ਸਾਡੇ ਵਿੱਚ ਬੈਠੇ ਜਾਸੂਸ
ਉਹ ਸਾਡੇ ਵਿੱਚ ਹੀ ਰਲੇ ਹੋਏ ਦੁਸ਼ਮਣ ਹਨ। ਭਾਰਤ-ਪਾਕਿਸਤਾਨ ਟਕਰਾਅ ਦੌਰਾਨ ਉਨ੍ਹਾਂ ਵੱਲੋਂ ਕੀਤੀ ਗੱਦਾਰੀ ਦੇ ਹੈਰਾਨ ਕਰਨ ਵਾਲੇ ਵੇਰਵੇ ਸਾਹਮਣੇ ਆ ਰਹੇ ਹਨ। ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵਸਨੀਕਾਂ ਦੀ ਗ੍ਰਿਫ਼ਤਾਰੀ, ਜਿਨ੍ਹਾਂ ’ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਨਾਲ ਰਲੇ ਹੋਣ ਦਾ ਸ਼ੱਕ ਹੈ, ਇੱਕ ਤਰ੍ਹਾਂ ਦੀ ਗੰਭੀਰ ਚਿਤਾਵਨੀ ਹੈ ਕਿ ਸਾਡੀਆਂ ਕਾਨੂੰਨੀ ਤੇ ਖੁਫ਼ੀਆ ਏਜੰਸੀਆਂ ਚੌਕਸੀ ’ਚ ਲਾਪਰਵਾਹੀ ਨਹੀਂ ਵਰਤ ਸਕਦੀਆਂ। ਇਹ ਜਾਸੂਸੀ ਤੇ ਭਾਰਤ ਵਿਰੋਧੀ ਪ੍ਰਚਾਰ ਦਾ ਘਾਤਕ ਮਿਸ਼ਰਨ ਹੀ ਹੈ ਜੋ ਰਾਸ਼ਟਰੀ ਸੁਰੱਖਿਆ ਦੇ ਨਾਲ-ਨਾਲ ਫ਼ਿਰਕੂ ਸਦਭਾਵਨਾ ਨੂੰ ਵੀ ਖ਼ਤਰੇ ਵਿੱਚ ਪਾ ਸਕਦਾ ਹੈ। ਉਦਾਹਰਨ ਲਈ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਕਥਿਤ ਤੌਰ ’ਤੇ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਕਰਮਚਾਰੀ ਦੇ ਸੰਪਰਕ ਵਿੱਚ ਸੀ, ਉਹ ਵੀ ਉਦੋਂ ਜਦੋਂ ਪਿਛਲੇ ਹਫ਼ਤੇ ‘ਅਪਰੇਸ਼ਨ ਸਿੰਧੂਰ’ ਚੱਲ ਰਿਹਾ ਸੀ। ਇਸ ਦੌਰਾਨ ਜਾਰੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਸ ਨੇ 22 ਅਪਰੈਲ ਦੇ ਪਹਿਲਗਾਮ ਅਤਿਵਾਦੀ ਹਮਲੇ ਤੋਂ ਪਹਿਲਾਂ ਕਸ਼ਮੀਰ ਦਾ ਦੌਰਾ ਕੀਤਾ ਸੀ ਤੇ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਯਾਤਰਾ ਵੀ ਕੀਤੀ ਸੀ। ਉਸ ’ਤੇ ਸਰਹੱਦ ਪਾਰ ਆਪਣੇ ਹੈਂਡਲਰਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦਾ ਦੋਸ਼ ਹੈ। ਉੱਤਰ ਪ੍ਰਦੇਸ਼ ਨਾਲ ਸਬੰਧਿਤ ਸ਼ਹਿਜ਼ਾਦ ਅਤੇ ਨੌਮਾਨ ਇਲਾਹੀ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਜਾਂਚ ਕਰਤਾਵਾਂ ਲਈ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ ਕੀ ਇਨ੍ਹਾਂ ਵਿਅਕਤੀਆਂ ਦੀ ਸੈਨਿਕ ਜਾਂ ਰੱਖਿਆ ਕਾਰਵਾਈਆਂ ਨਾਲ ਸਬੰਧਿਤ ਜਾਣਕਾਰੀ ਤੱਕ ਸਿੱਧੀ ਪਹੁੰਚ ਸੀ ਜਾਂ ਫਿਰ ਉਹ ‘ਉੱਚੀਆਂ ਪਦਵੀਆਂ’ ’ਤੇ ਬੈਠੇ ਸੂਤਰਾਂ ਤੋਂ ਇਹ ਜਾਣਕਾਰੀ ਪ੍ਰਾਪਤ ਕਰ ਰਹੇ ਸਨ। ਰਿਪੋਰਟਾਂ ਦੇ ਅਨੁਸਾਰ, ਪਾਕਿਸਤਾਨੀ ਖੁਫ਼ੀਆ ਏਜੰਟ ਜੋਤੀ ਨੂੰ ‘ਅਹਿਮ ਕੜੀ’ ਵਜੋਂ ਤਿਆਰ ਕਰ ਰਹੇ ਸਨ; ਉਹ ਜ਼ਾਹਿਰਾ ਤੌਰ ’ਤੇ ਸਰਹੱਦ-ਪਾਰ ਦੇ ਬੇਹੱਦ ਸੰਗਠਿਤ ਨੈੱਟਵਰਕ ਦਾ ਹਿੱਸਾ ਸੀ। ਉਸ ਦੀ ਪੁੱਛਗਿੱਛ ਤੋਂ ਅਜਿਹੇ ਸਬੂਤ ਮਿਲਣ ਦੀ ਉਮੀਦ ਹੈ ਜੋ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਵਿਰੁੱਧ ਭਾਰਤ ਦੇ ਕੇਸ ਨੂੰ ਮਜ਼ਬੂਤ ਕਰ ਸਕਦੇ ਹਨ।
ਸ਼ਾਇਦ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਦੇਸ਼ ਦੇ ਹਿੱਤਾਂ ਵਿਰੁੱਧ ਕੰਮ ਕਰਨ ਲਈ ਵੱਡੇ ਲਾਲਚ ਦਿੱਤੇ ਗਏ ਸਨ ਤੇ ਇਹ ਮਾਮਲਾ ਇਸ ਦਾ ਬਸ ਛੋਟਾ ਜਿਹਾ ਅੰਸ਼ ਹੋ ਸਕਦਾ ਹੈ। ਹੋ ਸਕਦਾ ਹੈ ਕਿ ਹੋਰ ਵੀ ਬਹੁਤ ਸਾਰੇ ਜਾਸੂਸ ਹੋਣ ਜੋ ਨਾ ਸਿਰਫ਼ ਸਰਕਾਰੀ ਰਾਜ਼ ਦੱਸ ਰਹੇ ਹੋਣ, ਸਗੋਂ ਅਜਿਹੀਆਂ ਜਾਣਕਾਰੀਆਂ ਵੀ ਦੇ ਰਹੇ ਹੋਣ ਜੋ ਅਤਿਵਾਦੀਆਂ ਦੇ ਭਾਰਤੀ ਧਰਤੀ ’ਤੇ ਹਮਲਾ ਕਰਨ ਵਿੱਚ ਕੰਮ ਆ ਸਕਦੀਆਂ ਹੋਣ। ਇਨ੍ਹਾਂ ਕਾਲੀਆਂ ਭੇਡਾਂ ਨੂੰ ਵੱਖਰਾ ਕਰਨ ਲਈ ਕੇਂਦਰ ਤੇ ਸੂਬਾ ਸਰਕਾਰਾਂ, ਮੀਡੀਆ ਤੇ ਲੋਕਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਆਈਐੱਸਆਈ ਵੱਲੋਂ ਭਾਰਤ ਵਿਰੁੱਧ ਛੇੜੀ ਗਈ ਸੂਚਨਾ ਦੀ ਘਿਨਾਉਣੀ ਜੰਗ, ਜਿਸ ਦਾ ਉਦੇਸ਼ ਸਾਨੂੰ ਕਮਜ਼ੋਰ ਕਰਨਾ ਹੈ, ਨੂੰ ਸਖ਼ਤੀ ਨਾਲ ਨਾਕਾਮ ਕਰਨਾ ਚਾਹੀਦਾ ਹੈ।