ਸਾਊਦੀ ਅਰਬ ’ਚ ਯੂਕਰੇਨ-ਅਮਰੀਕਾ ਵਿਚਾਲੇ ਗੱਲਬਾਤ ਸ਼ੁਰੂ
ਜੱਦਾਹ (ਸਾਊਦੀ ਅਰਬ), 11 ਮਾਰਚ
ਯੂਕਰੇਨ ਤੇ ਰੂਸ ਵਿਚਾਲੇ ਤਿੰਨ ਸਾਲ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਦੇ ਢੰਗ-ਤਰੀਕਿਆਂ ਬਾਰੇ ਯੂਕਰੇਨ ਤੇ ਅਮਰੀਕਾ ਦੇ ਸੀਨੀਅਰ ਵਫ਼ਦਾਂ ਵਿਚਾਲੇ ਉੱਚ ਪੱਧਰੀ ਗੱਲਬਾਤ ਅੱਜ ਸਾਊਦੀ ਅਰਬ ਵਿੱਚ ਸ਼ੁਰੂ ਹੋਈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਰੂਸੀ ਹਵਾਈ ਫ਼ੌਜ ਵੱਲੋਂ ਰੂਸ ’ਤੇ ਹਮਲਾ ਕਰਨ ਲਈ ਭੇਜੇ 337 ਯੂਕਰੇਨੀ ਡਰੋਨਾਂ ਨੂੰ ਨਿਸ਼ਾਨਾ ਬਣਾ ਕੇ ਡੇਗਿਆ ਗਿਆ ਸੀ।
ਸਾਊਦੀ ਅਰਬ ਦੇ ਲਾਲ ਸਾਗਰ ਦੇ ਬੰਦਰਗਾਹ ਸ਼ਹਿਰ ਜੱਦਾਹ ਵਿੱਚ ਪੱਤਰਕਾਰ ਕੁਝ ਸਮੇਂ ਲਈ ਉਸ ਕਮਰੇ ਵਿੱਚ ਦਾਖ਼ਲ ਹੋਏ ਜਿੱਥੇ ਸੀਨੀਅਰ ਯੂਕਰੇਨੀ ਵਫ਼ਦ ਨੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਯੂਰੋਪ ਦੇ ਸਭ ਤੋਂ ਵੱਡੇ ਸੰਘਰਸ਼ ਨੂੰ ਖ਼ਤਮ ਕਰਨ ਬਾਰੇ ਗੱਲਬਾਤ ਅਮਰੀਕਾ ਦੇ ਸਿਖਰਲੇ ਡਿਪਲੋਮੈਟ ਨਾਲ ਮੁਲਾਕਾਤ ਕੀਤੀ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਵੀ ਗੱਲਬਾਤ ਲਈ ਮੌਜੂਦ ਸਨ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਕੈਮਰਿਆਂ ਵੱਲ ਦੇਖ ਕੇ ਮੁਸਕਰਾਏ ਜਦਕਿ ਯੂਕਰੇਨ ਦੇ ਅਧਿਕਾਰੀਆਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਡਰੋਨ ਹਮਲਿਆਂ ਬਾਰੇ ਪੁੱਛਣ ’ਤੇ ਯੂਕਰੇਨ ਤੇ ਅਮਰੀਕਾ ਦੇ ਅਧਿਕਾਰੀਆਂ ਨੇ ਕੋਈ ਜਵਾਬ ਨਹੀਂ ਦਿੱਤਾ। ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਸਕਾਰਾਤਮਕ ਗੱਲਬਾਤ ਦਾ ਮਤਲਬ ਇਹ ਹੋ ਸਕਦਾ ਹੈ ਕਿ ਇਸ ਨਾਲ ਕੁਝ ਦੇਰ ਲਈ ਜੰਗ ਰੁਕ ਜਾਵੇ।
ਯੂਕਰੇਨੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਉਹ ਕਾਲਾ ਸਾਗਰ ਨੂੰ ਕਵਰ ਕਰਨ ਵਾਲੀ ਜੰਗਬੰਦੀ ਦਾ ਪ੍ਰਸਤਾਵ ਦੇਣਗੇ, ਜੋ ਸੁਰੱਖਿਅਤ ਸ਼ਿਪਿੰਗ ਨਾਲ ਹੀ ਯੂਕਰੇਨ ਵਿੱਚ ਨਾਗਰਿਕਾਂ ਨੂੰ ਮਾਰਨ ਵਾਲੀ ਲੰਬੀ ਦੂਰੀ ਵਾਲੀਆਂ ਮਿਜ਼ਾਈਲਾਂ ਦੇ ਹਮਲਿਆਂ ਨੂੰ ਰੋਕੇਗਾ ਅਤੇ ਕੈਦੀਆਂ ਦੀ ਰਿਹਾਈ ਕਰਵਾਏਗਾ। ਦੋ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਆਪਣੀ ਧਰਤੀ ਦੇ ਦੁਰਲੱਭ ਖਣਿਜਾਂ ਤੱਕ ਪਹੁੰਚ ਬਾਰੇ ਅਮਰੀਕਾ ਨਾਲ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਵੀ ਤਿਆਰ ਹੈ। ਇਹ ਅਜਿਹਾ ਸੌਦਾ ਹੈ ਜਿਸ ਨੂੰ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕਾਫੀ ਉਤਸ਼ਾਹਿਤ ਹਨ। -ਏਪੀ
ਯੂਕਰੇਨ ਤੋਂ ਸੁਣਨਾ ਚਾਹਾਂਗੇ ਉਸ ਦੇ ਵਿਚਾਰ: ਰੂਬੀਓ
ਆਪਣੇ ਜਹਾਜ਼ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕੀ ਵਫ਼ਦ ਤਿੰਨ ਸਾਲ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਕੋਈ ਵਿਸ਼ੇਸ਼ ਉਪਾਅ ਪ੍ਰਸਤਾਵਿਤ ਨਹੀਂ ਕਰੇਗਾ ਬਲਕਿ ਯੂਕਰੇਨ ਤੋਂ ਸੁਣਨਾ ਚਾਹੁੰਦਾ ਹੈ ਕਿ ਉਸ ਦਾ ਕੀ ਵਿਚਾਰ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਇਸ ਬਾਰੇ ਕੋਈ ਸ਼ਰਤ ਨਹੀਂ ਰੱਖ ਰਿਹਾ ਕਿ ਉਨ੍ਹਾਂ ਨੇ ਕੀ ਕਰਨਾ ਹੈ ਜਾਂ ਕੀ ਕਰਨ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇਹ ਸੁਣਨਾ ਚਾਹੁੰਦੇ ਹਾਂ ਕਿ ਉਹ ਕਿੰਨੀ ਦੂਰ ਤੱਕ ਜਾਣ ਨੂੰ ਤਿਆਰ ਹਨ ਅਤੇ ਫਿਰ ਇਸ ਦੀ ਤੁਲਨਾ ਰੂਸੀਆਂ ਦੀਆਂ ਇੱਛਾਵਾਂ ਨਾਲ ਕਰ ਕੇ ਦੇਖਦੇ ਹਾਂ ਤੇ ਦੇਖਦੇ ਹਾਂ ਕਿ ਅਸੀਂ ਅਸਲ ਵਿੱਚ ਵੱਖਰੇਵਾਂ ਕਿੰਨਾ ਹੈ।’’ -ਏਪੀ