ਸ਼ੁਭਮਨ ਗਿੱਲ ਦਾ ਜੱਦੀ ਪਿੰਡ ਹੈ ਫ਼ਾਜ਼ਿਲਕਾ ਦਾ ਚੱਕ ਖੇੜਾ ਵਾਲਾ
ਨਵੀਂ ਦਿੱਲੀ, 24 ਮਈ
ਸ਼ੁਭਮਨ ਗਿੱਲ 20 ਜੂਨ ਨੂੰ ਜਦੋਂ ਚਿੱਟੀ ਜਰਸੀ ਉਪਰ ਨੀਲੇ ਰੰਗ ਦਾ ਕੋਟ ਪਾ ਕੇ ਇੰਗਲੈਂਡ ਦੇ ਲੀਡਜ਼ ਮੈਦਾਨ ’ਤੇ ਟਾਸ ਕਰਨ ਉਤਰੇਗਾ ਤਾਂ ਉਸ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਅਤੇ ਦਾਦਾ ਦੀਦਾਰ ਸਿੰਘ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਵੇਗਾ। ਲਖਵਿੰਦਰ ਸਿੰਘ ਨੇ ਜਦੋਂ ਸ਼ੁਭਮਨ ਦੇ ਕ੍ਰਿਕਟ ਦੇ ਹੁਨਰ ਨੂੰ ਦੇਖ ਕੇ ਭਾਰਤ-ਪਾਕਿਸਤਾਨ ਸਰਹੱਦ ਤੋਂ ਮਹਿਜ਼ 10 ਕਿਲੋਮੀਟਰ ਦੂਰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਆਪਣੇ ਪਿੰਡ ਚੱਕ ਖੇੜਾ ਵਾਲਾ ਤੋਂ ਮੁਹਾਲੀ ਜਾਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਕੋਲ ਕੋਈ ਹੋਰ ਦੂਜੀ ਯੋਜਨਾ ਨਹੀਂ ਸੀ। ਉਸ ਵੇਲੇ ਸ਼ੁਭਮਨ ਨੌਂ ਸਾਲਾਂ ਦਾ ਸੀ। ਇਸ ਮਗਰੋਂ ਸ਼ੁਭਮਨ ਨੇ ਸਖ਼ਤ ਮਿਹਨਤ ਕੀਤੀ। ਗਿੱਲ ਦੇ ਸੁਪਨਿਆਂ ਨੂੰ 2011 ਵਿੱਚ ਉਸ ਵੇਲੇ ਉਡਾਣ ਭਰਨ ਦਾ ਵੱਡਾ ਮੌਕਾ ਮਿਲਿਆ ਜਦੋਂ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਕਰਸਨ ਘਾਵਰੀ ਦੀ ਨਜ਼ਰ ਉਸ ’ਤੇ ਪਈ। ਘਾਵਰੀ ਬੀਸੀਸੀਆਈ ਦੀ ਮਦਦ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਲਾਏ ਗਏ ਤੇਜ਼ ਗੇਂਦਬਾਜ਼ਾਂ ਦੇ ਕੈਂਪ ਵਿੱਚ ਗਏ ਸਨ। ਇਥੇ ