵੀ ਰਾਜ ਦੇ ਲੋਕਾਂ ਨੂੰ ਵੱਡੀ ਰਾਹਤ ਅਤੇ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਨਰਾਇਣਗੜ੍ਹ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ 50 ਤੋਂ 100 ਬਿਸਤਰਿਆਂ ਤੱਕ ਵਧਾ ਦਿੱਤਾ ਗਿਆ ਹੈ ਜਿਸ ਦੀ ਇਮਾਰਤ ਲਗਭਗ ਤਿਆਰ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਇਹ ਕੰਮ ਪੂਰਾ ਹੋ ਜਾਣ ’ਤੇ ਲੋਕਾਂ ਨੂੰ ਇੱਥੇ ਬਿਹਤਰ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਲਈ ਵਚਨਬੱਧ ਹੈ।