ਸ਼ੰਭੂ ਥਾਣਾ ਘੇਰਨ ਜਾਂਦੇ ਕਿਸਾਨ ਗ੍ਰਿਫ਼ਤਾਰ
ਗੁਰਨਾਮ ਸਿੰਘ ਚੌਹਾਨ/ਸੁਭਾਸ਼ ਚੰਦਰ
ਪਾਤੜਾਂ/ਸਮਾਣਾ 6 ਮਈ
ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰਾਂ ਤੋਂ ਕਿਸਾਨਾਂ ਦਾ ਮੋਰਚਾ ਜਬਰੀ ਚੁੱਕਣ ਅਤੇ ਚੋਰੀ ਅਤੇ ਨੁਕਸਾਨੇ ਸਾਮਾਨ ਦੀ ਭਰਪਾਈ ਲਈ ਥਾਣਾ ਸ਼ੰਭੂ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਅਤੇ ਵਰਕਰਾਂ ਨੂੰ ਪੁਰਾਣਾ ਟੌਲ ਪਲਾਜ਼ਾ ਸਮਾਣਾ ਤੋਂ ਕਾਬੂ ਕਰਕੇ ਪਾਤੜਾਂ ਪੁਲੀਸ ਨੇ ਡੀਐੱਸਪੀ ਪਾਤੜਾਂ ਇੰਦਰਪਾਲ ਚੌਹਾਨ ਦੀ ਅਗਵਾਈ ਹੇਠ ਥਾਣਾ ਘੱਗਾ ਵਿੱਚ ਬੰਦ ਕਰ ਦਿੱਤਾ। ਰੋਸ ਵਜੋਂ ਗ੍ਰਿਫ਼ਤਾਰ ਕਿਸਾਨਾਂ ਨੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਯਾਦਵਿੰਦਰ ਸਿੰਘ ਬੂਰੜ ਅਤੇ ਅਮਰੀਕ ਸਿੰਘ ਕਲਵਾਣੂ ਨੇ ਕਿਹਾ ਕਿ ਕਿਸਾਨੀ ਮੰਗਾਂ ਮੰਨਵਾਉਣ ਲਈ ਬਾਰਡਰ ’ਤੇ ਬੈਠੇ ਕਿਸਾਨਾਂ ’ਤੇ ਪੁਲੀਸ ਨੇ ਤਸ਼ਦੱਦ ਕੀਤਾ ਸੀ। ਇਸੇ ਦੌਰਾਨ ਕਿਸਾਨਾਂ ਦੀਆਂ ਟਰਾਲੀਆਂ, ਪਾਣੀ ਵਾਲੀਆਂ ਟੈਂਕੀਆਂ, ਸ਼ੈੱਡਾਂ ਵਾਲਾ ਸੈਂਕੜੇ ਕੁਇੰਟਲ ਲੋਹਾ, ਭਾਂਡੇ, ਬਿਸਤਰੇ, ਮੰਜੇ, ਕੂਲਰ, ਫਰਿੱਜ਼, ਏਸੀ ਤੇ ਕੀਮਤੀ ਸਾਮਾਨ ਪੁਲੀਸ ਦੀ ਨਜ਼ਰ ਥੱਲੇ ਚੋਰੀ ਕਰਵਾਏ ਜਾਣ ਦੀ ਭਰਪਾਈ ਦੀ ਮੰਗ ਅਤੇ ਸਾਮਾਨ ਚੋਰੀ ਕਰਨ ਵਾਲਿਆਂ ਤੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤੇ ਜਾਣ ਅਤੇ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਨੂੰ ਬੇਰਹਿਮੀ ਨਾਲ ਕੁੱਟਣ ਵਾਲੇ ਐੱਸਐੱਚਓ ਨੂੰ ਗ੍ਰਿਫ਼ਤਾਰ ਕਰਕੇ ਮੁਅੱਤਲ ਕਰਨ ਅਤੇ ਚੋਰਾਂ ਦੀ ਮਦਦ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਕਿਸਾਨ ਅੱਜ ਸ਼ੰਭੂ ਥਾਣੇ ਵੱਲ ਰਵਾਨਾ ਹੋਏ ਸਨ। ਇਸ ਦੌਰਾਨ ਰਾਹ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਨੇ ਫਿਰ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕਿਸਾਨ ਸਰਕਾਰ ਦੀਆਂ ਕਾਰਵਾਈਆਂ ਤੋਂ ਡਰਦੇ ਨਹੀਂ ਆਪਣਾ ਸੰਘਰਸ਼ ਜਾਰੀ ਰੱਖਣਗੇ। ਸਰਕਾਰ ਦੇ ਜ਼ਬਰ ਦਾ ਸਬਰ ਨਾਲ ਜਵਾਬ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦਿਆਲ ਸਿੰਘ, ਰਣਜੀਤ ਸਿੰਘ, ਮਨਦੀਪ ਸਿੰਘ ਭੂਤਗੜ੍ਹ, ਗੁਰਜਿੰਦਰ ਸਿੰਘ ਸਧਾਰਨਪੁਰ, ਬਲਾਕ ਆਗੂ ਸੁੱਖਾ ਸਿੰਘ ਦਫ਼ਤਰੀਵਾਲਾ, ਪ੍ਰਿਤਪਾਲ ਸਿੰਘ, ਬਿੱਕਰ ਸਿੰਘ, ਭੁਪਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਆਦਿ ਹਾਜ਼ਰ ਸਨ। ਡੀਐੱਸਪੀ ਪਾਤੜਾਂ ਇੰਦਰਪਾਲ ਚੌਹਾਨ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਕਿਸੇ ਤਰ੍ਹਾਂ ਦੀ ਗੜਬੜ ਨੂੰ ਰੋਕਣ ਅਤੇ ਅਮਨ ਸ਼ਾਤੀ ਬਣਾਈ ਰੱਖਣ ਲਈ 60 ਕਿਸਾਨਾਂ ਨੂੰ ਸ਼ੰਭੂ ਜਾਣ ਤੋਂ ਰੋਕ ਕੇ ਘੱਗਾ ਥਾਣਾ ਵਿਚ ਨਜ਼ਰਬੰਦ ਕੀਤਾ ਹੈ। ਸ਼ਾਮ ਨੂੰ ਘਰਾਂ ਨੂੰ ਭੇਜ ਦਿੱਤਾ ਜਾਵੇਗਾ।
ਪੁਲੀਸ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਸ਼ੰਭੂ ਥਾਣੇ ਦਾ ਘਿਰਾਓ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਚੌਕਸ ਹੋਈ ਰਾਜਪੁਰਾ ਪੁਲੀਸ ਨੇ ਸਰਹਿੰਦ-ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਸਿਮਰਨ ਢਾਬੇ ਕੋਲ ਬੈਰੀਕੇਡ ਲਾ ਕੇ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਕਾਰਾਂ ਦੀ ਵੀ ਚੈਕਿੰਗ ਕੀਤੀ ਗਈ। ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਖ਼ੁਦ ਕਾਰਵਾਈ ਦੀ ਅਗਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਰਾਜਪੁਰਾ ਦੇ ਡੀਐੱਸਪੀ ਮਨਜੀਤ ਸਿੰਘ, ਘਨੌਰ ਦੇ ਡੀਐੱਸਪੀ ਹਰਮਨ ਪ੍ਰੀਤ ਸਿੰਘ ਚੀਮਾ, ਸਦਰ ਥਾਣੇ ਦੇ ਮੁਖੀ ਗੁਰਮੀਤ ਸਿੰਘ, ਸਿਟੀ ਥਾਣੇ ਦੇ ਮੁਖੀ ਕਿਰਪਾਲ ਸਿੰਘ ਮੋਹੀ, ਘਨੌਰ ਥਾਣੇ ਦੇ ਮੁਖੀ ਸਾਹਿਬ ਸਿੰਘ ਵਿਰਕ ਅਤੇ ਸ਼ੰਭੂ ਥਾਣੇ ਦੇ ਮੁਖੀ ਹਰਪ੍ਰੀਤ ਸਿੰਘ ਸਿੰਘ ਵੱਲੋਂ ਆਪਣੀਆਂ ਪੁਲੀਸ ਪਾਰਟੀਆਂ ਨਾਲ ਥਾਂ-ਥਾਂ ਤੇ ਨਾਕਾਬੰਦੀ ਕੀਤੀ ਹੋਈ ਸੀ। ਜਾਣਕਾਰੀ ਅਨੁਸਾਰ ਪੁਲੀਸ ਦੀ ਸਖ਼ਤ ਨਾਕਾਬੰਦੀ ਕਾਰਨ ਕੋਈ ਵੀ ਕਿਸਾਨ ਸ਼ੰਭੂ ਥਾਣੇ ਦੇ ਬਾਹਰ ਤੱਕ ਨਹੀਂ ਪਹੁੰਚ ਸਕਿਆ। ਪੁਲੀਸ ਨੇ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਤੋਂ ਧਰਨੇ ਵਾਲੀ ਥਾਂ ਵੱਲ ਜਾਣ ਵਾਲੇ ਕਿਸਾਨਾਂ ਸਤਨਾਮ ਸਿੰਘ ਖਲੌਰ, ਗੁਰ ਅਮਨੀਤ ਸਿੰਘ ਮਾਂਗਟ, ਜਸਵੀਰ ਸਿੰਘ ਸਿੱਧੂਪੁਰ ਸਮੇਤ ਅਨੇਕਾਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਕਿਸਾਨ ਆਗੂ ਹਰਿੰਦਰ ਸਿੰਘ ਲਾਖਾ ਅਤੇ ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜਪੁਰਾ ਦੇ ਪ੍ਰਧਾਨ ਅਤੇ ਬਾਗ਼ੀ ਧੜੇ ਸੀਨੀਅਰ ਅਕਾਲੀ ਆਗੂ ਅਬਰਿੰਦਰ ਸਿੰਘ ਕੰਗ ਨੇ ਪੁਲੀਸ ਵੱਲੋਂ ਕਿਸਾਨਾਂ ਦੀ ਫੜੋ ਫੜਾਈ ਦੀ ਨਿਖੇਧੀ ਕੀਤੀ ਹੈ।