ਸਾਨੂੰ ਚੁੱਪ-ਚੁਪੀਤੇ ਮਾਰ ਰਿਹਾ ਆਰਸੈਨਿਕ
ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਭਾਰੀ ਧਾਤਾਂ ਨੇ ਸਾਡੀ ਹਵਾ, ਪਾਣੀ ਅਤੇ ਮਿੱਟੀ ਨੂੰ ਪਲੀਤ ਕੀਤਾ ਹੋਇਆ ਹੈ। ਅੱਜਕੱਲ੍ਹ ਇਸ ਮੁੱਦੇ ’ਤੇ ਚਰਚਾ ਵੀ ਹੋ ਰਹੀ ਹੈ। ਕੈਲਸ਼ੀਅਮ, ਮੈਂਗਨੀਜ਼, ਆਰਸੈਨਿਕ, ਲੋਹਾ, ਨਿਕਲ, ਕ੍ਰੋਮੀਅਮ,ਤਾਂਬਾ ਅਤੇ ਵੈਨੇਡੀਅਮ ਭਾਰੀ ਧਾਤਾਂ ਵਿੱਚ ਸ਼ੁਮਾਰ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਇੰਨੀਆਂ ਨੁਕਸਾਨਦੇਹ ਹੁੰਦੀਆਂ ਹਨ ਕਿ ਜੇ ਦਸ ਲੱਖ ਹਿੱਸਿਆਂ ਵਿੱਚ ਇੱਕ ਹਿੱਸਾ ਇਨ੍ਹਾਂ ਦਾ ਮਿਲਾ ਦਿੱਤਾ ਜਾਵੇ ਤਾਂ ਵੀ ਘਾਤਕ ਰੂਪ ਅਖਤਿਆਰ ਕਰ ਜਾਂਦੀਆਂ ਹਨ। ਵੱਡੀ ਮਾਤਰਾ ਵਿੱਚ ਉਦਯੋਗਾਂ ਦਾ ਜ਼ਹਿਰੀ ਧੂੰਆਂ ਵਾਤਾਵਰਨ ਵਿੱਚ ਆ ਰਲਦਾ ਹੈ। ਮਿੱਟੀ ਵਿੱਚ ਮਿਲੀਆਂ ਭਾਰੀ ਧਾਤਾਂ ਨੂੰ ਰੁੱਖ, ਪੌਦੇ ਅਤੇ ਹੋਰ ਬਨਸਪਤੀ ਜਜ਼ਬ ਕਰ ਲੈਂਦੇ ਹਨ। ਫਿਰ ਇਹ ਸਾਡੇ ਭੋਜਨ ਅਤੇ ਪਸ਼ੂਆਂ ਦੇ ਚਾਰੇ ਤੀਕਰ ਪਹੁੰਚ ਕੇ ਸਾਡੀ ਸਿਹਤ ਲਈ ਸੰਕਟ ਬਣ ਜਾਂਦੀਆਂ ਹਨ। ਪਾਣੀ ਵਿੱਚ ਮਿਲ ਕੇ ਭਾਰੀ ਧਾਤਾਂ ਮਨੁੱਖਾਂ, ਪਸ਼ੂਆਂ ਅਤੇ ਰੁੱਖ ਪੌਦਿਆਂ ਨੂੰ ਹਾਨੀ ਪਹੁੰਚਾਉਂਦੀਆਂ ਹਨ। ਇਨ੍ਹਾਂ ਵਿੱਚੋਂ ਆਰਸੈਨਿਕ (Arsenic) ਤੱਤ ਵੀ ਇੱਕ ਹੈ। ਇਹ ਪਾਰੇ ਨਾਲੋਂ ਕਈ ਗੁਣਾ ਵੱਧ ਜ਼ਹਿਰੀਲਾ ਹੁੰਦਾ ਹੈ।
ਆਰਸੈਨਿਕ ਇੱਕ ਸਵਾਦਹੀਣ, ਭੂਸਲੇ ਰੰਗ ਦਾ ਅਤੇ ਗੰਧਹੀਣ ਅਰਧ ਧਾਤਵੀ ਤੱਤ ਹੈ। ਇਸ ਦਾ ਰਸਾਇਣਕ ਸੂਤਰ As ਅਤੇ ਪਰਮਾਣੂ ਭਾਰ 74.92 ਹੁੰਦਾ ਹੈ। ਆਰਸੈਨਿਕ ਮਿੱਟੀ ਦੀਆਂ ਪਰਤਾਂ, ਪਰਬਤਾਂ, ਭੂ-ਗਰਭ ਚੱਟਾਨਾਂ, ਸਤਹੀ ਜਲ ਅਤੇ ਧਰਤੀ ਥੱਲੜੇ ਪਾਣੀ ਵਿੱਚ ਪਾਇਆ ਜਾਂਦਾ ਹੈ। ਇਸ ਦੀ ਮੁੱਖ ਕੱਚੀ ਧਾਤ ਹੈ: ਆਰਸੈਨੋਪਾਈਰਾਈਟ, ਰਿਏਲਗਰ ਤੇ ਆਰਪੀਮੈਂਟ। ਪਰ ਆਰਸੈਨਿਕ ਦਾ ਮੁੱਖ ਯੋਗਿਕ ਆਰਸੈਨਿਕ ਟ੍ਰਾਈਆਕਸਾਈਡ ਹੈ। ਆਰਸੈਨਿਕ ਨੂੰ ਅਰਧ ਚਾਲਕ (semiconductors) ਅਤੇ ਮਿਸ਼ਰਧਾਤਾਂ (alloys) ਤਿਆਰ ਕਰਨ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਅੱਜਕੱਲ੍ਹ ਇਸ ਦੀ ਜ਼ਿਆਦਾ ਵਰਤੋਂ ਦਵਾਈਆਂ ਬਣਾਉਣ, ਨਕਲੀ ਜ਼ਹਿਰਾਂ ਤਿਆਰ ਕਰਨ, ਕੀਟਨਾਸ਼ਕ, ਸੂਤੀ ਕੱਪੜੇ ’ਤੇ ਛਪਾਈ, ਕੱਚ ਬਣਾਉਣ ਵਿੱਚ ਅਤੇ ਲੱਕੜੀ ਰੱਖਿਅਕ ਦੇ ਤੌਰ ’ਤੇ ਵੀ ਕੀਤੀ ਜਾਂਦੀ ਹੈ। ਪੁਰਾਤਨ ਸਮਿਆਂ ਵਿੱਚ ਲੋਕ ਆਰਸੈਨਿਕ ਦੀ ਵਰਤੋਂ ਸੰਖੀਏ ਦੇ ਰੂਪ ਵਿੱਚ ਜ਼ਹਿਰ ਬਣਾਉਣ ਲਈ ਕਰਦੇ ਸਨ।ਪੁਰਾਤਨ ਜ਼ਮਾਨੇ ਵਿੱਚ ਸਿਹਤ ਸੁਧਾਰਨ ਲਈ ਘੋੜਿਆਂ ਨੂੰ ਸੰਖੀਆ ਦਿੱਤਾ ਜਾਂਦਾ ਸੀ। ਅੱਜਕੱਲ੍ਹ ਇਸ ਦੀ ਮਨਾਹੀ ਹੈ। ਕਹਿੰਦੇ ਹਨ ਕਿ ਨੈਪੋਲੀਅਨ ਬੋਨਾਪਾਰਟ ਨੂੰ ਆਰਸੈਨਿਕ ਜ਼ਹਿਰ ਦੇ ਕੇ ਮਾਰਿਆ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦੇ ਵਾਲਾਂ ’ਤੇ ਕੀਤੇ ਪ੍ਰੀਖਣ ਵਿੱਚ ਸੰਖੀਏ ਦੀ ਮੌਜੂਦਗੀ ਪਾਈ ਗਈ ਸੀ। ਆਰਸੈਨਿਕ ਦੀ ਪਛਾਣ ਆਸਾਨੀ ਨਾਲ ਨਹੀਂ ਕੀਤੀ ਜਾ ਸਕਦੀ। ਆਰਸੇਨਾਈਟ ਅਤੇ ਆਰਸੇਨੇਟ ਵਿੱਚ ਆਰਸੈਨਿਕ ਯੋਗਿਕ ਦੇ ਰੂਪ ਵਿੱਚ ਮਿਲਦਾ ਹੈ। ਆਰਸੇਨਾਈਟ ਵਿੱਚ ਇਸ ਦੀ ਸੰਯੋਜਕਤਾ +3 ਅਤੇ ਆਰਸੇਨੇਟ ਵਿੱਚ ਇਸ ਦੀ ਸੰਯੋਜਕਤਾ +5 ਹੁੰਦੀ ਹੈ।