ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇੇ ਪੁਸਤਕ ਰਿਲੀਜ਼
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਈ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪ੍ਰਸਿੱਧ ਅਰਥਸ਼ਾਸ਼ਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ਅਤੇ ਯੋਗਦਾਨ ’ਤੇ ਅਧਾਰਿਤ ਪੁਸਤਕ ਅੱਜ ਸਟੱਡੀ ਸਰਕਲ ਦੇ ਮਾਡਲ ਟਾਊਨ ਐਕਸਟੈਨਸ਼ਨ ਦੇ ਦਫ਼ਤਰ ਵਿੱਚ ਲੋਕ ਅਰਪਣ ਕੀਤੀ ਗਈ। ਪੁਸਤਕ ਲੋਕ ਅਰਪਣ ਦੀ ਰਸਮ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਚਾਂਸਲਰ ਡਾ. ਐਸਐਸ ਜੌਹਲ, ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਉਪ ਕੁਲਪਤੀ ਡਾ. ਐਸਪੀ ਸਿੰਘ ਨੇ ਸਾਂਝੇ ਤੌਰ ’ਤੇ ਨਿਭਾਈ। ਇਹ ਪੁਸਤਕ ਡਾਇਰੈਕਟਰ ਓਵਰਸੀਜ਼ ਅਤੇ ਸਟੱਡੀ ਸਰਕਲ ਦੇ ਫਾਊਂਡਰ ਮੈਂਬਰ ਗੁਰਮੀਤ ਸਿੰਘ ਵਲੋਂ ਸੰਪਾਦਿਤ ਕੀਤੀ ਗਈ ਹੈ ਤੇ ਸਿੱਖ ਬੁੱਕ ਟਰੱਸਟ ਇੰਟਰਨੈਸ਼ਨਲ ਵਲੋਂ ਪ੍ਰਕਾਸ਼ਤ ਕੀਤੀ ਗਈ ਹੈ। ਇਸ ਸਮਾਗਮ ਵਿੱਚ ਲੁਧਿਆਣਾ ਵਿਖੇ ਡੀਸੀਪੀ ਕਾਨੂੰਨ ਅਤੇ ਵਿਵਸਥਾ ਪਰਮਿੰਦਰ ਸਿੰਘ ਭੰਡਾਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਸਮਾਗਮ ਦੀ ਅਰੰਭਤਾ ਅਮਰਜੀਤ ਸਿੰਘ ਟੈਕਸਲਾ ਤੇ ਸਾਥੀਆਂ ਵਲੋਂ ਸ਼ਬਦ ਗਾਇਣ ਨਾਲ ਹੋਈ। ਸਵਾਗਤੀ ਸ਼ਬਦ ਉਪਰੰਤ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਬਹੁਅਕਾਰੀ ਦੋ ਭਾਸ਼ਾਈ ਪੁਸਤਕ ਵਿਚ 51 ਆਰਟੀਕਲ ਅਤੇ ਦੇਸ਼-ਵਿਦੇਸ਼ ਦੇ ਹਰ ਖਿਤੇ ਦੇ ਵਿਅਕਤੀਆਂ ਵਲੋਂ ਦਿੱਤੀਆਂ ਗਈਆਂ ਸਰਧਾਜ਼ਲੀਆਂ ਸ਼ਾਮਲ ਹਨ। ਇਸ ਪੁਸਤਕ ਦਾ ਮੁਖਬੰਦ ਡਾ. ਐਸ. ਐਸ. ਜੌਹਲ, ਮੋਨਟੇਕ ਸਿੰਘ ਆਹਲੂਵਾਲੀਆ ਅਤੇ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਲਿਖੇ ਹਨ। ਡਾ. ਐਸ. ਪੀ. ਸਿੰਘ ਨੇ ਇਸ ਪੁਸਤਕ ਨੂੰ ਸਾਹਿਤ ਅਕਾਦਮੀ ਤੇ ਹੋਰਨਾਂ ਸੰਸਥਾਵਾਂ ਵੱਲੋਂ ਹੋਰ ਭਾਸ਼ਾਵਾਂ ਵਿਚ ਵੀ ਪ੍ਰਕਾਸ਼ਤ ਕਰਨ ਦੀ ਸਲਾਹ ਦਿੱਤੀ। ਡਾ. ਗੋਸਲ ਨੇ ਪੁਸਤਕ ਵਿਚ ਡਾ. ਮਨਮੋਹਨ ਸਿੰਘ ਬਾਰੇ ਦਿੱਤੀ ਜਾਣਕਾਰੀ ਨੂੰ ਬਹੁਤ ਕੀਮਤੀ ਅਤੇ ਸੰਭਾਲਣਯੋਗ ਦੱਸਿਆ। ਡਾ. ਜੌਹਲ ਨੇ ਡਾ. ਮਨਮੋਹਨ ਸਿੰਘ ਹੁਰਾਂ ਦੇ ਨਾਲ ਅਰਥਸ਼ਾਸ਼ਤਰੀ ਹੋਣ ਦੇ ਨਾਤੇ ਬਿਤਾਏ ਪਲਾਂ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਡਾ. ਮਨਮੋਹਨ ਸਿੰਘ ਨੂੰ ਵੱਡਾ ਸੋਚਵਾਨ ਅਤੇ ਅਮਲੀ ਰੂਪ ਵਿੱਚ ਕੰਮ ਸਿਰੇ ਚੜ੍ਹਾਉਣ ਵਾਲਾ ਮਹਾਨ ਵਿਅਕਤੀ ਦੱਸਿਆ। ਬਾਖੂਬੀ ਮੰਚ ਸੰਚਾਲਣ ਕਰਦਿਆਂ ਕੇ.ਬੀ. ਸਿੰਘ ਨੇ ਡਾ. ਮਨਮੋਹਨ ਸਿੰਘ ਵਲੋਂ ਵਿਵਸਥਾ ਵਿਚ ਕੀਤੇ ਕਲਿਆਣਕਾਰੀ ਕਾਰਜਾਂ ਨੂੰ ਸਮੂਹਿਕ ਤੌਰ ’ਤੇ ਲਾਗੂ ਕਰਨ ਦੀ ਸਫਲ ਸਟਰੈਟਿਜੀ ਦਾ ਜ਼ਿਕਰ ਕੀਤਾ। ਇਸ ਸਾਮਗਮ ਵਿੱਚ ਸਟੱਡੀ ਸਰਕਲ ਦੇ ਸਾਬਕਾ ਚੇਅਰਮੈਨ ਜਤਿੰਦਰਪਾਲ ਸਿੰਘ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਰਣਜੋਧ ਸਿੰਘ, ਤੇਜਵਿੰਦਰ ਸਿੰਘ, ਬਾਬਾ ਅਜੀਤ ਸਿੰਘ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।