ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੂੰ ਅੰਤਿਮ ਵਿਦਾਈ
08:20 AM Sep 01, 2024 IST
Advertisement
ਪੱਤਰ ਪ੍ਰੇਰਕ
ਪਟਿਆਲਾ, 31 ਅਗਸਤ
ਸਾਬਕਾ ਮੰਤਰੀ ਸਰਵਗੀ ਸੁਰਜੀਤ ਸਿੰਘ ਕੋਹਲੀ (73) ਦਾ ਸਸਕਾਰ ਅੱਜ ਇੱਥੇ ਰਾਜਪੁਰਾ ਰੋਡ ’ਤੇ ਸਥਿਤ ਬੀਰ ਜੀ ਦੇ ਸ਼ਮਸ਼ਾਨਘਾਟ ’ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਤੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਗੁਰਜੀਤ ਸਿੰਘ ਕੋਹਲੀ ਨੇ ਦਿਖਾਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਚੇਤਨ ਸਿੰਘ ਜੌੜਾਮਾਜਰਾ ਤੇ ਡਾ. ਬਲਬੀਰ ਸਿੰਘ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪਟਿਆਲਾ ਪੁਲੀਸ ਦੀ ਟੁਕੜੀ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰ ਕੇ ਗਾਰਡ ਆਫ਼ ਆਨਰ ਦਿੱਤਾ। ਪਰਿਵਾਰਕ ਸੂਤਰਾਂ ਮੁਤਾਬਕ ਸੁਰਜੀਤ ਕੋਹਲੀ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ 6 ਸਤੰਬਰ ਨੂੰ ਬਾਅਦ ਦੁਪਹਿਰ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ 9ਵੀਂ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਹੋਵੇਗਾ।
Advertisement
Advertisement