ਆਰਸੇਨਾਈਟ ਰੂਪ ਆਰਸੇਨੇਟ ਨਾਲੋਂ ਵੱਧ ਜ਼ਹਿਰੀਲਾ ਹੁੰਦਾ ਹੈ। ਆਰਸੈਨਿਕ ਨਾਂ ਕੇਵਲ ਅਕਾਰਬਨਿਕ ਯੋਗਿਕ ਦੇ ਤੌਰ ’ਤੇ ਹੀ ਪਾਇਆ ਜਾਂਦਾ ਹੈ, ਪਰ ਇਹ ਕਾਰਬਨਿਕ ਰੂਪ ਵਿੱਚ ਵੀ ਮਿਲਣ ਵਾਲਾ ਤੱਤ ਹੈ।ਦਿਲਚਸਪ ਗੱਲ ਇਹ ਹੈ ਕਿ ਕਾਰਬਨਿਕ ਰੂਪ ਵਿੱਚ ਆਰਸੈਨਿਕ ਹਾਨੀਕਾਰਕ ਨਹੀਂ ਹੁੰਦਾ ਜਦੋਂਕਿ ਇਸ ਦਾ ਅਕਾਰਬਨਿਕ ਰੂਪ ਹੱਦੋਂ ਵੱਧ ਨੁਕਸਾਨਦੇਹ ਹੁੰਦਾ ਹੈ। ਅਕਾਰਬਨਿਕ ਰੂਪ ਵਿੱਚ ਇਹ ਮਨੁੱਖੀ ਸਰੀਰ ਅੰਦਰ ਦਾਖਲ ਹੋ ਕੇ ਹੱਥਾਂ, ਪੈਰਾਂ ਅਤੇ ਵੱਖ ਵੱਖ ਅੰਗਾਂ ਵਿੱਚ ਇਕੱਠਾ ਹੋ ਜਾਂਦਾ ਅਤੇ ਨੁਕਸਾਨ ਪਹੁੰਚਾਉਂਦਾ ਹੈ। ਪਸ਼ੂਆਂ ਅੰਦਰ ਚਾਰੇ ਰਾਹੀਂ ਪੈਰਿਸ ਗਰੀਨ, ਚਿੱਟਾ ਸੰਖੀਆ, ਚਿੱਟਾ ਆਰਸੈਨਿਕ ਆਕਸਾਈਡ, ਸੋਡੀਅਮ ਆਰਸੇਨਾਈਟ, ਛਿੜਕਾਅ ਰਾਹੀਂ ਪਹੁੰਚ ਕੇ ਪੇਟ, ਅੰਤੜੀਆਂ ਦੀਆਂ ਦੀਵਾਰਾਂ ਅਤੇ ਮਿਹਦੇ ਅੰਦਰ ਸੋਜਿਸ਼ ਪੈਦਾ ਕਰਦਾ ਹੈ। ਇਸੇ ਕਾਰਨ ਪਸ਼ੂਆਂ ਵਿੱਚ ਲੜਖੜਾਉਣ, ਕਾਂਬਾ ਛਿੜਨ, ਤੇਜ਼ ਸਾਹ ਲੈਣ, ਬੇਚੈਨੀ ਅਤੇ ਕਰਾਹੁਣ ਜਿਹੇ ਲੱਛਣ ਦੇਖਣ ਨੂੰ ਮਿਲਦੇ ਹਨ। ਜਲਜੀਵਾਂ ਵਿੱਚ ਮੱਛੀਆਂ ਵਿੱਚ ਆਰਸੈਨਿਕ ਜਮ੍ਹਾਂ ਨਹੀਂ ਹੁੰਦਾ। ਇਸ ਲਈ ਮੱਛੀਆਂ ਨੂੰ ਆਰਸੈਨਿਕ ਦੀ ਮਲੀਨਤਾ ਤੋਂ ਕੋਈ ਖ਼ਤਰਾ ਨਹੀਂ, ਪਰ ਹੋਰਨਾਂ ਜਲ ਜੀਵਾਂ ਲਈ ਜਿਉਂ ਜਿਉਂ ਜਲ ਦੀ ਪੀ.ਐੱਚ. ਵੈਲਿਯੂ ਵਧਦੀ ਹੈ, ਆਰਸੈਨਿਕ ਦੀ ਜ਼ਹਿਰ ਘੱਟ ਹੋਈ ਜਾਂਦੀ ਹੈ। ਪੌਦੇ ਆਰਸੈਨਿਕ ਪ੍ਰਤੀ ਵੱਧ ਸਹਿਣਸ਼ੀਲ ਹੁੰਦੇ ਹਨ। ਦਾਲਾਂ ਦੀਆਂ ਫ਼ਸਲਾਂ ਆਰਸੈਨਿਕ ਪ੍ਰਤੀ ਘੱਟ ਸ਼ਹਿਣਸ਼ੀਲ ਹੁੰਦੀਆਂ ਹਨ। ਭਰਪੂਰ ਆਰਸੈਨਿਕ ਮਲੀਨਤਾ ਵਾਲੇ ਪਾਣੀ ਵਿੱਚ ਹੋਣ ਵਾਲੀ ਝੋਨੇ ਦੀ ਫ਼ਸਲ ਦੇ ਬਿਲਕੁਲ ਖ਼ਤਮ ਹੋਣ ਦਾ ਡਰ ਹੁੰਦਾ ਹੈ।
ਵਾਤਾਵਰਨ ਵਿੱਚ ਆਰਸੈਨਿਕ: ਜਦੋਂ ਆਰਸੈਨਿਕ ਯੁਕਤ ਕੱਚੀਆਂ ਧਾਤਾਂ ਨੂੰ ਸੋਧਿਆ ਜਾਂਦਾ ਹੈ ਤਾਂ ਆਰਸੈਨਿਕ ਵਾਸ਼ਪਾਂ ਦੇ ਰੂਪ ਵਿੱਚ ਵਾਤਾਵਰਨ ਵਿੱਚ ਆ ਰਲਦਾ ਹੈ।ਆਰਸੈਨਿਕ ਦੇ ਇਹ ਵਾਸ਼ਪ ਅਤਿ ਵਿਸ਼ੈਲੇ ਹੁੰਦੇ ਹਨ। ਸਾਡੇ ਧਰਤੀ ਮੰਡਲ ਵਿੱਚ ਆਰਸੈਨਿਕ ਅੰਦਰਲੀਆਂ ਪਰਤਾਂ, ਸਤਹੀ ਪਾਣੀ, ਜ਼ਮੀਨ ਹੇਠਲੇ ਪਾਣੀ ਵਿੱਚ ਮਿਲਦਾ ਹੈ। ਇਸ ਦੀ ਮਾਤਰਾ ਬਦਲਦੀ ਰਹਿੰਦੀ ਹੈ। ਜੇ ਧਰਤੀ ਦੀਆਂ ਅੰਦਰਲੀਆਂ ਪਰਤਾਂ ਵਿੱਚ ਆਰਸੈਨਿਕ ਦੇ ਨਾਲ ਲੋਹਾ ਵੀ ਮੌਜੂਦ ਹੋਵੇ ਤਾਂ ਧਰਤੀ ਥੱਲੜੇ ਪਾਣੀ ਵਿੱਚ ਜ਼ਹਿਰੀਲੇ ਆਰਸੈਨਿਕ ਦੀ ਮਲੀਨਤਾ ਹੋਰ ਵੀ ਵਧ ਜਾਂਦੀ ਹੈ। ਆਓ ਦੇਖੀਏ ਕਿ ਆਰਸੈਨਿਕ ਕਿਵੇਂ ਕਿਰਿਆ ਕਰਦਾ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾ ਵਿਸ਼ੈਲਾ ਆਰਸੇਨਾਈਟ ਸੌਖਿਆਂ ਹੀ ਪ੍ਰਾਣੀਆਂ ਦੀ ਭੋਜਨ ਨਾਲੀ ’ਚੋਂ ਮਿਹਦੇ ਵਿੱਚੋਂ ਹੁੰਦਾ ਹੋਇਆ ਪੇਸ਼ੀ ਟਿਸ਼ੂਆਂ ਰਾਹੀਂ ਰੋਕ ਲਿਆ ਜਾਂਦਾ ਹੈ ਅਤੇ ਊਤਕ ਪ੍ਰੋਟੀਨਾਂ ਨਾਲ ਬੱਝ ਜਾਂਦਾ ਹੈ। ਸਿੱਟੇ ਵਜੋਂ ਵਾਲਾਂ, ਨਹੁੰਆਂ, ਚਮੜੀ ਵਿੱਚ ਲੰਮੇ ਸਮੇਂ ਤੀਕ ਜਮ੍ਹਾਂ ਹੋਇਆ ਰਹਿੰਦਾ ਹੈ।
ਸਵੀਕਾਰ ਕੀਤੀ ਸੁਰੱਖਿਆ ਸੀਮਾ: ਆਰਸੈਨਿਕ ਮਲੀਨਤਾ As ਅਤੇ AsH3 (ਵੱਧ ਜ਼ਹਿਰੀਲਾ) ਦੋ ਰੂਪਾਂ ਵਿੱਚ ਹੁੰਦੀ ਹੈ। As ਰੂਪ ਵਿੱਚ ਸਵੀਕਾਰ ਕੀਤੀ ਗਈ ਮਲੀਨਤਾ ਦੀ ਹੱਦ ਜਰਮਨੀ ਵਿੱਚ 0 ppm (parts per million) ਹੈ ਜਦੋਂਕਿ ਸੰਯੁਕਤ ਰਾਜ ਅਮਰੀਕਾ ਅਤੇ ਸਵੀਡਨ ਵਿੱਚ ਇਹ 5 ਮਿਲੀਗ੍ਰਾਮ ਪ੍ਰਤੀ ਘਣਮੀਟਰ ਹੈ।AsH3 ਦੇ ਰੂਪ ਵਿੱਚ ਮਲੀਨਤਾ ਦੀ ਸਵੀਡਨ ਵਿੱਚ ਸਵੀਕਾਰ ਕੀਤੀ ਹੱਦ 0.01ppm ਹੈ। ਇਹ ਸੀਮਾ ਜਰਮਨੀ ਅਤੇ ਅਮਰੀਕਾ ਵਿੱਚ 0-0.5 ppm ਹੈ।
ਪ੍ਰਦੂਸ਼ਣ ਦੀ ਸਵੀਕਾਰ ਕੀਤੀ ਸੀਮਾ: ਸਾਲ 1960 ਵਿੱਚ ਜਦੋਂ ਆਰਸੈਨਿਕ ਮਲੀਨਤਾ ਨਾਲ ਤਾਇਵਾਨ ਦੇ ਵੀਹ ਹਜ਼ਾਰ ਲੋਕ ਪ੍ਰਭਾਵਿਤ ਹੋਏ ਤਾਂ ਵਿਸ਼ਵ ਸਿਹਤ ਸੰਗਠਨ ਨੇ ਇਸ ਦੀ ਮਲੀਨਤਾ ਦੀ ਪਹਿਲਾਂ ਤੋਂ ਨਿਰਧਾਰਤ ਸੀਮਾ 50 ਮਾਈਕਰੋਗ੍ਰਾਮ ਪ੍ਰਤੀ ਲਿਟਰ ਨੂੰ ਘਟਾ ਕੇ 10 ਮਾਈਕ੍ਰੋਗ੍ਰਾਮ ਪ੍ਰਤੀ ਲਿਟਰ ਕਰ ਦਿੱਤਾ। ਫਿਰ ਇਸ ਸੀਮਾ ਨੂੰ ਹੋਰ ਘਟਾ ਕੇ 2 ਮਾਈਕ੍ਰੋਗ੍ਰਾਮ ਪ੍ਰਤੀ ਲਿਟਰ ਕਰ ਦਿੱਤਾ ਗਿਆ ਕਿਉਂਕਿ 10 ਮਾਈਕ੍ਰੋਗਰਾਮ ਪ੍ਰਤੀ ਲਿਟਰ ਸੀਮਾ ’ਤੇ ਘੱਟੋ-ਘੱਟ 1.3 ਕਰੋੜ ਲੋਕ ਆਰਸੈਨਿਕ ਯੁਕਤ ਪਾਣੀ ਪੀ ਰਹੇ ਸਨ।
ਆਰਸੈਨਿਕ ਦੀ ਮਲੀਨਤਾ ਵਿਰੁੱਧ ਆਵਾਜ਼ਾਂ ਤਾਂ ਪਹਿਲੀ ਆਲਮੀ ਜੰਗ ਸਮੇਂ ਹੀ ਉੱਠਣ ਲੱਗੀਆਂ ਸਨ, ਪਰ ਸਾਲ 1950 ਤੋਂ ਬਾਅਦ ਹੀ ਵਿਗਿਆਨੀ ਇਸ ਦਿਸ਼ਾ ਵਿੱਚ ਚੌਕੰਨੇ ਹੋਏ ਹਨ। ਹੁਣ ਆਰਸੈਨਿਕ ਦਾ ਅਧਿਐਨ ਵਿਸ਼ਵ ਪੱਧਰ ਦਾ ਖੋਜ ਵਿਸ਼ਾ ਬਣ ਚੁੱਕਾ ਹੈ, ਪਰ ਇਸ ਬਾਰੇ ਅਸੀਂ ਇੰਨੀ ਦੇਰ ਅਵੇਸਲੇ ਕਿਉਂ ਰਹੇ? ਗੰਭੀਰਤਾ ਨਾਲ ਕਿਉਂ ਨਹੀਂ ਸੋਚਿਆ? ਇਸ ਦੇ ਦੋ ਕਾਰਨ ਹੋ ਸਕਦੇ ਹਨ। ਇੱਕ ਤਾਂ ਜ਼ਮੀਨੀ ਮਿੱਟੀ ਵਿੱਚ ਆਰਸੈਨਿਕ ਬੜੀ ਥੋੜ੍ਹੀ ਮਾਤਰਾ ਵਿੱਚ ਮੌਜੂਦ ਹੈ।
ਦੂਜਾ ਪਾਣੀ ਜਾਂ ਭੋਜਨ ਵਿੱਚ ਭਾਵੇਂ ਆਰਸੈਨਿਕ ਦੀ ਮੌਜੂਦਗੀ ਹੁੰਦੀ ਹੋਵੇਗੀ, ਪਰ ਇਸ ਤੋਂ ਪੈਦਾ ਹੋਇਆ ਕੋਈ ਵੱਡਾ ਖ਼ਤਰਾ ਸਾਹਮਣੇ ਨਹੀਂ ਸੀ ਆਇਆ। ਇਸ ਸਮੇਂ ਆਰਸੈਨਿਕ ਪ੍ਰਦੂਸ਼ਣ ਨੇ ਪ੍ਰਚੰਡ ਰੂਪ ਧਾਰਨ ਕਰ ਲਿਆ ਹੈ। ਸਾਡੀ ਹਵਾ ਤੇ ਸਾਡੇ ਪਾਣੀ ਵਿੱਚ ਆਰਸੈਨਿਕ ਦੀ ਘਾਤਕ ਮਾਤਰਾ ਦੀ ਮੌਜੂਦਗੀ ਪਾਈ ਗਈ ਹੈ।
