ਸਾਂਝ ਜਾਗ੍ਰਿਤੀ ਤਹਿਤ ਬਰਿੰਗਲੀ ਸਕੂਲ ’ਚ ਸੈਮੀਨਾਰ
ਦੀਪਕ ਠਾਕੁਰ
ਤਲਵਾੜਾ, 30 ਜਨਵਰੀ
ਇੱਥੇ ਨੇੜਲੇ ਪਿੰਡ ਬਰਿੰਗਲੀ ਦੇ ਸਰਕਾਰੀ ਐਲੀਮੈਂਟਰੀ ਸਕੂਲ ’ਚ ਤਲਵਾੜਾ ਪੁਲੀਸ ਮੁਲਾਜ਼ਮਾਂ ਵੱਲੋਂ ਸਾਂਝ ਜਾਗ੍ਰਿਤੀ ਤਹਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਹੈੱਡ ਕਾਂਸਟੇਬਲ ਵੰਦਨਾ ਅਤੇ ਰਾਮ ਦੁਲਾਰੀ ਨੇ ਵਿਦਿਆਰਥੀਆਂ ਨੂੰ ਚੰਗੀ ਅਤੇ ਮਾੜੀ ਛੋਹ (ਗੁੱਡ ਅਤੇ ਬੈਡ ਟੱਚ) ਬਾਰੇ ਵਿਸਥਾਰਪੂਰਵਕ ਦੱਸਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈੱਡ ਕਾਂਸਟੇਬਲ ਵੰਦਨਾ ਨੇ ਦਸਿਆ ਸੈਮੀਨਾਰ ਦਾ ਮਕਸਦ ਸਮਾਜ ’ਚ ਛੋਟੇ ਬੱਚਿਆਂ ਨਾਲ ਵਧ ਰਹੇ ਜਿਨਸੀ ਸ਼ੋਸ਼ਣ ਜਿਹੇ ਜ਼ੁਰਮਾਂ ’ਤੇ ਰੋਕ ਲਾਉਣਾ ਹੈ, ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨੇ ਸੰਯੁਕਤ ਰੂਪ ’ਚ ਪਹਿਲ ਕਦਮੀ ਕਰਦਿਆਂ ਇਸ ਦੀ ਸ਼ੁਰੂਆਤ ਐਲੀਮੈਂਟਰੀ ਸਕੂਲਾਂ ਤੋਂ ਕੀਤੀ ਹੈ। ਇਸ ਮੁਹਿੰਮ ਤਹਿਤ ਮਹਿਲਾ ਪੁਲੀਸ ਕਰਮਚਾਰੀਆਂ ਵੱਲੋਂ ਸਕੂਲਾਂ ਵਿੱਚ ਜਾ ਕੇ ਸੈਮੀਨਾਰਾਂ ਰਾਹੀਂ ਬੱਚਿਆਂ ਨੂੰ ਗੁੱਡ ਟੱਚ ਬੈਡ ਟੱਚ ਬਾਰੇ ਵਿਸਥਾਰਪੂਰਵਕ ਦਸਿਆ ਜਾ ਰਿਹਾ ਹੈ। ਸੈਮੀਨਾਰ ਦੌਰਾਨ ਪਹਿਲੀ ਤੋਂ ਪੰਜਵੀ ਜਮਾਤ ’ਚ ਪੜ੍ਹਦੇ ਬੱਚਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਹੈਡਕਾਂਸਟੇਬਲ ਰਾਮ ਦੁਲਾਰੀ ਨੇ ਦਸਿਆ ਕਿ ਥਾਣਾ ਤਲਵਾੜਾ ਅਧੀਨ 98 ਐਲੀਮੈਂਟਰੀ ਸਕੂਲ ਆਉਂਦੇ ਹਨ, ਅਤੇ ਹੁਣ ਤੱਕ 60 ਸਕੂਲਾਂ ‘ਚ ਸੈਮੀਨਾਰ ਲਗਾਏ ਜਾ ਚੁੱਕੇ ਹਨ। ਇਸ ਮੌਕੇ ਸਕੂਲ ਇੰਚਾਰਜ ਨਰੇਸ਼ ਮਿੱਡਾ ਅਤੇ ਮੈਡਮ ਏਕਤਾ ਰਾਣੀ ਵੀ ਹਾਜ਼ਰ ਸਨ।