For the best experience, open
https://m.punjabitribuneonline.com
on your mobile browser.
Advertisement

ਸਾਡੇ ਕੋਲ ਇਕ ਹੀ ਧਰਤੀ ਹੈ...

04:51 AM Jun 05, 2025 IST
ਸਾਡੇ ਕੋਲ ਇਕ ਹੀ ਧਰਤੀ ਹੈ
Advertisement

ਡਾ. ਸ਼ਿਆਮ ਸੁੰਦਰ ਦੀਪਤੀ

Advertisement

ਧਰਤੀ ਨੂੰ ਹੋਂਦ ਵਿੱਚ ਆਏ ਕਈ ਲੱਖ ਸਾਲ ਹੋ ਗਏ। ਲੱਖਾਂ ਸਾਲ ਹੋਣ ਨੂੰ ਆਏ, ਇਸ ਧਰਤੀ ’ਤੇ ਜੀਵਾਂ ਦੀ ਹੋਂਦ ਬਣੀ, ਵਿਕਸਤ ਹੋਈ। ਮਨੁੱਖੀ ਜੀਵਨ ਦੀ ਸ਼ੁਰੂਆਤ ਹੋਏ ਨੂੰ ਵੀ ਕਈ ਹਜ਼ਾਰਾਂ ਸਾਲ ਹੋ ਗਏ। ਮਨੁੱਖ ਨੂੰ ਸਮਾਜ ਬਣਾ ਕੇ, ਮਿਲ ਕੇ ਰਹਿਣ ਨੂੰ ਵੀ ਹਜ਼ਾਰਾਂ ਸਾਲ ਹੋ ਗਏ ਹਨ। ਮਨੁੱਖ ਨੇ ਇਸ ਧਰਤੀ ਦੇ ਪੈਦਾਵਾਰੀ ਅਮਲ ਨੂੰ ਜਾਣਿਆ ਤੇ ਸਮਝਿਆ ਅਤੇ ਖੁਦ ਇਹ ਕਾਰਜ ਕਰ ਕੇ ਖ਼ੁਦ ਨੂੰ ਕੁਦਰਤ ਦੇ ਹਾਣ ਦਾ ਕੀਤਾ। ਕਈ ਸਾਲਾਂ ਤੋਂ ਇਸ ਧਰਤੀ, ਇਸ ਮਨੁੱਖ ਦੇ ਜੀਵਨ, ਉਸ ਦੇ ਉਦੇਸ਼ਾਂ ਨੂੰ ਲੈ ਕੇ ਬੁੱਧੀਜੀਵੀਆਂ, ਦਾਰਸ਼ਨਿਕਾਂ ਨੇ ਗ੍ਰੰਥ ਰਚੇ। ਜਦੋਂ ਅਸੀਂ ਵਿਸ਼ਵ ਯੁੱਧਾਂ ਵਿੱਚ ਤਬਾਹੀ ਦੇਖੀ; ਸਾਡੇ ਸਾਹਮਣੇ ਹੀ ਯੂਐੱਨਓ ਬਣੀ ਅਤੇ ਅਸੀਂ ਮਨੁੱਖੀ ਜੀਵਨ ਦਾ ਘਾਣ ਹੁੰਦੇ ਮਾਹੌਲ ਦੇ ਗਵਾਹ ਬਣੇ।
ਇਸੇ ਯੂਐੱਨਓ ਤਹਿਤ ਪੰਜਾਹ ਸਾਲ ਪਹਿਲਾਂ 1972 ਵਿੱਚ ਵਾਤਾਵਰਨ ਦੀ ਹਾਲਤ ਬਾਰੇ ਸਟਾਕਹੋਮ (ਸਵੀਡਨ) ਵਿੱਚ ਕਾਨਫਰੰਸ ਹੋਈ। ਵਾਤਾਵਰਨ ਦੀ ਫ਼ਿਕਰ ਨੂੰ ਲੈ ਕੇ ਬਣੀ ਸੰਸਥਾ ਨੇ ਇਸ ਸਾਲ ਵਾਤਾਵਰਨ ਦਿਵਸ ਮੌਕੇ ਇਹ ਨੁਕਤਾ ਉਭਾਰਿਆ ਹੈ: ਸਾਡੇ ਕੋਲ ਇਕ ਹੀ ਧਰਤੀ ਹੈ। ਇਹ ਗੱਲ ਸਮਝਣ ਅਤੇ ਉਭਾਰਨ ਵਿੱਚ ਇੰਨੇ ਸਾਲ ਲੱਗ ਗਏ ਜਾਂ ਕੁਝ ਕੁ ਲਾਲਚੀ ਅਨਸਰਾਂ ਨੇ ਜਾਣਬੁੱਝ ਕੇ ਇਸ ਵੱਲ ਧਿਆਨ ਨਹੀਂ ਦੇਣ ਦਿੱਤਾ ਜਾਂ ਜਿਸ ਕਿਸੇ ਨੇ ਧਿਆਨ ਦਿਵਾਉਣ ਦਾ ਯਤਨ ਵੀ ਕੀਤਾ, ਉਸ ਦੀ ਆਵਾਜ਼ ਦਬਾ ਦਿੱਤੀ ਗਈ।
ਸਟਾਕਹੋਮ ਵਿੱਚ 2003 ਵਿੱਚ ਜਨਮੀ ਬੱਚੀ ਗਰੇਟਾ ਥਨਬਰਗ ਅਜੇ ਸਕੂਲ ਵਿੱਚ ਪੜ੍ਹਦੀ ਸੀ ਕਿ ਆਪਣੇ ਸਾਥੀਆਂ ਨਾਲ ਸੜਕਾਂ ’ਤੇ ਉੱਤਰ ਆਈ। ਉਸ ਨੇ ਮੁਹਿੰਮ ਵਿੱਢੀ: ਫਰਾਈਡੇ ਫਾਰ ਫਿਊਚਰ - ਭਵਿੱਖ ਲਈ ਸ਼ੁੱਕਰਵਾਰ। ਦੁਨੀਆ ਭਰ ਦੇ ਲੋਕਾਂ ਨੇ ਇਸ ਵੱਲ ਧਿਆਨ ਦਿੱਤਾ। ਇਸ ਲੜਕੀ ਦੀ ਆਵਾਜ਼ ਯੂਐੱਨਓ ਤੋਂ ਵੱਧ ਵੀ ਵਾਤਾਵਰਨ ਪ੍ਰੇਮੀਆਂ ਤੱਕ ਪਹੁੰਚੀ।
ਉਸ ਨੂੰ ਕਿਹਾ ਗਿਆ- ਤੂੰ ਵਿਦਿਆਰਥਣ ਹੈਂ, ਤੇਰੇ ਪੜ੍ਹਾਈ ਦੇ ਦਿਨ ਨੇ; ਪੜ੍ਹ, ਆਪਣਾ ਕੈਰੀਅਰ ਬਣਾ। ਉਸ ਦਾ ਜਵਾਬ ਸੀ- ਪੜ੍ਹ ਕੇ, ਕੈਰੀਅਰ ਬਣਾ ਕੇ ਕੀ ਕਰਨਾ ਹੈ, ਜਦੋਂ ਇਹ ਧਰਤੀ ਹੀ ਨਹੀਂ ਰਹਿਣੀ। ਇਸ ਦੀ ਉਮਰ ਹੁਣ ਕੁਝ ਕੁ ਸਾਲ ਹੀ ਹੈ। ਹੁਣ ਧਰਤੀ ਬਚਾਉਣੀ ਜ਼ਰੂਰੀ ਹੈ, ਨਾ ਕਿ ਕੈਰੀਅਰ ਜਾਂ ਪੜ੍ਹਾਈ।
ੳੱਜ ਕੱਲ੍ਹ ਵਾਲਾ ਵਿਕਾਸ, ਵਾਤਾਵਰਨ ਦੀ ਬਰਬਾਦੀ ਕਰ ਰਿਹਾ ਹੈ। ਇੱਥੇ ਉਸ ਬੱਚੀ ਵਾਲੀ ਸੋਚ ਚਾਹੀਦੀ ਹੈ, ਕੋਈ ਉੱਠ ਕੇ ਕਹੇ- ਅਜਿਹੇ ਵਿਕਾਸ ਦਾ ਕਰਨਾ ਹੀ ਕੀ ਹੈ ਜੋ ਸਾਡੇ ਜੀਵਨ ਲਈ ਖ਼ਤਰਾ ਬਣ ਰਿਹਾ ਹੋਵੇ। ਦਰਅਸਲ, ਦੁਨੀਆ ਭਰ ਦੇ ਜੋ ਵੀ ਦੇਸ਼ ਵਾਤਾਵਰਨ ਨਾਲ ਸਬੰਧਿਤ ਸੰਮੇਲਨਾਂ ਵਿੱਚ ਹਿੱਸਾ ਲੈਂਦੇ ਹਨ, ਉਹ ਸਰਮਾਏਦਾਰੀ ਅਤੇ ਸਨਅਤ ਨੂੰ ਸਾਹਮਣੇ ਰੱਖ ਕੇ ਫੈਸਲੇ ਕਰਦੇ ਹਨ। ਸਨਅਤੀ ਵਿਕਾਸ ਨੂੰ ਹੀ ਵਿਕਾਸ ਦਾ ਪੈਮਾਨਾ ਮੰਨਿਆ ਜਾਂਦਾ ਹੈ। ਇਸੇ ਨੂੰ ਜੀਡੀਪੀ, ਦੇਸ਼ ਵਿੱਚ ਹੋ ਰਹੇ ਆਰਥਿਕ ਵਾਧੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸੇ ਵਿੱਚੋਂ ਹੀ ਵਾਤਾਵਰਨ ਵਿਗਿਆਨੀਆਂ ਨੇ ਇਹ ਗੱਲ ਉਭਾਰੀ ਕਿ ਵਿਕਾਸ ਨੂੰ ਵਾਤਾਵਰਨ ਦੇ ਟਿਕਾਊ ਪ੍ਰਸੰਗ ਵਿੱਚ ਲਿਆ ਜਾਵੇ। ਸਨਅਤ ਨਾਲ ਵਾਤਾਵਰਨ ਦੇ ਹੋ ਰਹੇ ਨੁਕਸਾਨ ਨੂੰ ਵਾਤਾਵਰਨ ਦੀ ਭਰਪਾਈ ਨਾਲ ਜੋੜਿਆ ਜਾਵੇ। ਮਸਲਨ, ਜੇ ਸੜਕਾਂ ਦੀ ਲੋੜ ਹੈ ਤੇ ਦਰੱਖਤਾਂ ਕੱਟਣੇ ਪੈਣੇ ਹਨ ਤਾਂ ਗਿਣਤੀ ਮੁਤਾਬਿਕ ਦਰੱਖਤ ਲਗਾਏ ਵੀ ਜਾਣ ਪਰ ਬਹੁਤਾ ਨੁਕਸਾਨ ਤਾਂ ਸਨਅਤਾਂ, ਫੈਕਟਰੀਆਂ ਵਿੱਚੋਂ ਨਿਕਲਦੇ ਧੂੰਏ ਨਾਲ ਜੁੜਦਾ ਹੈ। ਇਸ ਦਾ ਇਕ ਹੋਰ ਵੱਡਾ ਜ਼ਰੀਆ ਵਾਹਨ ਹਨ।
ਹੁਣ ਵਾਤਾਵਰਨ ਵਿਗਿਆਨੀ ਜਿਨ੍ਹਾਂ ਤੱਥਾਂ ਬਾਰੇ ਸੁਚੇਤ ਕਰ ਰਹੇ ਹਨ, ਉਹ ਧਰਤੀ ਦਾ ਵਧ ਰਿਹਾ ਤਾਪਮਾਨ ਅਤੇ ਕਾਰਬਨ ਦੀ ਮਾਤਰਾ ਹਨ। ਇਨ੍ਹਾਂ ਦੇ ਅਸਰ ਨਾਲ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦਾ ਵਾਧਾ, ਗਲੇਸ਼ੀਅਰ ਪਿਘਲਣੇ, ਮੌਸਮ ਵਿੱਚ ਬੇਤਰਤੀਬੀ ਤੇ ਤਬਦੀਲੀ, ਸਮੁੰਦਰ ਦੇ ਪਾਣੀ ਦਾ ਉਪਰ ਚੜ੍ਹਨਾ, ਸਮੁੰਦਰੀ ਕਿਨਾਰਿਆਂ ’ਤੇ ਰਹਿੰਦੇ ਲੋਕਾਂ ਉੱਤੇ ਮੰਡਰਾ ਰਿਹਾ ਖ਼ਤਰਾ ਅਤੇ ਛੋਟੇ-ਛੋਟੇ ਟਾਪੂਆਂ ਦਾ ਸਮੁੰਦਰ ਵਿੱਚ ਡੁੱਬਣ ਆਦਿ ਦੀ ਚਿਤਾਵਨੀ ਨਾਲ ਵਾਹ ਪੈ ਰਿਹਾ ਹੈ।
ਜੇ ਪੂਰੇ ਜੀਵ ਜਗਤ ਦੀ ਗੱਲ ਕਰੀਏ ਤਾਂ ਵਾਤਾਵਰਨ ਵਿੱਚ ਜਿੱਥੇ ਕਿਤੇ ਵੀ ਕਾਰਬਨ ਅਤੇ ਤਪਸ਼ ਵੱਧ ਹੈ, ਕਈ ਕਮਜ਼ੋਰ ਜਾਤੀਆਂ ਦੇ ਜੀਵ ਮੁੱਕ ਰਹੇ ਹਨ। ਇਸ ਸਥਿਤੀ ਨੂੰ ਜੀਵਾਂ ਦੀ ਉਤਪਤੀ ਨਾਲ ਜੋੜ ਕੇ ਦੇਖਣ ਦੀ ਲੋੜ ਹੈ ਕਿ ਧਰਤੀ ’ਤੇ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ। ਸੂਰਜ ਤੋਂ ਅਲੱਗ ਹੋ ਕੇ ਧਰਤੀ ਜਦੋਂ ਕੁਝ ਠੰਢੀ ਹੋਈ ਤਾਂ ਪਾਣੀ ਜੀਵਨ ਦਾ ਪਹਿਲਾ ਸਰੋਤ ਹੈ, ਜਿਸ ਨਾਲ ਜੀਵਨ ਦਾ ਮੁੱਢ ਬੱਝਦਾ ਹੈ। ਇਸ ਤੋਂ ਬਾਅਦ, ਵਾਤਾਵਰਨ ਗੈਸਾਂ ਜਿਵੇਂ ਆਕਸੀਜਨ, ਕਾਰਬਨ ਡਾਇਅਕਸਾਈਡ, ਨਾਈਟ੍ਰੋਜਨ ਆਦਿ ਦਾ ਅਜਿਹਾ ਸੰਤੁਲਨ ਬਣਿਆ ਕਿ ਧਰਤੀ ਦੇ ਨਿਰਜੀਵ ਕਣਾਂ ਵਿੱਚ ਧੜਕਣ ਪੈਦਾ ਹੋਈ ਤੇ ਜੀਵਨ ਦੀ ਸ਼ੁਰੂਆਤ ਹੋਈ। ਇਕ ਕੋਸ਼ਿਕਾ ਵਾਲੇ ਜੀਵਾਂ ਤੋਂ ਸ਼ੁਰੂ ਹੋਇਆ ਜੀਵਨ, ਮਨੁੱਖੀ ਜੀਵਨ ਤਕ ਫੈਲਿਆ। ਜੀਵਾਂ ਤੇ ਜੀਵਨ ਤੋਂ ਭਾਵ ਪੌਦੇ ਤੇ ਪ੍ਰਾਣੀ ਸਾਰੇ ਹੀ ਹਨ। ਕੁਦਰਤ ਦੀ ਖੂਬਸੂਰਤੀ ਇਹ ਹੈ ਕਿ ਸਾਰੇ ਹੀ ਪੌਦੇ ਅਤੇ ਜੀਵ ਇਕ ਦੂਜੇ ਦੇ ਪੂਰਕ ਹਨ।
ਆਕਸੀਜਨ ਮਨੁੱਖੀ ਜੀਵਨ ਦਾ (ਵੈਸੇ ਤਾਂ ਸਾਰੇ ਹੀ ਜਾਨਵਰਾਂ ਦਾ) ਮੂਲ ਹੈ। ਦਰੱਖਤ ਆਕਸੀਜਨ ਪੈਦਾ ਕਰਦੇ ਹਨ ਅਤੇ ਮਨੁੱਖਾਂ ਤੇ ਜਾਨਵਰਾਂ ਨੂੰ ਇਸ ਦੀ ਲੋੜ ਹੈ। ਇਸ ਦਾ ਦੂਜਾ ਪੱਖ ਹੈ ਕਿ ਜਦੋਂ ਅਸੀਂ ਆਕਸੀਜਨ ਲੈਂਦੇ ਹਾਂ, ਸਾਹ ਪ੍ਰਣਾਲੀ ਨਾਲ ਇਹ ਸਾਡੇ ਸਰੀਰ ਵਿੱਚ ਰਚਮਿਚ ਜਾਂਦੀ ਹੈ ਤੇ ਅਸੀਂ ਕਾਰਬਨ ਡਾਇਅਕਸਾਈਡ ਛੱਡਦੇ ਹਾਂ। ਇਹ ਕਾਰਬਨ ਡਾਇਕਸਾਈਡ ਦਰੱਖਤ ਲੈਂਦੇ ਹਨ, ਇਸ ਨਾਲ ਆਪਣੀ ਖੁਰਾਕ ਬਣਾਉਂਦੇ ਹਨ, ਵਧਦੇ-ਫੁਲਦੇ ਹਨ। ਇਉਂ ਸਾਰੇ ਹੀ ਜੀਵ ਤੇ ਪੌਦੇ ਮਿਲ ਕੇ ਸੰਤੁਲਨ ਬਣਾ ਕੇ ਰਖਦੇ ਹਨ ਜਿਸ ਨਾਲ ਧਰਤੀ ਦੇ ਜੀਵਨ ਧੜਕਦਾ ਹੈ।
