ਸ਼ੋਭਾ ਯਾਤਰਾ ਦੀ ਇਜਾਜ਼ਤ ਨਾ ਮਿਲੀ
ਨਵੀਂ ਦਿੱਲੀ, 12 ਅਪਰੈਲ
ਦਿੱਲੀ ਪੁਲੀਸ ਨੇ ਵਿਸ਼ਵ ਹਿੰਦੂ ਪਰਿਸ਼ਦ ਨੂੰ ਸੰਵੇਦਨਸ਼ੀਲਤਾ ਅਤੇ ਕਾਨੂੰਨ ਵਿਵਸਥਾ ’ਤੇ ਪ੍ਰਭਾਵ ਦੇ ਮੱਦੇਨਜ਼ਰ ਹਨੂੰਮਾਨ ਜੈਅੰਤੀ ਮੌਕੇ ਉੱਤਰ ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਖੇਤਰ ਵਿੱਚ ਸ਼ੋਭਾ ਯਾਤਰਾ ਕੱਢਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਪਿਛਲੇ ਦਿਨ ਹੀ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। ਨੋਟਿਸ ਵਿੱਚ ਆਖਿਆ ਗਿਆ ਹੈ ਕਿ ਸ਼ਨਿਚਰਵਾਰ ਨੂੰ ਹਨੂੰਮਾਨ ਜੈਅੰਤੀ ਮੌਕੇ ਦੁਪਹਿਰ 12 ਵਜੇ ਤੋਂ ਏ-ਬਲਾਕ ਜਹਾਂਗੀਰਪੁਰੀ ਤੱਕ ਸ਼ੋਭਾ ਯਾਤਰਾ ਦੀ ਇਜਾਜ਼ਤ ਦੇਣ ਦੀ ਤੁਹਾਡੀ ਅਰਜ਼ੀ ’ਤੇ ਵਿਚਾਰ ਕੀਤਾ ਗਿਆ, ਪਰ ਖੇਤਰ ਵਿੱਚ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਸ ਸਬੰਧੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਹਾਲਾਂਕਿ ਮੰਦਰ ਦੇ ਖੇਤਰ ਵਿੱਚ ਸਮਾਗਮ ਮਨਾਇਆ ਜਾ ਸਕਦਾ ਹੈ। ਹਨੂੰਮਾਨ ਜੈਅੰਤੀ ਦੇ ਮੌਕੇ ਕੋਈ ਘਟਨਾ ਨਾ ਵਾਪਰ ਜਾਵੇ, ਇਸ ਦੇ ਮੱਦੇਨਜ਼ਰ ਪੁਲੀਸ ਨੇ ਮੰਦਰ ਦੇ ਨੇੜਲੇ ਖੇਤਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ।
ਖੇਤਰ ਵਿੱਚ ਸ਼ੋਭਾ ਯਾਤਰਾ ਸਜਾਏ ਜਾਣ ਲਈ ਕਈ ਹਿੰਦੂ ਸੰਗਠਨਾਂ ਦੀਆਂ ਘੋਸ਼ਨਾਵਾਂ ਮਗਰੋਂ ਪੁਲੀਸ ਅਧਿਕਾਰੀ ਮੁਸ਼ਤੈਦ ਹੋ ਗਏ ਹਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਹਿਤਿਆਤ ਵਜੋਂ ਰੈਪਿਡ ਐਕਸ਼ਨ ਫੋਰਸ (ਆਰਏਐੱਫ) ਦੀਆਂ ਟੁਕੜੀਆਂ ਅਤੇ ਦਿੱਲੀ ਪੁਲੀਸ ਦੇ ਵਾਧੂ ਜਵਾਨਾਂ ਨੂੰ ਜਹਾਂਗੀਰਪੁਰੀ ਦੇ ਅਤਿ ਸੰਵੇਦਨਸ਼ੀਲ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਨੂੰਮਾਨ ਜੈਅੰਤੀ ਦੇ ਮੱਦੇਨਜ਼ਰ ਅੱਜ ਸਵੇਰ ਤੋਂ ਹੀ ਮੰਦਰ ਦੇ ਅੱਗੇ ਕਤਾਰਾਂ ਲੱਗ ਗਈਆਂ ਸਨ। -ਪੀਟੀਆਈ