ਬੰਗਲਾਦੇਸ਼ ਦੀ ਸਥਿਤੀ: ਇਹ ਤਾਂ ਸਪੱਸ਼ਟ ਹੈ ਕਿ ਬੰਗਲਾਦੇਸ਼ ਵਿੱਚ ਆਰਸੈਨਿਕ ਦੇ ਪ੍ਰਮੁੱਖ ਸਰੋਤ ਕੁਦਰਤੀ ਹਨ। ਬੰਗਲਾਦੇਸ਼ ਦੇ 3.5 ਕਰੋੜ ਤੋਂ ਵੱਧ ਲੋਕ ਸਵੀਕਾਰ ਕੀਤੀ ਸੀਮਾ ਤੋਂ ਵੱਧ ਆਰਸੈਨਿਕ ਯੁਕਤ ਪਾਣੀ ਪੀ ਰਹੇ ਹਨ। ਬੰਗਲਾਦੇਸ਼ ਵਿੱਚ ਗਰੀਬੀ ਅਤੇ ਕੁਪੋਸ਼ਣ ਦਾ ਸ਼ਿਕਾਰ ਲੋਕਾਂ ਉੱਪਰ ਆਰਸੈਨਿਕ ਦਾ ਪ੍ਰਦੂਸ਼ਣ ਕਹਿਰ ਢਾਹ ਰਿਹਾ ਹੈ। ਇਹ ਸਮੱਸਿਆ ਦੂਰ ਕਰਨ ਲਈ ਵਿਸ਼ਵ ਬੈਂਕ ਨੇ ਬੰਗਲਾਦੇਸ਼ ਨੂੰ 44.4 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਵੀ ਦਿੱਤੀ ਹੈ।
ਪੰਜਾਬ ਦੀ ਸਥਿਤੀ: ਪੰਜਾਬ ਦੇ ਟਿਊਬਵੈੱਲਾਂ ਦੀ ਪਰਖ ਕਰਨ ’ਤੇ ਪਤਾ ਲੱਗਾ ਕਿ ਇੱਕ ਚੌਥਾਈ ਟਿਊਬਵੈੱਲਾਂ ਦੇ ਪਾਣੀ ਵਿੱਚ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ ਸੀਮਾ ਤੋਂ 20 ਤੋਂ 50 ਗੁਣਾ ਵੱਧ ਆਰਸੈਨਿਕ ਦੀ ਮਲੀਨਤਾ ਪਾਈ ਗਈ। ਲੰਮਾਂ ਸਮਾਂ ਆਰਸੈਨਿਕ ਮਲੀਨਤਾ ਦੇ ਪ੍ਰਭਾਵ ਵਿੱਚ ਰਹਿਣ ਕਾਰਨ ਕੈਂਸਰ, ਚਮੜੀ ’ਤੇ ਜ਼ਖ਼ਮ, ਸ਼ੱਕਰ ਰੋਗ, ਦਿਲ ਤੇ ਖ਼ੂਨ ਪ੍ਰਵਾਹੀ ਨਾੜੀਆਂ ਸਬੰਧੀ ਰੋਗ ਹੋ ਜਾਣ ਦਾ ਖ਼ਤਰਾ ਬਣ ਸਕਦਾ ਹੈ।
ਮਨੁੱਖੀ ਸਿਹਤ ’ਤੇ ਅਸਰ: ਆਰਸੈਨਿਕ ਮਨੁੱਖੀ ਸਿਹਤ ਲਈ ਜ਼ਹਿਰ ਹੈ, ਪਰ ਇਸ ਜ਼ਹਿਰ ਦਾ ਪ੍ਰਭਾਵ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕਿੰਨੀ ਮਾਤਰਾ ਵਿੱਚ ਆਰਸੈਨਿਕ ਜ਼ਹਿਰ ਨੂੰ ਆਪਣੇ ਸਰੀਰ ਅੰਦਰ ਲੈ ਕੇ ਜਾਂਦੇ ਹਾਂ? ਆਰਸੈਨਿਕ ਨੂੰ ਚੁੱਪ-ਚੁਪੀਤਾ ਕਾਤਲ ਵੀ ਕਿਹਾ ਜਾਂਦਾ ਹੈ, ਜੋ ਪਾਰੇ ਨਾਲੋਂ ਕਈ ਗੁਣਾ ਵੱਧ ਜ਼ਹਿਰੀ ਹੈ। ਚਮੜੀ, ਮਿਹਦਾ, ਨਾੜੀ ਤੰਤਰ, ਦਿਲ ਅਤੇ ਲਹੂ ਸੰਚਾਰ ਪ੍ਰਣਾਲੀ ਨੂੰ ਆਰਸੈਨਿਕ ਜ਼ਹਿਰ ਤੋਂ ਹਾਨੀ ਪਹੁੰਚਦੀ ਹੈ। ਇਹ ਜ਼ਹਿਰ ਫੇਫੜਿਆਂ ਦਾ ਕੈਂਸਰ, ਸ਼ਕਰ ਰੋਗ, ਗਲ ਦੀ ਬਿਮਾਰੀ ਭਾਵ ਗਿੱਲ੍ਹੜ ਰੋਗ, ਅੰਧਰਾਤਾ ਅਤੇ ਸੁਣਨ ਸ਼ਕਤੀ ਖ਼ਤਮ ਹੋਣ ਜਿਹੀਆਂ ਅਲਾਮਤਾਂ ਦਾ ਕਾਰਨ ਬਣਦੀ ਹੈ।
ਆਰਸੈਨਿਕ ਦੀ ਸਮੱਸਿਆ ਵਿਸ਼ਵ-ਵਿਆਪੀ: ਪੀਣ ਵਾਲੇ ਪਾਣੀ ਵਿੱਚ ਆਰਸੈਨਿਕ ਦੀ ਮਲੀਨਤਾ ਭੂਗੋਲਿਕ ਹੱਦਾਂ ਪਾਰ ਕਰਕੇ ਹੁਣ ਵਿਸ਼ਵ ਪੱਧਰ _ਤੇ ਸਮਾਜਿਕ ਆਰਥਿਕ ਸੰਕਟ ਦਾ ਰੂਪ ਧਾਰਨ ਕਰ ਚੁੱਕੀ ਹੈ। ਹੁਣ ਆਰਸੈਨਿਕ ਪ੍ਰਦੂਸ਼ਣ ਦੀ ਲਪੇਟ ਵਿੱਚ ਅਰਜਨਟਾਈਨਾ, ਆਸਟਰੇਲੀਆ, ਇਟਲੀ, ਕੈਨੇਡਾ, ਯੂਨਾਨ, ਚੀਨ, ਜਾਪਾਨ, ਤਾਇਵਾਨ, ਥਾਈਲੈਂਡ, ਦੱਖਣੀ ਅਫਰੀਕਾ, ਨਿਊਜ਼ੀਲੈਂਡ, ਭਾਰਤ, ਮੈਕਸਿਕੋ, ਮੰਗੋਲੀਆ, ਰੂਸ ਅਤੇ ਸੰਯੁਕਤ ਰਾਜ ਅਮਰੀਕਾ ਆ ਚੁੱਕੇ ਹਨ।
ਭਾਰਤ ਦੇ ਸੂਬੇ ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਆਸਾਮ, ਮਣੀਪੁਰ ਅਤੇ ਕਰਨਾਟਕ ਪ੍ਰਦੇਸ਼ ਆਰਸੈਨਿਕ ਪ੍ਰਦੂਸ਼ਣ ਦੀ ਗ੍ਰਿਫ਼ਤ ਵਿੱਚ ਹਨ। ਪੱਛਮੀ ਬੰਗਾਲ ਵਿੱਚ ਬੜੀ ਦੇਰ ਪਹਿਲਾਂ ਆਰਸੈਨਿਕ ਪੀੜਿਤ ਰੋਗੀਆਂ ਦੇ ਕੱਟੇ ਫਟੇ ਪੈਰਾਂ ਅਤੇ ਹੱਥਾਂ ਦੀਆਂ ਫੋਟੋਆਂ ਅਖ਼ਬਾਰਾਂ ਵਿੱਚ ਛਪੀਆਂ ਸਨ।
ਇੱਕ ਅੰਦਾਜ਼ੇ ਮੁਤਾਬਿਕ ਦੁਨੀਆ ਵਿੱਚ ਤਕਰੀਬਨ 14 ਕਰੋੜ ਲੋਕ ਆਰਸੈਨਿਕ ਯੁਕਤ ਪਾਣੀ ਪੀਣ ਲਈ ਮਜਬੂਰ ਹਨ। ਇਹ ਲੋਕ ਮੱਧ ਯੂਰਪ, ਦੱਖਣੀ ਅਮਰੀਕਾ ਅਤੇ ਅਮਰੀਕਾ-ਏਸ਼ੀਆ ਦੇ ਕੁਝ ਭਾਗਾਂ ਦੇ ਵਸਨੀਕ ਹਨ। ਚੀਨ ਅੰਦਰ ਤਕਰੀਬਨ ਦੋ ਕਰੋੜ ਲੋਕ ਖ਼ਤਰਨਾਕ ਹੱਦ ਤੱਕ ਦੇ ਆਰਸੈਨਿਕ ਯੁਕਤ ਪਾਣੀ ਤੋਂ ਪ੍ਰਭਾਵਿਤ ਹਨ। ਬੰਗਲਾਦੇਸ਼ ਦੇ 3.5 ਤੋਂ 7.7 ਕਰੋੜ ਲੋਕ ਆਰਸੈਨਿਕ ਯੁਕਤ ਪਾਣੀ ਪੀਣ ਲਈ ਮਜਬੂਰ ਹਨ। ਵਿਸ਼ਵ ਸਿਹਤ ਸੰਗਠਨ ਨੇ ਸੰਸਾਰ ਦੀ ਇਸ ਸਥਿਤੀ ਨੂੰ ਸਰਵਜਨਕ ਸਿਹਤ ਆਪਾਤਕਾਲ ਕਿਹਾ ਹੈ।
