ਸਾਈਬਰ ਕਰਾਈਮ: 24 ਲੱਖ ਰੁਪਏ, 14 ਮੋਬਾਈਲ ਫ਼ੋਨ ਤੇ 43 ਏਟੀਐਮ ਕਾਰਡ ਬਰਾਮਦ; ਤਿੰਨ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 13 ਅਪਰੈਲ
ਕਮਿਸ਼ਨਰੇਟ ਪੁਲੀਸ ਜਲੰਧਰ ਨੇ ਪੁਲੀਸ ਕਮਿਸ਼ਨਰ ਦੀ ਅਗਵਾਈ ਹੇਠ ਸਾਈਬਰ ਧੋਖਾਧੜੀ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਮੁਲਜ਼ਮਾਂ ਤੋਂ 24 ਲੱਖ ਰੁਪਏ, 14 ਮੋਬਾਈਲ ਫ਼ੋਨ, ਲੈਪਟਾਪ, 19 ਬੈਂਕ ਪਾਸਬੁੱਕ ਅਤੇ 43 ਏਟੀਐੱਮ ਕਾਰਡ ਬਰਾਮਦ ਕੀਤੇ। ਸੀਪੀ ਜਲੰਧਰ ਨੇ ਕਿਹਾ ਕਿ ਪੁਲੀਸ ਸਟੇਸ਼ਨ ਨਵੀਂ ਬਾਰਾਂਦਰੀ ਦੀ ਟੀਮ ਨੂੰ ਜਲੰਧਰ ਦੇ ਹੋਟਲ ਐੱਮ-1 ਵਿੱਚ ਸਾਈਬਰ ਧੋਖਾਧੜੀ ਗਰੋਹ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਸੂਚਨਾ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲੀਸ ਨੇ ਮੌਕੇ ’ਤੇ ਛਾਪਾ ਮਾਰਿਆ ਅਤੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਵਰੁਣ ਆਂਚਲ ਵਾਸੀ ਐੱਚ. ਨੰ. 466, ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ, ਅਨਿਲ ਵਾਸੀ ਐੱਚ.ਨੰਬਰ 458, ਮਧੂਬਨ ਕਲੋਨੀ, ਜਲੰਧਰ ਅਤੇ ਦੁਧਾਗਰਾ ਰਿੰਪਲ ਵਾਸੀ ਮੋਰਬੀ ਰੋਡ, ਰਾਜਕੋਟ, ਗੁਜਰਾਤ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਪੁਲੀਸ ਨੇ 24 ਲੱਖ ਭਾਰਤੀ ਰੁਪਏ, 14 ਮੋਬਾਈਲ ਫੋਨ, ਲੈਪਟਾਪ, ਵੱਖ-ਵੱਖ ਨਾਵਾਂ ’ਤੇ 19 ਬੈਂਕ ਪਾਸਬੁੱਕਾਂ ਅਤੇ 43 ਏਟੀਐੱਮ ਕਾਰਡ ਜ਼ਬਤ ਕੀਤੇ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲੀਸ ਨੇ ਹੋਰ ਪੁੱਛ-ਗਿੱਛ ਲਈ ਮੁਲਜ਼ਮਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਪ੍ਰਾਪਤ ਕੀਤਾ ਹੈ। ਸਾਈਬਰ ਧੋਖਾਧੜੀ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।