For the best experience, open
https://m.punjabitribuneonline.com
on your mobile browser.
Advertisement

ਸਾਂਝ ਦੇ ਪੁਲ

04:29 AM Mar 26, 2025 IST
ਸਾਂਝ ਦੇ ਪੁਲ
Advertisement
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵੱਲੋਂ ਇੱਕ ਦੂਜੇ ਦੇ ਸੂਬੇ ਵਿੱਚ ਬੱਸ ਸੇਵਾ ਮੁਲਤਵੀ ਕਰਨ ਦਾ ਫ਼ੈਸਲਾ ਦੋਵਾਂ ਰਾਜਾਂ ਲਈ ਵੱਡਾ ਝਟਕਾ ਹੈ। ਜਿਸ ਵਿਵਾਦ ਕਾਰਨ ਇਹ ਸਭ ਕੁਝ ਹੋਇਆ ਹੈ, ਉਹ ਵਾਕਈ ਬੇਲੋੜਾ ਸੀ। ਕੁਝ ਦਿਨ ਪਹਿਲਾਂ ਪੰਜਾਬ ਦੇ ਕੁਝ ਖੇਤਰਾਂ ਵਿੱਚ ਹਿਮਾਚਲ ਦੀਆਂ ਬੱਸਾਂ ਨੂੰ ਘੇਰ ਕੇ ਉਨ੍ਹਾਂ ’ਤੇ ਕਈ ਭੜਕਾਊ ਨਾਅਰੇ ਲਿਖ ਦਿੱਤੇ ਗਏ ਸਨ ਤਾਂ ਮਨਾਲੀ ਵਿੱਚ ਪੰਜਾਬ ਦੇ ਵਾਹਨਾਂ ਦਾ ਦਾਖ਼ਲਾ ਰੋਕ ਦੇਣ ਤੋਂ ਭੜਕਿਆ ਵਿਵਾਦ ਵੱਡਾ ਰੂਪ ਧਾਰਨ ਕਰ ਗਿਆ। ਇਸ ਸਬੰਧ ਵਿੱਚ ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਪੰਜਾਬ ਦੇ ਕਈ ਰੂਟਾਂ ’ਤੇ ਆਪਣੀ ਬੱਸ ਸੇਵਾ ਰੋਕ ਦੇਣ ਦਾ ਐਲਾਨ ਕਰ ਦਿੱਤਾ ਗਿਆ ਅਤੇ ਕੱਲ੍ਹ ਪੰਜਾਬ ਰੋਡਵੇਜ਼ ਤੇ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੇ ਵੀ ਹਿਮਾਚਲ ਦੇ ਬਹੁਤ ਸਾਰੇ ਰੂਟਾਂ ’ਤੇ ਆਪਣੀਆਂ ਸੇਵਾਵਾਂ ਰੋਕਣ ਦਾ ਫ਼ੈਸਲਾ ਕੀਤਾ ਹੈ। ਦੋਵੇਂ ਸੂਬਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਬੱਸ ਸੇਵਾ ਰੋਕਣ ਨਾਲ ਲੋਕਾਂ ਨੂੰ ਹੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ। ਜਵਾਲਾਜੀ ਅਤੇ ਚਿੰਤਪੁਰਨੀ ਮੰਦਿਰਾਂ ਲਈ ਜਾਣ ਵਾਲੇ ਸ਼ਰਧਾਲੂਆਂ ਅਤੇ ਰੋਜ਼ ਸਫ਼ਰ ਕਰਨ ਵਾਲੇ ਲੋਕਾਂ ਤੇ ਸੈਲਾਨੀਆਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਹਨ ਅਤੇ ਪ੍ਰਾਈਵੇਟ ਟਰਾਂਸਪੋਰਟਰ ਇਸ ਹਾਲਾਤ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਤੋਂ ਮਨਮਰਜ਼ੀ ਦਾ ਕਿਰਾਇਆ ਵਸੂਲ ਰਹੇ ਹਨ। ਹਾਲਾਤ ਦਾ ਤਕਾਜ਼ਾ ਹੈ ਕਿ ਦੋਵੇਂ ਧਿਰਾਂ ਆਪਸੀ ਗੱਲਬਾਤ ਰਾਹੀਂ ਮਾਮਲੇ ਨੂੰ ਸੁਲਝਾਉਣ ਨਾ ਕਿ ਭੜਕਾਊ ਕਾਰਵਾਈਆਂ ਕਰ ਕੇ ਪਾੜੇ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰਨ।
Advertisement

ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ 20 ਰੂਟਾਂ ’ਤੇ ਆਪਣੀਆਂ ਬੱਸ ਸੇਵਾਵਾਂ ਰੋਕ ਦਿੱਤੀਆਂ ਹਨ ਅਤੇ ਪੰਜਾਬ ਦੇ ਅੱਡਿਆਂ ਵਿੱਚ ਰਾਤਰੀ ਠਹਿਰਾਓ ਬੰਦ ਕਰ ਦਿੱਤਾ ਹੈ। ਗਨੀਮਤ ਇਹ ਹੈ ਕਿ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਵਿਚਕਾਰ ਗੱਲਬਾਤ ਹੋਈ ਹੈ ਅਤੇ ਦੋਵਾਂ ਸੂਬਿਆਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੀ ਆਪਸੀ ਸੰਪਰਕ ਵਿੱਚ ਹਨ। ਬਹਰਹਾਲ, ਕੁਝ ਹੋਰ ਸਰਗਰਮ ਕਦਮ ਵੀ ਪੁੱਟਣ ਦੀ ਲੋੜ ਹੈ। ਦੋਵਾਂ ਸੂਬਿਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਅਜਿਹੇ ਲੋਕਾਂ ਨੂੰ ਨੱਥ ਪਾਉਣ ਦੀ ਲੋੜ ਹੈ ਜਿਨ੍ਹਾਂ ਦੀਆਂ ਭੜਕਾਊ ਕਾਰਵਾਈਆਂ ਨਾਲ ਲੋਕਾਂ ਦੇ ਆਪਸੀ ਭਾਈਚਾਰੇ ਅਤੇ ਸਮਾਜਿਕ ਵਿਵਸਥਾ ਨੂੰ ਸੱਟ ਵੱਜਣ ਦਾ ਖ਼ਤਰਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਅਜਿਹੇ ਕਈ ਅਨਸਰ ਦੇਖੇ ਗਏ ਹਨ ਜੋ ਉੱਥੇ ਘੁੰਮਣ ਗਏ ਪੰਜਾਬੀਆਂ ਨਾਲ ਖਾਹਮਖਾਹ ਉਲਝਦੇ ਹਨ ਅਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਹਨ। ਦਰਅਸਲ, ਕਈ ਸੂਬਿਆਂ ਵਿੱਚ ਘੱਟਗਿਣਤੀਆਂ ਵਿਰੋਧੀ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਸ਼ਾਂਤਮਈ ਸੂਬਾ ਗਿਣਿਆ ਜਾਂਦਾ ਰਿਹਾ ਹੈ ਪਰ ਹੁਣ ਉੱਥੇ ਵੀ ਅਜਿਹੇ ਅਨਸਰ ਸਿਰ ਚੁੱਕ ਰਹੇ ਹਨ। ਹਿਮਾਚਲ ਸਰਕਾਰ ਨੂੰ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਕੁਝ ਲੋਕ ਭੜਕਾਊ ਸਰਗਰਮੀਆਂ ਰਾਹੀਂ ਸੁਰਖ਼ੀਆਂ ਵਿੱਚ ਆਉਣ ਲਈ ਅਜਿਹੇ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹਨ। ਪੁਲੀਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ ਅਤੇ ਜੇ ਉਹ ਅਜਿਹਾ ਕਰਦਾ ਹੈ ਤਾਂ ਉਸ ਨੂੰ ਇਸ ਦੀ ਕੀਮਤ ਅਦਾ ਕਰਨੀ ਪਵੇਗੀ। ਦਰਅਸਲ, ਸਰਕਾਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਖ਼ਾਮੋਸ਼ੀ ਕਾਰਨ ਹੀ ਅਜਿਹੇ ਅਨਸਰਾਂ ਦੇ ਹੌਸਲੇ ਵਧ ਜਾਂਦੇ ਹਨ। ਇਸ ਦੇ ਨਾਲ ਹੀ ਆਪਸੀ ਗੱਲਬਾਤ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਜਨਤਕ ਆਵਾਜਾਈ ਵਿਵਾਦ ਦਾ ਅਖਾੜਾ ਬਣਨ ਦੀ ਬਜਾਇ ਸਾਂਝ ਦਾ ਪੁਲ ਹੀ ਬਣਿਆ ਰਹੇ।

Advertisement
Advertisement

Advertisement
Author Image

Jasvir Samar

View all posts

Advertisement