ਜਦੋਂ ਤਕ ਇਹ ਸਭ ਕੁਝ ਕੁਦਰਤ ਦੇ ਹੱਥ-ਵੱਸ ਸੀ, ਪੌਦਿਆਂ ਤੇ ਜਾਨਵਰਾਂ ਦੇ ਆਪਸੀ ਰਿਸ਼ਤੇ ਤੱਕ ਸੀਮਤ ਸੀ, ਤਦ ਤੱਕ ਧਰਤੀ ਠੀਕ-ਠਾਕ ਸੀ ਪਰ ਜਦੋਂ ਤੋਂ ਮਨੁੱਖ ਨੇ ਵਿਕਾਸ ਜਾਂ ਸਨਅਤ ਦੇ ਨਾਂ ’ਤੇ ਕੁਦਰਤ ਦਾ ਘਾਣ ਸ਼ੁਰੂ ਕੀਤਾ ਤਾਂ ਇਹ ਸੰਤੁਲਨ ਵਿਗੜ ਗਿਆ। ਮਨੁੱਖ ਨੇ ਸਾਰਾ ਗਿਆਨ ਕੁਦਰਤ ਤੋਂ ਲਿਆ ਪਰ ਇਸ ਨੇ ਕੁਦਰਤ ਨੂੰ ਟਿੱਚ ਸਮਝਿਆ ਤੇ ਮਨਮਾਨੀ ਕਰਨ ਲੱਗਿਆ। ਇਸ ਨੇ ਤਪਸ਼ ਤੋਂ ਬਚਾਅ ਲਈ ਏਸੀ ਬਣਾ ਲਏ, ਠੰਢ ਲਈ ਹੀਟਰ ਤੇ ਬਲੋਅਰ, ਹਵਾ ਸਾਫ਼ ਕਰਨ ਲਈ ਪਿਉਰੀਫਾਇਰ, ਪਾਣੀ ਲਈ ਆਰਓ ਸਿਸਟਮ ਵਰਗੇ ਸੰਦ ਬਣਾ ਲਏ ਤੇ ਸਮਝਣ ਲੱਗਿਆ ਕਿ ਉਸ ਕੋਲ ਹਰ ਸਮੱਸਿਆ ਦਾ ਤੋੜ ਹੈ।
ਮਨੁੱਖ ਦੇ ਕੁਦਰਤ ਨਾਲ ਰਿਸ਼ਤੇ ਅਤੇ ਇਸ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਾਡੇ ਰਿਸ਼ੀਆਂ-ਮੁਨੀਆਂ, ਦਾਰਸ਼ਨਿਕਾਂ ਨੇ ਸ਼ੁਰੂ ਤੋਂ ਹੀ ਅਗਾਹ ਕੀਤਾ। ਸਾਡੇ ਪੁਰਾਤਨ ਗ੍ਰੰਥਾਂ ਵਿੱਚ ਇਸ ਧਰਤੀ ਨੂੰ, ਕੁਦਰਤ ਵਿੱਚ ਵਸਦੇ ਸਾਰੇ ਹੀ ਜੀਵ ਜਗਤ ਨੂੰ ਪਰਿਵਾਰ ਕਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਵਿੱਚ ਦਰਜ ਹੈ- ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਪੰਜ ਸਦੀਆਂ ਪਹਿਲਾਂ ਗੁਰੂ ਜੀ ਨੇ ਸੰਦੇਸ਼ ਦਿੱਤਾ ਕਿ ਹਵਾ ਸਾਡਾ ਗੁਰੂ ਹੈ, ਧਰਤੀ ਮਾਂ ਹੈ ਤੇ ਪਾਣੀ ਪਿਤਾ ਸਮਾਨ ਹੈ। ਸਮਾਜ ਵਿੱਚ ਇਹ ਤਿੰਨੇ ਰਿਸ਼ਤੇ ਸਤਿਕਾਰ ਵਾਲੇ ਹਨ ਪਰ ਅਸੀਂ ਇਨ੍ਹਾਂ ਨੂੰ ਬਰਬਾਦ ਕਰ ਰਹੇ ਹਾਂ।
