ਸਾਬਕਾ ਵਿਧਾਇਕ ਮੰਨਾ ਸਣੇ ਤਿੰਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਦਵਿੰਦਰ ਸਿੰਘ ਭੰਗੂ
ਰਈਆ, 7 ਜੂਨ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਉਸ ਦੇ ਭਰਾ ਰਣਜੀਤ ਸਿੰਘ ਤੇ ਸਾਥੀ ਹਰਜੀਤ ਸਿੰਘ ਖ਼ਿਲਾਫ਼ ਇੱਕ ਕੇਸ ਵਿੱਚ ਜੱਜ ਰਮਨਦੀਪ ਕੌਰ ਜੁਡੀਸ਼ਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਵੱਲੋਂ (ਗੈਰ-ਜ਼ਮਾਨਤੀ ਵਾਰੰਟ) ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਅਕਾਲੀ-ਭਾਜਪਾ ਸਰਕਾਰ ਵੇਲੇ ਸਾਲ 2015 ਵਿੱਚ ਪੁਲੀਸ ਥਾਣਾ ਖਿਲਚੀਆਂ ਵਿੱਚ ਇੱਕ ਗੈਰ-ਹਿਰਾਸਤੀ ਕੇਸ ਵਿੱਚ ਹੋਏ ਝਗੜੇ ਤੋਂ ਬਾਅਦ ਸਾਬਕਾ ਵਿਧਾਇਕ ਮੰਨਾ, ਉਨ੍ਹਾਂ ਦੇ ਭਰਾ ਰਣਜੀਤ ਸਿੰਘ ਤੇ ਹਰਜੀਤ ਸਿੰਘ, ਵਿਧਾਇਕ ਦੇ ਪੀਏ ਹਰਪ੍ਰੀਤ ਸਿੰਘ, ਬਲਦੇਵ ਸਿੰਘ ਵਾਸੀ ਪਿੰਡ ਭੋਰਸ਼ੀ ਰਾਜਪੂਤਾਂ ਨੇ ਆਪਣੀ ਹੀ ਪਾਰਟੀ ਦੇ ਸਰਗਰਮ ਵਰਕਰ ਪੂਰਨ ਸਿੰਘ ਵਾਸੀ ਖਿਲਚੀਆਂ ਦੀ ਕੁੱਟਮਾਰ ਕੀਤੀ ਸੀ। ਉਨ੍ਹਾਂ ਕਥਿਤ ਤੌਰ ’ਤੇ ਪੂਰਨ ਸਿੰਘ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਸੀ ਜਿਸ ਸਬੰਧੀ ਪੀੜਤ ਦੇ ਲੜਕੇ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ। ਉਸ ਨੇ ਆਪਣੇ ਪਿਤਾ ਦਾ ਮੈਡੀਕਲ ਕਰਵਾਉਣ ਲਈ ਪੁਲੀਸ ਡਾਕਟਰ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਸੀ ਹੋਈ। ਇਸ ਕਾਰਨ ਪੀੜਤ ਵੱਲੋਂ ਅਦਾਲਤ ਵਿੱਚ ਕੇਸ ਲਾ ਕੇ ਇਨਸਾਫ਼ ਦੀ ਮੰਗ ਕੀਤੀ ਗਈ ਜਿਸ ’ਤੇ ਅਦਾਲਤ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਸੰਮਨ ਜਾਰੀ ਕਰ ਕੇ 8 ਅਗਸਤ 2019 ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਸਨ। ਇਸ ਕੇਸ ਵਿੱਚ ਮਨਜੀਤ ਸਿੰਘ ਮੰਨਾ ਦਾ ਨਿੱਜੀ ਸਹਾਇਕ ਹਰਪ੍ਰੀਤ ਸਿੰਘ ਅਤੇ ਬਲਦੇਵ ਸਿੰਘ ਆਪਣੇ ਵਕੀਲ ਰਾਹੀਂ ਪੇਸ਼ ਹੋ ਗਏ ਸਨ ਪਰ ਬਾਕੀ ਮੁਲਜ਼ਮਾਂ ਨੇ ਮਾਮਲੇ ਨੂੰ ਲਟਕਾਈ ਰੱਖਿਆ।