ਸਾਈਕਲ ਸਟੈਂਡ ਦੇ ਕਰਿੰਦਿਆਂ ਵੱਲੋਂ ਦੋ ਜਣਿਆਂ ਦੀ ਕੁੱਟਮਾਰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਜੂਨ
ਸਥਾਨਕ ਸਿਵਲ ਹਸਪਤਾਲ ਵਿੱਚ ਸਾਈਕਲ ਸਟੈਂਡ ’ਚ ਮੋਟਰਸਾਈਕਲ ਨਾ ਖੜ੍ਹਾਉਣ ਤੋਂ ਹੋਈ ਤਕਰਾਰ ਮਗਰੋਂ ਸਟੈਂਡ ਦੇ ਠੇਕੇਦਾਰ ਤੇ ਉਸਦੇ ਕਰਿੰਦਿਆਂ ਵੱਲੋਂ ਕਥਿਤ ਤੌਰ ’ਤੇ ਦੋ ਜਣਿਆਂ ਦੀ ਕੁੱਟਮਾਰ ਕੀਤੀ ਗਈ। ਮੌਕੇ ’ਤੇ ਪੁੱਜੇ ਪਿੰਡ ਅਕੋਈ ਸਾਹਿਬ ਦੇ ਸਰਪੰਚ ਨਾਲ ਵੀ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਗਈ। ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੀ ਥਾਣਾ ਸਿਟੀ ਪੁਲੀਸ ਵੱਲੋਂ ਹਾਲਾਤ ’ਤੇ ਕਾਬੂ ਪਾਇਆ ਗਿਆ ਅਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਪਿੰਡ ਅਕੋਈ ਸਾਹਿਬ ਦੇ ਵਸਨੀਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਧੀ ਦੇ ਜਨਮ ਸਰਟੀਫਿਕੇਟ ਵਿੱਚ ਗਲਤੀ ਨੂੰ ਸੁਧਾਰਨ ਲਈ ਸਿਵਲ ਹਸਪਤਾਲ ਆਇਆ ਸੀ ਅਤੇ ਉਸਨੇ ਆਪਣਾ ਮੋਟਰਸਾਈਕਲ ਸਿਵਲ ਹਸਪਤਾਲ ਦੇ ਮੁੱਖ ਗੇਟ ਤੋਂ ਬਾਹਰ ਖੜ੍ਹਾ ਕਰ ਦਿੱਤਾ। ਇਸ ਦੌਰਾਨ ਗੇਟ ਕੋਲ ਖੜ੍ਹੇ ਸਾਈਕਲ ਸਟੈਂਡ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਹ ਆਪਣਾ ਮੋਟਰਸਾਈਕਲ ਸਟੈਂਡ ਵਿੱਚ ਲਗਾਉਣ, ਉਹ ਇੱਥੇ ਮੋਟਰਸਾਈਕਲ ਖੜ੍ਹਾ ਨਹੀਂ ਕਰਨ ਦੇਣਗੇ। ਉਨ੍ਹਾਂ ਮੋਟਰਸਾਈਕਲ ਦੀ ਹਵਾ ਕੱਢਣ ਦੀ ਵੀ ਧਮਕੀ ਦਿੱਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਦੋਵਾਂ ਜਣਿਆਂ ਨੇ ਉਸਦੀ ਕੁੱਟਮਾਰ ਕੀਤੀ। ਮੌਕੇ ’ਤੇ ਲੰਘ ਰਹੇ ਪਿੰਡ ਦੇ ਵਸਨੀਕ ਤਰਸਜੀਤ ਸਿੰਘ ਨੇ ਉਸਨੂੰ ਬਚਾਉਣ ਲਈ ਕੋਸ਼ਿਸ਼ਕੀਤੀ ਤਾਂ ਦੋਵਾਂ ਮੁਲਾਜ਼ਮਾਂ ਨੇ ਸਟੈਂਡ ਤੋਂ ਤੇਜ਼ਧਾਰ ਹਥਿਆਰਾਂ ਤੇ ਡੰਡਿਆਂ ਨਾਲ ਦੋਵਾਂ ਦੀ ਕੁੱਟਮਾਰ ਕੀਤੀ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਨੂੰ ਛੁਡਾਇਆ। ਉਨ੍ਹਾਂ ਘਟਨਾ ਬਾਰੇ ਸਰਪੰਚ ਅਤੇ ਪਰਿਵਾਰ ਨੂੰ ਸੂਚਨਾ ਦਿੱਤੀ ਅਤੇ ਜ਼ਖ਼ਮੀ ਹਾਲਤ ਵਿੱਚ ਦੋਵਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਮੌਕੇ ’ਤੇ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਸਰਪੰਚ ਤੇ ਪਿੰਡ ਵਾਸੀਆਂ ਨਾਲ ਵੀ ਬਦਸਲੂਕੀ ਕੀਤੀ। ਥਾਣਾ ਸਿਟੀ ਦੇ ਇੰਚਾਰਜ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਪਰ ਇਸ ਤੋਂ ਪਹਿਲਾਂ ਹੀ ਮੁਲਾਜ਼ਮ ਫ਼ਰਾਰ ਹੋ ਗਏ। ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਜੇਕਰ ਠੇਕੇਦਾਰ ਤੇ ਕਰਿੰਦਿਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਸਿਵਲ ਹਸਪਤਾਲ ਵਿੱਚ ਧਰਨਾ ਦੇਣ ਲਈ ਮਜਬੂਰ ਹੋਣਗੇ।
ਬਿਆਨਾਂ ਅਨੁਸਾਰ ਕਾਰਵਾਈ ਕਰਾਂਗੇ: ਥਾਣਾ ਇੰਚਾਰਜ
ਥਾਣਾ ਸਿਟੀ ਪੁਲੀਸ ਦੇ ਇੰਚਾਰਜ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਦੇ ਬਿਆਨਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।