ਸਾਢੇ ਤਿੰਨ ਸਾਲਾ ਬੱਚੀ ਨਾਲ ਜਬਰ-ਜਨਾਹ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ
ਗੁਰਦੀਪ ਸਿੰਘ ਭੱਟੀ
ਟੋਹਾਣਾ, 9 ਅਪਰੈਲ
ਬੀਤੇ ਸਾਲ ਝੋਨੇ ਦੀ ਲੁਆਈ ਦੌਰਾਨ 30 ਜੂਨ 2024 ਨੂੰ ਪਰਵਾਸੀ ਪਰਿਵਾਰ ਦੀ ਸਾਢੇ ਤਿੰਨ ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਤੇ ਮਗਰੋਂ ਇਲਾਜ ਦੌਰਾਨ ਉਸ ਦੀ ਮੌਤ ਹੋਣ ਦੇ ਮਾਮਲੇ ਵਿੱਚ ਜ਼ਿਲ੍ਹਾ ਫਾਸਟ ਟਰੈਕ ਅਦਾਲਤ ਦੇ ਵਧੀਕ ਸੈਸ਼ਨ ਜੱਜ ਅਮਿਤ ਗਰਗ ਨੇ ਦੋਵਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀਆਂ ਪਿੰਡ ਲੱਲੂਵਾਲ ਦੇ ਮੁਕੇਸ਼ ਤੇ ਕਾਨ੍ਹਾਖੇੜਾ ਦੇ ਸਤੀਸ਼ ਨੂੰ 1.75 ਲੱਖ ਜੁਰਮਾਨਾ ਤੇ ਸਜ਼ਾ-ਏ-ਮੌਤ ਸੁਣਾਈ ਹੈ। ਪੁਲੀਸ ਚਲਾਨ ਮੁਤਾਬਕ ਮੁਲਜ਼ਮ ਝੋਨੇ ਦੀ ਲੁਆਈ ਦੌਰਾਨ ਟਿਊਬਵੈੱਲ ਦੇ ਪਾਏ ਕੋਠੇ ’ਤੇ ਠਹਿਰਨ ਲਈ ਪਰਵਾਸੀ ਪਰਿਵਾਰ ਤੋਂ ਪਨਾਹ ਮੰਗੀ ਸੀ। ਮੁਲਜ਼ਮਾਂ ਨੇ ਪਰਵਾਸੀ ਪਰਿਵਾਰ ਦੇ ਮੁਖੀ ਅਤੇ ਕੁੱਝ ਹੋਰਾਂ ਨਾਲ ਮਿਲ ਕੇ ਸ਼ਰਾਬ ਪੀਤੀ। ਕੁਝ ਸਮੇਂ ਬਾਅਦ ਉਨ੍ਹਾਂ ਦਾ ਰਿਸ਼ਤੇਦਾਰ ਉਥੋਂ ਚਲਾ ਗਿਆ ਤੇ ਪੀੜਤ ਪਰਿਵਾਰ ਵੀ ਸੌਂ ਗਿਆ। ਦੋਵੇਂ ਮੁਲਜ਼ਮ ਮਾਂ ਨਾਲ ਸੁੱਤੀ ਸਾਢੇ ਤਿੰਨ ਸਾਲਾ ਬੱਚੀ ਨੂੰ ਚੁੱਕ ਕੇ ਖੇਤਾਂ ਵਿੱਚ ਲੈ ਗਏ ਤੇ ਜਬਰ-ਜਨਾਹ ਕੀਤਾ। ਮਗਰੋਂ ਮੁਲਜ਼ਮ ਬੱਚੀ ਨੂੰ ਸੜਕ ’ਤੇ ਸੁੱਟ ਕੇ ਫ਼ਰਾਰ ਹੋ ਗਏ। ਮਗਰੋਂ ਬੱਚੀ ਦੀ ਹਸਪਤਾਲ ’ਚ ਮੌਤ ਹੋ ਗਈ ਤੇ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਚਲਾਨ ਕੋਰਟ ਵਿੱਚ ਪੇਸ਼ ਕੀਤਾ ਤੇ ਫਾਸਟ ਟਰੈਕ ਅਦਾਲਤ ਵਿੱਚ ਸੌਂਪ ਦਿੱਤਾ ਗਿਆ ਸੀ।