ਹੁਣ ਕਾਰਬਨ ਅਤੇ ਤਾਪਮਾਨ ਲਈ ਟੀਚੇ ਮਿੱਥੇ ਜਾ ਰਹੇ ਹਨ; ਕਿਹਾ ਜਾ ਰਿਹਾ ਹੈ ਕਿ ਧਰਤੀ ਦਾ ਦੋ ਡਿਗਰੀ ਤਾਪਮਾਨ ਵਧਣਾ ਤਬਾਹੀ ਦਾ ਸੂਚਕ ਹੈ ਤੇ ਅਸੀਂ ਤਕਰੀਬਨ 1.5 ਡਿਗਰੀ ਵਾਧੇ ਨੇੜੇ ਪੁੱਜ ਗਏ ਹਾਂ। ਹੁਣ ਵਾਪਸੀ ਦੇ ਰਾਹ ਤਲਾਸ਼ੇ ਜਾ ਰਹੇ ਹਨ। ਤਪਸ਼ ਅਤੇ ਕਾਰਬਨ ਡਾਇਅਕਸਾਇਡ ਦੀ ਮਾਤਰਾ ਆਪਸ ਵਿੱਚ ਜੁੜੇ ਹੋਏ ਹਨ। ਵਿਕਸਿਤ ਸਨਅਤੀ ਦੇਸ਼ ਇਸ ਵਾਧੇ ਵਿੱਚ ਵੱਧ ਹਿੱਸਾ ਪਾ ਰਹੇ ਹਨ।
ਯੂਐੱਨਓ ਉਦੋਂ ਹਰਕਤ ਵਿੱਚ ਤਾਂ ਆਈ, ਜਦੋਂ ਵਿਕਸਿਤ ਅਮੀਰ ਦੇਸ਼ਾਂ ਨੂੰ ਵਾਤਾਵਰਨ ਦੇ ਵਿਗਾੜ ਦਾ ਸੇਕ ਪਹੁੰਚਿਆ; ਨਹੀਂ ਤਾਂ ਉਹ ਸਮਝਦੇ ਸੀ ਕਿ ਇਹ ਗਰੀਬ ਦੇਸ਼ਾਂ ਦਾ ਮਸਲਾ ਹੈ। ਇਹ ਭੁਲੇਖਾ ਹੁਣ ਮੁੱਕ ਗਿਆ ਹੈ ਕਿ ਸ਼ਹਿਰ ਤਾਂ ਛੱਡੋ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਾਤਾਵਰਨ ਬਰਬਾਦੀ ਦੀ ਕੋਈ ਵੀ ਘਟਨਾ ਵਾਪਰੇਗੀ, ਉਸ ਦਾ ਅਸਰ ਸਾਰੀ ਦੁਨੀਆ ਨੂੰ ਭੁਗਤਣਾ ਪਵੇਗਾ, ਭਾਵੇਂ ਉਹ ਉੱਤਰੀ ਧਰੁਵ ’ਤੇ ਹੋਵੇ ਤੇ ਭਾਵੇਂ ਹਿਮਾਲਾ ਪਰਬਤ ’ਤੇ। ਉਂਝ ਤਾਂ ਹੁਣ ਵੀ ਕਾਫ਼ੀ ਦੇਰ ਹੋ ਗਈ ਹੈ, ਪਰ ਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਇਹ ਧਰਤੀ ਜੀਵਨ ਵਿਹੂਣੀ ਹੋਣ ਵਿੱਚ ਦੇਰ ਨਹੀਂ ਲੱਗਣੀ।
ਸੰਪਰਕ: 98158-08506

Advertisement
Advertisement

Advertisement
Author Image

Jasvir Samar

View all posts

Advertisement