ਸੰਯੁਕਤ ਰਾਜ ਦੀ ਵਾਤਾਵਰਨ ਸੁਰੱਖਿਆ ਏਜੰਸੀ (EPA) ਨੇ ਇੱਕ ਰਿਪੋਰਟ ਵਿੱਚ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਪੀਣ ਵਾਲੇ ਪਾਣੀ ਵਿੱਚ ਆਰਸੈਨਿਕ ਦੀ ਵਧ ਰਹੀ ਮਲੀਨਤਾ ਕਾਰਨ ਲੋਕ ਫੇਫੜੇ, ਚਮੜੀ, ਪ੍ਰੋਸਟੇਟ ਕੈਂਸਰ, ਦਿਲ ਦੇ ਰੋਗ, ਉੱਚ ਰਕਤ ਚਾਪ, ਐਂਫੀਸੇਮਾ ਜਿਹੇ ਰੋਗਾਂ ਦਾ ਸ਼ਿਕਾਰ ਹੋ ਸਕਦੇ ਹਨ। ਬਾਅਦ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਆਰਸੈਨਿਕ ਯੁਕਤ ਪਾਣੀ ਅਣੂਵੰਸ਼ਕ ਨੁਕਸਾਨ ਦੇ ਨਾਲ ਨਾੜੀ ਤੰਤਰ ਨੂੰ ਵੀ ਖੋਰਾ ਲਾ ਸਕਦਾ ਹੈ। ਇਹ ਮਾਨਸਿਕ ਅਸਮਰੱਥਾ ਦਾ ਕਾਰਨ ਵੀ ਬਣ ਸਕਦਾ ਹੈ।
ਆਰਸੈਨਿਕ ਪ੍ਰਦੂਸ਼ਣ ਕੁਦਰਤੀ ਜਾਂ ਮਨੁੱਖ ਨਿਰਮਿਤ: ਬੇਸ਼ੱਕ, ਆਰਸੈਨਿਕ ਕੁਦਰਤੀ ਸੋਮਿਆਂ ਤੋਂ ਮਿਲਦਾ ਹੈ, ਪਰ ਮਨੁੱਖੀ ਲਾਪਰਵਾਹੀ ਅਤੇ ਗ਼ਲਤ ਨੀਤੀਆਂ ਕਰਕੇ ਸਾਨੂੰ ਇਹ ਦਿਨ ਦੇਖਣੇ ਪਏ ਹਨ। ਪਾਣੀ ਵਿੱਚ ਆਰਸੈਨਿਕ ਗੰਧਲੇਪਣ ਲਈ ਉਦਯੋਗਿਕ ਕਚਰਾ, ਪਸ਼ੂ ਪਾਲਣ ਅਤੇ ਖਣਨ ਉਦਯੋਗ ਜ਼ਿੰਮੇਵਾਰ ਹਨ। ਉਦਯੋਗੀਕਰਨ ਕਰਕੇ ਸਤਹੀ ਪਾਣੀ ਅਤੇ ਜ਼ਮੀਨ ਹੇਠਲਾ ਪਾਣੀ ਗੰਧਲੇ ਹੋਏ ਹਨ।
ਹੁਣ ਤਾਂ ਖੋਜੀਆਂ ਨੂੰ ਰਲ ਕੇ ਆਰਸੈਨਿਕ ਜ਼ਹਿਰ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਨਵੇਂ ਢੰਗ ਤਰੀਕੇ ਤੇ ਤਕਨੀਕਾਂ ਖੋਜਣੀਆਂ ਪੈਣਗੀਆਂ।
ਸੰਪਰਕ: 97806-67686