For the best experience, open
https://m.punjabitribuneonline.com
on your mobile browser.
Advertisement

ਸਾਉਣੀ ਰੁੱਤ ਦੀ ਮੱਕੀ ’ਤੇ ਕੀੜਿਆਂ ਦੀ ਰੋਕਥਾਮ

04:22 AM May 31, 2025 IST
ਸਾਉਣੀ ਰੁੱਤ ਦੀ ਮੱਕੀ ’ਤੇ ਕੀੜਿਆਂ ਦੀ ਰੋਕਥਾਮ
Advertisement

ਗੁਰਮੇਲ ਸਿੰਘ ਸੰਧੂ/ਸਿਮਰਨਜੀਤ ਕੌਰ*
ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਹ ਮੁੱਖ ਤੌਰ ’ਤੇ ਕਣਕ ਅਤੇ ਝੋਨੇ ’ਤੇ ਹੀ ਨਿਰਭਰ ਕਰਦੀ ਹੈ ਜੋ ਦੇਸ਼ ਦੇ ਅਨਾਜ ਭੰਡਾਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਝੋਨਾ-ਕਣਕ ਫ਼ਸਲ ਪ੍ਰਣਾਲੀ ਭਾਵੇਂ ਜ਼ਿਆਦਾ ਉਤਪਾਦਕ ਹੈ, ਪਰ ਇਸ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ, ਜਿਵੇਂ ਕਿ ਧਰਤੀ ਹੇਠਲੇ ਪਾਣੀ ’ਚ ਗਿਰਾਵਟ, ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਨਾ, ਪੌਸ਼ਟਿਕ ਤੱਤਾਂ ਦੀ ਘਾਟ, ਮਿੱਟੀ ਦੀ ਸਿਹਤ ਵਿੱਚ ਵਿਗਾੜ, ਖੇਤੀ ਰਸਾਇਣਾਂ ਦੀ ਬੇਲੋੜੀ ਵਰਤੋਂ ਆਦਿ।
ਇਨ੍ਹਾਂ ਸਮੱਸਿਆਵਾਂ ਦਾ ਹੱਲ ਫ਼ਸਲੀ ਵਿਭਿੰਨਤਾ ਅਪਨਾਉਣ ਨਾਲ ਹੋ ਸਕਦਾ ਹੈ ਅਤੇ ਸਾਉਣੀ ਰੁੱਤ ਵਿੱਚ ਫ਼ਸਲੀ ਵਿਭਿੰਨਤਾ ਲਿਆਉਣ ਲਈ ਮੱਕੀ ਇੱਕ ਮਹੱਤਵਪੂਰਨ ਫ਼ਸਲ ਹੈ। ਇਸ ਫ਼ਸਲ ਤੋਂ ਵਧੇਰੇ ਝਾੜ ਪ੍ਰਾਪਤ ਕਰਨ ਲਈ ਸਿਫ਼ਾਰਿਸ਼ ਉਤਪਾਦਨ ਤਕਨੀਕਾਂ ਨੁੰ ਅਪਨਾਉਣ ਤੋਂ ਇਲਾਵਾ ਕੀੜੇ ਮਕੌੜਿਆਂ ਦੀ ਸਮੇਂ ਸਿਰ ਢੁੱਕਵੀਂ ਰੋਕਥਾਮ ਬਹੁਤ ਜ਼ਰੂਰੀ ਹੈ। ਸਾਉਣੀ ਰੁੱਤ ਦੀ ਮੱਕੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਵਿੱਚੋਂ ਸਭ ਤੋਂ ਹਾਨੀਕਾਰਕ ਫ਼ਾਲ ਆਰਮੀਵਾਰਮ ਅਤੇ ਮੱਕੀ ਦਾ ਗੜੂੰਆਂ ਹੈ। ਇਸ ਤੋਂ ਇਲਾਵਾ ਕੁੱਝ ਹੋਰ ਕੀੜੇ ਜਿਵੇਂ ਕਿ ਭੱਬੂ ਕੁੱਤਾ, ਸੈਨਿਕ ਸੁੰਡੀ, ਵਾਲਾਂ ਨੂੰ ਕੱਟਣ ਵਾਲੀ ਸੁੰਡੀ, ਤੇਲਾ ਆਦਿ ਵੀ ਕਈ ਵਾਰ ਫ਼ਸਲ ’ਤੇ ਨੁਕਸਾਨ ਕਰਦੇ ਹਨ। ਇੱਥੇ ਮੱਕੀ ਦੇ ਮੁੱਖ ਕੀੜੇ-ਮਕੌੜਿਆਂ ਦੀ ਸਰਵਪੱਖੀ ਰੋਕਥਾਮ ਲਈ ਲੋੜੀਂਦੀ ਜਾਣਕਾਰੀ ਸਾਂਝੀ ਕਰਦੇ ਹਾਂ।
ਫ਼ਾਲ ਆਰਮੀਵਰਮ: ਇਹ ਕੀੜਾ ਸਾਉਣੀ ਰੁੱਤ ਦੀ ਮੱਕੀ ਵਿੱਚ ਗੰਭੀਰ ਹਮਲਾ ਕਰਦਾ ਹੈ ਅਤੇ ਜੇਕਰ ਇਸ ਦੀ ਢੁੱਕਵੀਂ ਰੋਕਥਾਮ ਨਾ ਕੀਤੀ ਜਾਵੇ ਤਾਂ ਫ਼ਸਲ ਦਾ ਕਾਫ਼ੀ ਨੁਕਸਾਨ ਕਰ ਜਾਂਦਾ ਹੈ। ਇਸ ਕੀੜੇ ਦੀਆਂ ਛੋਟੀਆਂ ਸੁੰਡੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਹਨ ਅਤੇ ਵੱਡੀਆਂ ਸੁੰਡੀਆਂ ਗੋਭ ਦੇ ਪੱਤੇ ਵਿੱਚ ਗੋਲ ਤੋਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਸੁੰਡੀਆਂ ਗੋਭ ਨੂੰ ਲਗਭਗ ਪੂਰੀ ਤਰ੍ਹਾਂ ਖਾ ਕੇ ਭਾਰੀ ਮਾਤਰਾ ਵਿੱਚ ਬਿੱਠਾਂ ਕਰਦੀਆਂ ਹਨ। ਇਸ ਸੁੰਡੀ ਦੀ ਪਹਿਚਾਣ ਇਸ ਦੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ‘Y’ ਦੇ ਉਲਟੇ ਨਿਸ਼ਾਨ ਅਤੇ ਪਿਛਲੇ ਸਿਰੇ ਦੇ ਲਾਗੇ ਚੌਰਸਾਕਾਰ ਚਾਰ ਬਿੰਦੂਆਂ ਤੋਂ ਹੁੰਦੀ ਹੈ। ਇਸ ਕੀੜੇ ਦੀ ਰੋਕਥਾਮ ਲਈ ਹੇਠ ਲਿਖੇ ਨੁਕਤੇ ਅਪਣਾਓ:
•ਮੱਕੀ ਦੀ ਬਿਜਾਈ ਸਿਫਾਰਸ਼ ਸਮੇਂ ਅਨੁਸਾਰ ਕਰੋ ਅਤੇ ਨਾਲ ਲੱਗਦੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ’ਤੇ ਨਾ ਕਰੋ ਤਾਂ ਜੋ ਕੀੜੇ ਦਾ ਫੈਲਾਅ ਘਟਾਇਆ ਜਾ ਸਕੇ।
•ਖੇਤਾਂ ਦਾ ਸਰਵੇਖਣ ਲਗਾਤਾਰ ਕਰੋ ਅਤੇ ਪੱਤਿਆਂ ਉੱਪਰ ਦਿੱਤੇ ਕੀੜੇ ਦੇ ਆਂਡਿਆਂ ਨੂੰ ਨਸ਼ਟ ਕਰ ਦਿਉ। ਆਂਡਿਆਂ ਦੇ ਝੁੰਡ ਲੂਈਂ ਨਾਲ ਢੱਕੇ ਹੁੰਦੇ ਹਨ ਅਤੇ ਆਸਾਨੀ ਨਾਲ ਦਿਖ ਜਾਂਦੇ ਹਨ।
