ਸਾਬਕਾ ਵਿਧਾਇਕ ਜ਼ੀਰਾ ’ਤੇ ਗੋਲੀਆਂ ਚਲਾਈਆਂ
ਹਰਮੇਸ਼ ਪਾਲ ਨੀਲੇਵਾਲਾ
ਜ਼ੀਰਾ, 4 ਫਰਵਰੀ
ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ’ਤੇ ਅਣਪਛਾਤਿਆਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਕੁੱਲਗੜ੍ਹੀ
ਦੇ ਐੱਸਐੱਚਓ ਗੁਰਮੀਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਸ ਸਬੰਧੀ ਸਾਬਕਾ ਵਿਧਾਇਕ ਜ਼ੀਰਾ ਨੇ ਦੱਸਿਆ ਕਿ ਉਹ ਰਾਤ 8.50 ਵਜੇ ਦੇ ਕਰੀਬ ਫ਼ਿਰੋਜ਼ਪੁਰ ਤੋਂ ਜ਼ੀਰਾ ਆ ਰਹੇ ਸਨ। ਇਸ ਦੌਰਾਨ ਇੱਕ ਗੱਡੀ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਜ਼ੀਰਾ-ਫ਼ਿਰੋਜ਼ਪੁਰ ਸੜਕ ’ਤੇ ਪਿੰਡ ਸ਼ੇਰ ਖਾਂ ਨਜ਼ਦੀਕ ਪਿੱਛਾ ਕਰ ਰਹੇ ਕਾਰ ਸਵਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ’ਤੇ ਗੋਲੀਆਂ ਚਲਾ ਦਿੱਤੀਆਂ। ਸ੍ਰੀ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ’ਤੇ ਛੇ ਗੋਲੀਆਂ ਚਲਾਈਆਂ ਗਈਆਂ। ਹਮਲੇ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਸ੍ਰੀ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਵਟਸਐੱਪ ਕਾਲਾਂ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਸ ਬਾਰੇ ਉਨ੍ਹਾਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮੌਕੇ ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਡਾ. ਰਛਪਾਲ ਸਿੰਘ, ਕੌਂਸਲਰ ਅਸ਼ੋਕ ਮਨਚੰਦਾ ਆਦਿ ਕਾਂਗਰਸੀ ਵਰਕਰਾਂ ਨੇ ਕੁਲਬੀਰ ਜ਼ੀਰਾ ’ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ।