For the best experience, open
https://m.punjabitribuneonline.com
on your mobile browser.
Advertisement

ਸਾਈਕਲ ’ਤੇ ਮੁਕਲਾਵਾ

04:04 AM Mar 30, 2025 IST
ਸਾਈਕਲ ’ਤੇ ਮੁਕਲਾਵਾ
Advertisement

ਅਵਤਾਰ ਸਿੰਘ ਪਤੰਗ

Advertisement

ਚਾਰ ਕੁ ਦਹਾਕੇ ਪਹਿਲਾਂ ਪੰਜਾਬ ਦੀ ਪੇਂਡੂ ਰਹਿਤਲ ਕਈ‌ ਦਰਜੇ ਗ਼ੁਰਬਤ ਭਰੀ ਅਤੇ ਅੱਜ ਨਾਲੋਂ ਅਸਲੋਂ ਵੱਖਰੀ ਸੀ। ਜ਼ਿਆਦਾਤਰ ਪਿੰਡਾਂ ਵਿੱਚ ਕੱਚੀਆਂ ਸੜਕਾਂ, ਰੇਤਲੇ ਟਿੱਬੇ, ਖੂਹਾਂ ’ਤੇ ਲੱਗੀਆਂ ਟਨ-ਟਨ ਕਰਦੀਆਂ ਹਲਟੀਆਂ। ਆਵਾਜਾਈ ਦੇ ਸਾਧਨ ਬਹੁਤ ਸੀਮਤ। ਸ਼ਹਿਰ ਜਾਣ ਲਈ ਲੱਕੜ ਦੇ ਪਹੀਆਂ ਵਾਲੇ ਗੱਡੇ, ਢੋਆ-ਢੁਆਈ ਲਈ ਖੱਚਰਾਂ, ਊਠ ਜਾਂ ਪਹੀਆਂ ਵਾਲੀਆਂ ਰੇਹੜੀਆਂ। ਟਾਂਗੇ, ਟਰੱਕ ਜਾਂ ਲਾਰੀਆਂ ਆਦਿ ਸ਼ਹਿਰਾਂ ਵਿੱਚ ਹੀ ਦਿਸਦੇ ਸਨ। ਪਿੰਡਾਂ ਵਿੱਚ ਆਵਾਜਾਈ ਦਾ ਵੱਡਾ ਸਾਧਨ ਸਾਈਕਲ ਹੀ ਹੁੰਦਾ ਸੀ। ਉਸ ਜ਼ਮਾਨੇ ਵਿੱਚ ਕਿਸੇ ਕੋਲ ਸਾਈਕਲ ਹੋਣਾ ਅੱਜ ਦੀ ਕਾਰ ਦੇ ਬਰਾਬਰ ਸੀ। ਦਾਜ ਵਿੱਚ ਜੇਕਰ ਕਿਸੇ ਮੁੰਡੇ ਨੂੰ ਸਾਈਕਲ, ਰੇਡੀਓ, ਸਿਲਾਈ ਮਸ਼ੀਨ ਦੇ ਨਾਲ ਘੜੀ ਆ ਜਾਵੇ ਤਾਂ ਉਸ ਦੀ ਸਾਰੇ ਪਿੰਡ ਵਿੱਚ ਚਰਚਾ ਹੁੰਦੀ ਸੀ। ਸਾਈਕਲ ਖਰੀਦਣਾ ਹਾਰੀ-ਸਾਰੀ ਦਾ ਕੰਮ ਨਹੀਂ ਸੀ ਹੁੰਦਾ ਜਿਸ ਦੇ ਭੜੋਲੇ ਵਿੱਚ ਦਾਣੇ ਹੋਣ ਉਹੀ ਇਸ ‘ਸਵਾਰੀ’ ਦਾ ਆਨੰਦ ਮਾਣ ਸਕਦਾ ਸੀ।
ਜਿਨ੍ਹਾਂ ਦਿਨਾਂ ਵਿੱਚ ਚੀਨ ਦੀ ਲੜਾਈ ਦਾ ਰੌਲਾ-ਗੌਲਾ ਚਲਦਾ ਸੀ, ਸਾਡੇ ਪਿੰਡ ਦੇ ਬਚਨ ਸਿਹੁੰ ਮਾਸਟਰ ਨੇ ਇੱਕ ਸੌ ਪੱਚੀ ਰੁਪਏ ਖ਼ਰਚ ਕੇ ਸ਼ਹਿਰੋਂ ਨਵਾਂ ਹਰਕੁਲੀਸ ਸਾਈਕਲ ਕਢਵਾਇਆ ਸੀ। ਜਿੱਥੇ ਵੀ ਚਾਰ ਜ਼ਨਾਨੀਆਂ ਇਕੱਠੀਆਂ ਹੁੰਦੀਆਂ ਬਚਨੇ ਮਾਸਟਰ ਦੀ ਮਾਂ ਮਾਣ‌ਨਾਲ ਕਹਿੰਦੀ, ‘‘ਲੈ ਕੁੜੇ! ਸ਼ੈਕਲ ਕਰਕੇ ਪੁੰਨ ਦਾ ਸਾਕ ਆ ਗਿਆ ਸਾਡੇ ਮੁੰਡੇ ਨੂੰ। ਨਹੀਂ ਤਾਂ ਸੈਂਤ (ਸ਼ਾਇਦ) ਵੱਟੇ ਦਾ ਈ ਜੁੜਨਾ ਸੀ।’’ ਬਚਨਾ ਜਦੋਂ ਕਦੇ ਸ਼ਹਿਰ ਜਾਂਦਾ, ਪੈਦਲ ਜਾਣ ਵਾਲਿਆਂ ਕੋਲੋਂ ਲੰਘਦਿਆਂ ਜ਼ੋਰ ਨਾਲ ਟੱਲੀ ਵਜਾ ਕੇ ਲੰਘਦਾ ਤਾਂ ਜੋ ਲੋਕ ਪਿੱਛੇ ਮੁੜ ਕੇ ਦੇਖ ਲੈਣ ਕਿ ਬਚਨਾ ਜਾ ਰਿਹਾ ਹੈ।
ਉਨ੍ਹਾਂ ਸਮਿਆਂ ਵਿੱਚ ਕੁੜੀਆਂ ਦੇ ਵਿਆਹ ਛੋਟੀ ਉਮਰ ਵਿੱਚ ਕਰ ਦਿੱਤੇ ਜਾਂਦੇ ਸਨ। ਜਦੋਂ ਕੁੜੀ ਅਠਾਰਾਂ-ਵੀਹ ਸਾਲਾਂ ਦੀ ਹੁੰਦੀ ਤਾਂ ਮੁਕਲਾਵਾ ਤੋਰਨ ਬਾਰੇ ਸੋਚਿਆ ਜਾਂਦਾ ਸੀ। ਆਮ‌ਰਿਵਾਜ ਮੁਤਾਬਿਕ ਮੁਕਲਾਵਾ ਵਿਆਹ ਤੋਂ ਤਿੰਨ ਸਾਲ, ਪੰਜ ਸਾਲ ਜਾਂ ਹੱਦ ਸੱਤ ਸਾਲ ਬਾਅਦ ਤੋਰਿਆ ਜਾਂਦਾ ਸੀ।‌ਮੁਕਲਾਵੇ ਤੋਂ ਸਾਲ-ਛੇ ਮਹੀਨੇ ਬਾਅਦ ਤਿਰੌਜਾ ਹੁੰਦਾ ਸੀ। ਮੁਕਲਾਵਾ ਮੰਗਣ ਲਈ ਮੁੰਡੇ ਵਾਲੇ ਸਿੱਧਾ ਪੁੱਛਣ ਦੀ ਬਜਾਏ ਪਹਿਲਾਂ ਵਿਚੋਲੇ ਨੂੰ ਭੇਜ ਕੇ ਕਨਸੋਅ ਲੈਂਦੇ। ਵਿਚੋਲਾ ਰਸਮੀਂ ਸੁੱਖ-ਸਾਂਦ ਪੁੱਛਣ ਤੋਂ ਬਾਅਦ ਕੁੜੀ ਦੇ ਬਾਪ ਕੋਲ ਝਿਜਕਦਾ ਜਿਹਾ ਗੱਲ ਤੋਰਦਾ ਸੀ, ‘‘ਮਾਸੜਾ! ਮੈਂ ਤਾਂ ਐਂ ਆਇਆਂ ਤੀ ਬਈ ਅਗਲੇ (ਮੁੰਡੇ ਵਾਲੇ) ਮੁਕਲਾਵਾ ਮੰਗਦੇ ਐ ਗੁੱਡੀ ਦਾ ਚੜ੍ਹਦੇ ਵਸਾਖ ਦਾ। ਭੈਣ (ਮੁੰਡੇ ਦੀ ਮਾਂ) ਨੂੰ ਵੀ ਕੋਈ ਨਾ ਕੋਈ ਕਸਰ-ਮਸਰ ਚਿੰਬੜੀ ਰਹਿੰਦੀ ਐ। ਜਿੱਦਣ ਦਾ ’ਪ੍ਰੇਸ਼ਨ ਕਰਾਇਆ ਹੱਖਾਂ ਦਾ ਬਸ ਹੁੱਲਾਂ (ਅੱਖਾਂ ’ਚ ਟੀਕਾ ਲਗਵਾਉਣ ਦੀ ਦਰਦ) ਪੈਣ ਤੋਂ ਨੀਂ ਹਟਦੀਆਂ। ਬੜੀ ਅਵਾਜ਼ਾਰ ਐ ਬਚਾਰੀ। ਗੁੱਡੋ ਦੇ ਜਾਣ ਨਾਲ ਘਰ ’ਚ ਰੌਣਕ ਜਈ ਹੋਜੂ... ਬਾਕੀ ਤੁਸੀਂ ਸਲਾਹ ਕਰ ਲਿਓ ਸਾਰੇ ਜਣੇ ਘਰ ’ਚ... ਜਿੱਦਾਂ ਹੋਊ ਦੱਸ ਦਿਓ ਮੈਨੂੰ...।’’ ਵਿਚੋਲੇ ਦੀ ਗੱਲ ਸੁਣ ਕੇ ਘਰ ਵਿੱਚ ਉਦਾਸੀ ਜਿਹੀ ਛਾ ਜਾਂਦੀ। ਫਿਰ ਆਪਸ ਵਿੱਚ ਡੂੰਘਾ ਵਿਚਾਰ-ਵਟਾਂਦਰਾ ਕਰਕੇ ਹੌਸਲੇ ਨਾਲ ਵਿਚੋਲੇ ਨੂੰ ਕਹਿੰਦੇ, ‘‘ਦੇਖ ਭਾਊ... ਧੀਆਂ ਕਦ ਰੱਖੀਆਂ ਘਰ ਕਿਸੇ ਨੇ। ਜਿਨ੍ਹਾਂ ਨੇ ਜੰਮੀਆਂ ਐਂ ਤੋਰ ਕੇ ਈ ਸਰਨਾ। ਤੂੰ ਜਾਣਦਾ ਈ ਐਂ ਮੀਂਹ-ਕਣੀ‌ਨਾ ਹੋਣ ਕਰਕੇ ਐਤਕੀਂ ਕੱਖ-ਕੰਡਾ (ਫ਼ਸਲ-ਬਾੜੀ) ਮਾੜਾ ਈ ਰਿਹੈ। ਐਤਕੀਂ ਤਾਂ ਖਾਣ ਜੋਗੇ ਦਾਣੇ ਵੀ ਨਈਂ ਹੋਏ- ਵੇਚਣੇ ਤਾਂ ਦੂਰ... ਜੇ ਹਾੜ੍ਹ ਮਹੀਨੇ ਦੀ ਪੁੰਨਿਆਂ ਤੱਕ ਮੋਲ੍ਹਤ ਮਿਲ ਜਾਏ ਤਾਂ ਫੇਰ ਸੋਚ ਲਾਂਗੇ। ਅੱਗੇ ਤੂੰ ਆਪ ਸਿਆਣਾ ਐਂ। ਹੁਣ ਖ਼ਾਲੀ ਤਾਂ ਨਈਂ ਤੋਰ ਸਕਦੇ ਧੀ-ਧਿਆਣੀ ਨੂੰ। ਜੇ ਕੁਛ ਵੀ ਨਾ ਕਰੀਏ ਤਾਂ ਵੀ ਦੋ ਲੀਰਾਂ (ਕੱਪੜੇ) ਤਾਂ ਦੇ ਕੇ ਈ ਤੋਰਾਂਗੇ।’’ ਅੱਗੋਂ ਵਿਚੋਲਾ ਤਸੱਲੀ ਦਿੰਦਾ ਹੋਇਆ ਕਹਿੰਦਾ, ‘‘ਲੈ ਮਾਸੜਾ... ਤੂੰ ਕਾਹਨੂੰ ਓਦਰ ਗਿਆ? ਅਸੀਂ ਵੀ ਤਾਂ ਧੀਆਂ ਆਲੇ ਆਂ। ਅਸੀਂ ਤੁਹਾਥੋਂ ਨਾਬਰ ਥੋੜ੍ਹਾ...? ਜਿੱਦਾਂ ਤੁਸੀਂ ਰਾਜੀ ਓਦਾਂ ਈ ਅਸੀਂ।’’
ਬਚਨੇ ਦੇ‌ਮਾਪਿਆਂ ਨੇ ਵੀ ਕੁੜਮਾਚਾਰੀ ਵਿੱਚ ਵਿਚੋਲਾ ਭੇਜ ਕੇ ਬਹੂ ਦਾ ਮੁਕਲਾਵਾ ਮੰਗ ਲਿਆ। ਕੁੜੀ ਵਾਲਿਆਂ ਨੇ ਬਿਨਾਂ ਝਿਜਕ ਫੱਗਣ ਮਹੀਨੇ ਦਾ ਦਿਨ ਬੰਨ੍ਹ ਦਿੱਤਾ। ਬਚਨੇ ਦੇ ਬੇਬੇ-ਬਾਪੂ ਮੁਕਲਾਵੇ ਤੋਂ ਕੁਝ ਦਿਨ ਪਹਿਲਾਂ ਆਪਣੇ ਕੁੜਮਾਂ ਨਾਲ ਜ਼ਰੂਰੀ ਸਲਾਹ-ਮਸ਼ਵਰਾ ਕਰਨ ਲਈ ਚਲੇ ਗਏ। ਗੱਲਾਂ ਕਰਦਿਆਂ ਕੁੜੀ ਦੇ ਬਾਪ ਨੇ ਕਿਹਾ, ‘‘ਚੌਧਰੀ! ਮੈਂ ਸੋਚਦਾਂ ਬਈ ਕੁੜੀ ਨੂੰ ਗੱਡੀ (ਲੱਕੜ ਦੇ ਪਹੀਆਂ ਵਾਲੀ ਬੱਘੀ) ਵਿੱਚ ਤੋਰ ਦਿਆਂ। ਬੀਜ-ਬਜਾਈ ਦੇ ਦਿਨਾਂ ਕਰਕੇ ਕਹਾਰ ਨੀ ਮਿਲਦੇ, ਡੋਲ਼ੇ ਦਾ ਇੰਤਜ਼ਾਮ ਕਰਨਾ ਔਖਾ ਜਿਹਾ ਲੱਗਦੈ।’’ ਅਜੇ ਗੱਲ ਪੂਰੀ ਨਹੀਂ ਸੀ ਹੋਈ ਕਿ ਬਚਨੇ ਦੀ ਬੇਬੇ ਵਿੱਚੋਂ ਬੋਲ ਪਈ, ‘‘ਭਾਈ ਜੀ! ਜਦ ਆਪਣੇ ਕੋਲ ਸ਼ੈਕਲ ਹੈਗਾ ਨਮਾ-ਨਕੋਰ, ਕੋਤਲ ਘੋੜੇ ਅਰਗਾ, ਕਿਆ ਕਰਨੀਆਂ ਗੱਡੀਆਂ? ਬਚਨਾ ਆਊਗਾ ਤੇ ਸ਼ੈਕਲ ’ਤੇ ਬਿਠਾ ਕੇ ਵਹੁਟੀ ਨੂੰ, ਉੱਡਦਾ ਜਾਊਗਾ ਪਿੰਡ ਨੂੰ।’’ ਬਚਨੇ ਦੇ ਸਹੁਰੇ ਨੇ ਖ਼ੁਸ਼ ਹੁੰਦਿਆਂ ਕਿਹਾ, ‘‘ਫਿਰ ਠੀਕ ਐ‌ਭੈਣ ਜੀ... ਜਿੱਦਾਂ ਥੋਨੂੰ ਠੀਕ ਲੱਗੇ। ਸਾਨੂੰ‌ਕਾਹਦਾ‌ਉਜਰ? ਜੀਤੋ ਹੁਣ ਥੋਡੀ ਈ ਐ, ਜਿੱਦਾਂ ਚਾਹੋ ਓਦਾਂ ਲੈ ਜਾਓ...। ਠੀਕ ਐ ਫਿਰ ਆ ਜਿਓ ਬੰਨ੍ਹੇ ਦਿਨ ’ਤੇ ਟੈਮ ਨਾਲ।’’
ਅਗਲੇ ਐਤਵਾਰ ਨੂੰ ਬਚਨੇ ਨੇ ਸੁਵਖਤੇ ਹੀ ਸਹੁਰੇ ਘਰ ਪਹੁੰਚ ਕੇ ਸਾਈਕਲ ਦੀ‌ਟੱਲੀ ਜਾ ਖੜਕਾਈ। ਰੋਟੀ-ਟੁੱਕ ਖਾਣ ਤੋਂ ਬਾਅਦ ਬਚਨੇ ਨੇ ਆਪਣੀ ਸੱਸ ਨੂੰ ਕਿਹਾ, ‘‘ਬੀਬੀ! ਫਿਰ ਕਰ ਲਉ‌ ਤਿਆਰੀ। ਮਾਂ ਕਹਿੰਦੀ ਸੀ ਟੈਮ ਨਾਲ ਮੁੜ ਆਇਓ। ਭੈਣ ਨੂੰ ਤਾਂ ਚਾਅ ਚੜ੍ਹਿਆ ਹੋਇਆ ਆਪਣੀ ਭਾਬੀ ਨੂੰ ਮਿਲਣ ਦਾ...।’’ ਤੁਰਨ ਤੋਂ ਪਹਿਲਾਂ ਬਚਨੇ ਦੀ ਸੱਸ ਨੇ ਇੱਕ ਝੋਲਾ ਕੱਪੜਿਆਂ ਦਾ, ਇੱਕ ਝੋਲਾ ਘਰ ਦੀਆਂ ਟੁੱਕੀਆਂ ਵੜੀਆਂ ਅਤੇ ਆਟੇ ਦੀਆਂ ਸੇਵੀਆਂ ਦਾ ਬਚਨੇ ਨੂੰ ਫੜਾ ਦਿੱਤਾ। ਬਚਨੇ ਨੇ ਦੋਵੇਂ ਝੋਲੇ ਸਾਈਕਲ ਦੇ ਹੈਂਡਲ ਦੇ ਸੱਜੇ ਖੱਬੇ ਬੰਨ੍ਹ ਲਏ। ਬਚਨੇ ਨੇ ਖੇਸ ਦੀ ਤਹਿ ਬਣਾ ਕੇ ਸਾਈਕਲ ਦੇ ਕੈਰੀਅਰ ’ਤੇ ਰੱਖ ਦਿੱਤੀ ਤਾਂ ਕਿ ਜੀਤੋ ਨੂੰ ਕੋਈ ਤਕਲੀਫ਼ ਨਾ ਹੋਵੇ। ਬਚਨੇ ਦੀ ਸੱਸ ਨੇ ਧੀ ਦੇ ਪੱਲੇ ਵਿੱਚ ਇੱਕ ਠੂਠੀ ਅਤੇ ਸਵਾ ਰੁਪਈਏ ਦਾ ਸ਼ਗਨ ਪਾ ਕੇ ਸਿੱਲ੍ਹੀਆਂ ਅੱਖਾਂ ਨਾਲ ਧੀ ਨੂੰ ਤੋਰਦਿਆਂ ਪਿਆਰ ਦਿੱਤਾ ਅਤੇ ਗਲਗਲ ਦੇ ਅਚਾਰ ਦੀ ਇੱਕ ਝੱਕਰੀ ਧੀ ਨੂੰ ਸਾਈਕਲ ਦੇ ਪਿੱਛੇ ਬਿਠਾ ਕੇ ਉਸ ਦੀ ਝੋਲ਼ੀ ਵਿੱਚ ਰੱਖ ਦਿੱਤੀ। ਬਚਨੇ ਨੇ ਸੱਸ ਅਤੇ ਸਹੁਰੇ ਨੂੰ ਮੱਥਾ ਟੇਕ ਕੇ ਸਾਈਕਲ ’ਤੇ‌ਲੱਤ ਦੇ ਦਿੱਤੀ ਅਤੇ ਤੇਜ਼-ਤੇਜ਼ ਪੈਡਲ ਮਾਰਦਾ ਰਾਹੇ ਪੈ ਗਿਆ। ਬਚਨੇ ਨੇ ਆਪਣੀ ਵਹੁਟੀ ਨੂੰ ਤਾਕੀਦ ਕਰਦਿਆਂ ਕਿਹਾ, ‘‘ਜੀਤੋ! ਲੱਤਾਂ ਸਿੱਧੀਆਂ ਰੱਖੀਂ ਤੇ ਕੱਪੜਿਆਂ ਨੂੰ ਸਾਈਕਲ ਵਿੱਚ ਫਸਣ ਤੋਂ ਬਚਾਈਂ।’’
ਬਚਨੇ ਤੋਂ ਮੁਕਲਾਵੇ ਦਾ ਚਾਅ ਸਾਂਭਿਆ ਨਹੀਂ ਸੀ ਜਾਂਦਾ।‌ਉਹ ਪੂਰੇ ਜ਼ੋਰ ਨਾਲ ਸਾਈਕਲ ਭਜਾ ਰਿਹਾ ਸੀ ਅਤੇ ਨਾਲ ਖਰਮਸਤੀ ਜਿਹੀ ਵੀ ਕਰ ਰਿਹਾ ਸੀ। ਦੋ‌ਪੈਡਲ਼ ਮਾਰ ਕੇ, ਪਿੱਛੇ ਮੁੜ ਕੇ ਜੀਤੋ ਨਾਲ ਗੱਲਾਂ ਮਾਰਨ ਲੱਗ ਜਾਂਦਾ। ਉੱਭੜ-ਖਾਬੜ ਕੱਚੀ ਸੜਕ ਹੋਣ ਕਰਕੇ ਸਾਈਕਲ ਡਾਵਾਂਡੋਲ ਹੋ ਰਿਹਾ ਸੀ।‌ਡਿੱਗਣ ਤੋਂ ਡਰਦਿਆਂ ਬਚਨੇ ਦੀ ਵਹੁਟੀ ਨੇ ਅੱਖਾਂ ਮੀਟ ਲਈਆਂ। ਇੱਕ ਹੱਥ ਨਾਲ ਸਾਈਕਲ ਫੜ ਲਿਆ ਤੇ ਦੂਜਾ ਹੱਥ ਅਚਾਰ ਦੀ ਝੱਕਰੀ ਨੂੰ ਪਾ ਲਿਆ। ਸੜਕ ਕੰਢੇ ਇੱਕ ਖਰਬੂਜ਼ੇ ਵੇਚਣ ਵਾਲਾ ਬੈਠਾ ਸੀ। ਜੀਤੋ ਦੀਆਂ ਸਿੱਧੀਆਂ ਕੀਤੀਆਂ ਲੱਤਾਂ ਉਸ ਦੇ ਮੂੰਹ ’ਤੇ ਵੱਜੀਆਂ। ‘‘ਹਾਇ ਓਏ ਮਰ‌ਗਿਆ’’ ਕਹਿ ਕੇ ਖਰਬੂਜ਼ਿਆਂ ਵਾਲਾ ਮੂਧੇ ਮੂੰਹ ਡਿੱਗ ਪਿਆ ਤੇ ਉਸ ਦੀਆਂ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਦੂਰ ਜਾ ਡਿੱਗੀਆਂ। ਸਾਈਕਲ ਡਿੱਗ ਪਿਆ ਤੇ‌ਜੀਤੋ ਅਚਾਰ ਦੀ ਝੱਕਰੀ ਸਮੇਤ ਸੜਕ ’ਤੇ ਜਾ ਪਈ। ਉਸ ਦਾ ਜ਼ਰੀ ਵਾਲਾ ਨਵਾਂ ਸੂਟ ਤੇ ਮਹਿੰਦੀ ਰੰਗੇ ਹੱਥ ਤੇਲ ਨਾਲ ਲੱਥਪੱਥ ਹੋ ਗਏ। ਬਚਨਾ ਮੂੰਹ ਭਾਰ ਸੜਕ ’ਤੇ ਜਾ ਪਿਆ। ਖ਼ਰਬੂਜ਼ਿਆਂ ਵਾਲਾ ਗਾਲ਼ਾਂ ਕੱਢਦਾ ਮਿੱਟੀ ’ਚੋਂ ਆਪਣੀ ਐਨਕ ਲੱਭਣ ਲੱਗਾ। ਜੀਤੋ ਸਿਰ ਸੁੱਟ ਕੇ ਸਿਸਕੀਆਂ ਭਰਨ ਲੱਗੀ‌ਅਤੇ ਬਚਨਾ ਆਪਣੇ ਹੱਡ-ਗੋਡਿਆਂ ਨੂੰ ਘੁੱਟਣ ਲੱਗਾ।
ਤੀਹ-ਪੈਂਤੀ ਵਰ੍ਹਿਆਂ ਬਾਅਦ ਅੱਜ ਵੀ ਜਦੋਂ ਬਚਨਾ ਅਤੇ ਜੀਤੋ ਮੁਕਲਾਵੇ ਦੀ ਗੱਲ ਆਪਣੇ ਨਿਆਣਿਆਂ ਨਾਲ ਕਰਦੇ ਹਨ ਤਾਂ ਉਹ ਹੱਸਦੇ ਵੀ ਹਨ ਤੇ ਸ਼ਰਮਿੰਦਾ ਵੀ ਹੁੰਦੇ ਹਨ।
ਸੰਪਰਕ: 88378-08371

Advertisement
Advertisement

Advertisement
Author Image

Ravneet Kaur

View all posts

Advertisement