•ਲੋੜ ਪੈਣ ’ਤੇ 0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ’ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋਂ ਜਦੋਂਕਿ ਇਸ ਤੋਂ ਬਾਅਦ ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਉ। ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿੱਚ ਵਧਾਓ।
•ਇਸ ਕੀੜੇ ਦੀ ਢੁੱਕਵੀਂ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰਨਾ ਬਹੁਤ ਜ਼ਰੂਰੀ ਹੈ।
•ਹਮਲੇ ਵਾਲੀ ਫ਼ਸਲ ਜੇਕਰ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਜਾਂ ਹਮਲਾ ਧੌੜੀਆਂ ਵਿੱਚ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਣ (ਲਗਭਗ ਅੱਧਾ ਗ੍ਰਾਮ) ਨੂੰ ਹਮਲੇ ਵਾਲੀਆਂ ਗੋਭਾਂ ਵਿੱਚ ਪਾ ਕੇ ਇਸ ਕੀੜੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਮਿਸ਼ਰਣ ਬਣਾਉਣ ਲਈ 5 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 5 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਜਾਂ 25 ਗ੍ਰਾਮ ਡੇਲਫਿਨ ਡਬਲਯੂ ਜੀ (ਬੈਸੀਲਸ ਥੁਰੀਨਜਿਐਨਸਿਸ ਕੁਰਸਟਾਕੀ) ਜਾਂ 25 ਮਿਲੀਲਿਟਰ ਡਾਈਪਲ 8 ਐੱਲ (ਬੈਸੀਲਸ ਥੁਰੀਨਜਿਐਨਸਿਸ ਕੁਰਸਟਾਕੀ) ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਇੱਕ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ। ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਮਿਸ਼ਰਣ ਬਣਾਉਣ ਅਤੇ ਪਾਉਣ ਸਮੇਂ ਦਸਤਾਨੇ ਜ਼ਰੂਰ ਪਹਿਨੇ ਹੋਣ।
ਮੱਕੀ ਦਾ ਗੜੂੰਆਂ: ਅਗੇਤੀ ਬੀਜੀ ਮੱਕੀ ਉੱਪਰ ਮੱਕੀ ਦੇ ਗੜੂਏਂ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਕੀੜੇ ਦਾ ਹਮਲਾ ਧੌੜੀਆਂ ਵਿੱਚ ਹੁੰਦਾ ਹੈ। ਇਸ ਦੀਆਂ ਸੁੰਡੀਆਂ ਆਂਡਿਆਂ ਵਿੱਚੋਂ ਨਿਕਲਦਿਆਂ ਸਾਰ ਹੀ ਪੱਤਿਆਂ ਨੂੰ ਖਰੋਚ ਕੇ ਖਾਣਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਫਿਰ ਗੋਭ ਰਾਹੀਂ ਤਣੇ ਵਿੱਚ ਵੜ ਜਾਂਦੀਆਂ ਹਨ। ਛੋਟੀਆਂ ਸੁੰਡੀਆਂ ਦੇ ਹਮਲੇ ਕਾਰਨ ਗੋਭਾਂ ਵਿੱਚੋਂ ਨਵੇਂ ਨਿਕਲੇ ਪੱਤਿਆਂ ਵਿੱਚ ਨਿੱਕੀਆਂ-ਨਿੱਕੀਆਂ ਮੋਰੀਆਂ (ਲਾਈਨ ਵਿੱਚ) ਬਣ ਜਾਂਦੀਆਂ ਹਨ, ਜਦੋਂਕਿ ਵੱਡੀਆਂ ਸੁੰਡੀਆਂ ਦੇ ਹਮਲੇ ਕਾਰਨ ਗੋਭ ਦਾ ਵਿਚਕਾਰਲਾ ਪੱਤਾ ਛਾਣਨੀ ਹੋ ਜਾਂਦਾ ਹੈ। ਹਮਲੇ ਵਾਲੇ ਛੋਟੇ ਬੂਟਿਆਂ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ। ਸੁੱਕੀ ਗੋਭ ਵਾਲੇ ਬੂਟੇ ਕਈ ਵਾਰ ਫੁੱਟ ਪੈਂਦੇ ਹਨ, ਪਰ ਇਨ੍ਹਾਂ ਨੂੰ ਕੋਈ ਛੱਲੀ ਨਹੀਂ ਪੈਂਦੀ। ਇਸ ਕੀੜੇ ਦੀ ਰੋਕਥਾਮ ਲਈ ਹੇਠਾਂ ਦੱਸਿਆ ਸਰਵਪੱਖੀ ਪ੍ਰਬੰਧਨ ਅਪਣਾਓ;
•ਬਿਜਾਈ ਸਿਫਾਰਿਸ਼ ਸਮੇਂ ਦੌਰਾਨ ਹੀ ਕਰੋ।
•ਗੋਡੀ ਕਰਦੇ ਸਮੇਂ ਗੜੂੰਏਂ ਦੇ ਹਮਲੇ ਵਾਲੇ ਬੂਟੇ ਪੁੱਟ ਕੇ ਨਸ਼ਟ ਕਰ ਦਿਉ।
•ਇਸ ਦੀ ਰੋਕਥਾਮ ਲਈ ਟਰਾਈਕੋਗਰਾਮਾ (ਮਿੱਤਰ ਕੀੜਾ) ਰਾਹੀਂ ਪਰਜੀਵੀ ਕਿਰਿਆ ਕੀਤੇ ਹੋਏ ਕੋਰਸਾਇਰਾ ਦੇ 40,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਵਾਰੀ ਵਰਤੋ। ਇਹ ਆਂਡੇ ਗੂੰਦ ਨਾਲ ਟਰਾਈਕੋਕਾਰਡਾਂ ਉੱਪਰ ਚਿਪਕਾਏ ਹੋਏ ਹੁੰਦੇ ਹਨ। ਟਰਾਈਕੋਕਾਰਡ ਨੂੰ ਪਹਿਲੀ ਵਾਰ 10 ਦਿਨਾਂ ਦੀ ਫ਼ਸਲ ਅਤੇ ਦੂਜੀ ਵਾਰ ਇੱਕ ਹਫ਼ਤੇ ਬਾਅਦ ਵਰਤੋ। ਇਨ੍ਹਾਂ ਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿੱਚ ਇਸ ਤਰ੍ਹਾਂ ਕੱਟੋ ਕਿ ਹਰ ਹਿੱਸੇ ਉੱਪਰ 1000 ਆਂਡੇ ਹੋਣ ਅਤੇ ਕੱਟੇ ਹੋਏ ਹਿੱਸਿਆਂ ਨੂੰ ਗੋਭ ਦੇ ਪੱਤਿਆਂ ਦੇ ਹੇਠਲੇ ਪਾਸੇ ਸ਼ਾਮ ਦੇ ਸਮੇਂ ਖੇਤ ਵਿੱਚ ਇਕਸਾਰ ਦੂਰੀ ’ਤੇ ਪਿੰਨ ਨਾਲ ਨੱਥੀ ਕਰੋ। ਇਹ ਕਾਰਡ ਮੀਂਹ ਵਾਲੇ ਦਿਨ ਨਹੀਂ ਵਰਤਣੇ ਚਾਹੀਦੇ।
•ਬਿਜਾਈ ਤੋਂ 2-3 ਹਫ਼ਤੇ ਪਿੱਛੋਂ ਜਾਂ ਜਿਸ ਵੇਲੇ ਪੱਤਿਆਂ ਉੱਪਰ ਇਸ ਕੀੜੇ ਦਾ ਹਮਲਾ ਦਿਸੇ ਤਾਂ 30 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨੀਲੀਪਰੋਲ) ਨੂੰ 60 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨੈਪਸੈਕ ਪੰਪ ਨਾਲ ਛਿੜਕੋ।
•ਮੱਕੀ ਦੇ ਮੁੱਢਾਂ, ਟਾਂਡਿਆਂ ਅਤੇ ਗੁੱਲਾਂ ਵਿੱਚ ਲੁਕੇ ਹੋਏ ਗੜੂੰਏਂ ਦੀਆਂ ਸੁੰਡੀਆਂ ਮਾਰਨ ਲਈ ਮੱਕੀ ਵੱਢਣ ਤੋਂ ਤੁਰੰਤ ਬਾਅਦ ਖੇਤ ਨੂੰ ਵਾਹ ਦਿਉ ਅਤੇ ਮੁੱਢਾਂ ਨੂੰ ਇਕੱਠੇ ਕਰਕੇ ਨਸ਼ਟ ਕਰ ਦਿਉ।
ਸੈਨਿਕ ਸੁੰਡੀ: ਇਹ ਸੁੰਡੀ ਵੀ ਪੱਤਿਆਂ ਨੂੰ ਖਾਂਦੀ ਹੈ, ਪਰ ਇਹ ਗੜੂੰਏ ਵਾਂਗ ਪੱਤੇ ਵਿੱਚ ਮੋਰੀਆਂ ਨਹੀਂ ਕੱਢਦੀ, ਸਗੋਂ ਇਹ ਕਿਨਾਰਿਆਂ ਤੋਂ ਅੰਦਰ ਵੱਲ ਨੂੰ ਖਾਂਦੀ ਹੈ। ਕਈ ਵਾਰ ਇਹ ਕੀੜਾ ਹਰੀ ਛੱਲੀ ’ਤੇ ਵੀ ਹਮਲਾ ਕਰਦਾ ਹੈ। ਲੋੜ ਪੈਣ ’ਤੇ ਇਸ ਕੀੜੇ ਦੀ ਰੋਕਥਾਮ ਲਈ ਮੱਕੀ ਦੇ ਗੰੜੂਏਂ ਲਈ ਸਿਫਾਰਿਸ਼ ਕੀਟਨਾਸ਼ਕ ਦੀ ਵਰਤੋਂ ਕਰੋ।
ਵਾਲਾਂ ਨੂੰ ਕੱਟਣ ਵਾਲੀ ਸੁੰਡੀ (ਅਮਰੀਕਨ ਸੁੰਡੀ): ਜੱਤਲ ਸੁੰਡੀ, ਸੈਨਿਕ ਕੀੜਾ ਅਤੇ ਹੋਰ ਸੁੰਡੀਆਂ, ਹਰੀ ਛੱਲੀ ਦੇ ਵਾਲਾਂ ਨੂੰ ਕੱਟਦੀਆਂ ਹਨ, ਪਰ ਜ਼ਿਆਦਾ ਨੁਕਸਾਨ ਅਮਰੀਕਨ ਸੁੰਡੀ ਕਰਦੀ ਹੈ। ਕਿਸੇ-ਕਿਸੇ ਸਾਲ ਕੁੱਝ ਖੇਤਰਾਂ ਵਿੱਚ ਮੱਕੀ ਉੱਪਰ ਇਸ ਦਾ ਕਾਫ਼ੀ ਹਮਲਾ ਨਜ਼ਰ ਆਉਂਦਾ ਹੈ। ਛੋਟੀਆਂ ਸੁੰਡੀਆਂ ਬਾਬੂ ਝੰਡਿਆਂ ਅਤੇ ਛੱਲੀ ਦੇ ਵਾਲਾਂ ਨੂੰ ਖਾਣ ਤੋਂ ਬਾਅਦ ਛੱਲੀਆਂ ਵਿੱਚ ਪੱਕ ਰਹੇ ਦਾਣਿਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਪੱਕੀਆਂ ਛੱਲੀਆਂ ਉੱਪਰ ਨੁਕਸਾਨ ਘੱਟ ਹੁੰਦਾ ਹੈ, ਪਰ ਸੁੰਡੀਆਂ ਛੱਲੀਆਂ ਉੱਪਰ ਅਪਣਾ ਮਲ-ਮੂਤਰ ਛੱਡ ਦਿੰਦੀਆਂ ਹਨ, ਜਿਸ ਕਾਰਨ ਹਰੀਆਂ ਛੱਲੀਆਂ ਦਾ ਮੰਡੀ ਵਿੱਚ ਘੱਟ ਮੁੱਲ ਮਿਲਦਾ ਹੈ। ਜੇਕਰ ਹਮਲਾ ਜ਼ਿਆਦਾ ਹੋਵੇ ਤਾਂ ਮੱਕੀ ਦੇ ਗੰੜੂਏਂ ਦੀ ਰੋਕਥਾਮ ਲਈ ਸਿਫਾਰਸ਼ ਕੀਟਨਾਸ਼ਕ ਦੀ ਵਰਤੋਂ ਕਰੋ।
ਭੱਬੂ ਕੁੱਤਾ (ਜੱਤਲ ਸੁੰਡੀ): ਕਦੇ-ਕਦੇ ਜੇਕਰ ਇਸ ਕੀੜੇ ਦੀ ਗਿਣਤੀ ਬਹੁਤ ਵਧ ਜਾਵੇ ਤਾਂ ਇਹ ਬਹੁਤ ਨੁਕਸਾਨ ਕਰਦਾ ਹੈ। ਛੋਟੀਆਂ ਸੁੰਡੀਆਂ ਇਕੱਠੀਆਂ ਹੋ ਕੇ ਪੱਤਿਆਂ ਨੂੰ ਖਾਂਦੀਆਂ ਹਨ, ਜਿਸ ਨਾਲ ਪੱਤੇ ਦੀਆਂ ਨਾੜਾਂ ਦਾ ਜਾਲ ਹੀ ਬਚਦਾ ਹੈ, ਜਦੋਂਕਿ ਵੱਡੀਆਂ ਸੁੰਡੀਆਂ ਪੱਤਿਆਂ ਨੂੰ ਨਾੜੀਆਂ ਸਮੇਤ ਖਾ ਜਾਂਦੀਆਂ ਹਨ। ਵੱਡੀਆਂ ਸੁੰਡੀਆਂ ਇੱਕ ਖੇਤ ਵਿੱਚੋਂ ਦੂਸਰੇ ਖੇਤ ਵਿੱਚ ਚਲੀਆਂ ਜਾਂਦੀਆਂ ਹਨ। ਇਸ ਦੀ ਰੋਕਥਾਮ ਲਈ ਹੇਠਾਂ ਦੱਸੇ ਢੰਗ ਅਪਣਾਉ:
•ਪਤੰਗਿਆਂ ਦੇ ਖਾਤਮੇ ਲਈ ਰੋਸ਼ਨੀ ਯੰਤਰ ਦਾ ਇਸਤੇਮਾਲ ਕਰੋ।
•ਛੋਟੀਆਂ ਸੁੰਡੀਆਂ ਪੱਤਿਆਂ ਉੱਪਰ ਝੁੰਡਾਂ ਵਿੱਚ ਮਿਲਦੀਆਂ ਹਨ, ਅਜਿਹੇ ਪੱਤਿਆਂ ਨੂੰ ਸੁੰਡੀਆਂ ਸਮੇਤ ਤੋੜ ਕੇ ਨਸ਼ਟ ਕਰ ਦਿਉ।
•ਵੱਡੇ ਸੁੰਡ ਪੈਰਾਂ ਹੇਠਾਂ ਮਸਲ ਕੇ ਜਾਂ ਇਕੱਠੇ ਕਰਕੇ ਮਿੱਟੀ ਦੇ ਤੇਲ ਵਾਲੇ ਪਾਣੀ ਵਿੱਚ ਪਾ ਕੇ ਮਾਰੇ ਜਾ ਸਕਦੇ ਹਨ।
ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਕਿਸਾਨ ਵੀਰ ਆਪਣੀ ਸਾਉਣੀ ਦੀ ਮੱਕੀ ਵਿੱਚ ਕੀਟ ਪ੍ਰਬੰਧ ਵਧੀਆ ਤਰੀਕੇ ਨਾਲ ਕਰ ਸਕਦੇ ਹਨ, ਪਰ ਇਸ ਤੋਂ ਇਲਾਵਾ ਜੇਕਰ ਕੋਈ ਮੁਸ਼ਕਿਲ ਆਵੇ ਤਾਂ ਖੇਤੀ ਮਾਹਿਰਾਂ ਦੀ ਰਇ ਜ਼ਰੂਰ ਲੈਣੀ ਚਾਹੀਦੀ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ
ਸੰਪਰਕ: 81462-60400

Advertisement

Advertisement
Advertisement
Advertisement
Author Image

Balwinder Kaur

View all posts

Advertisement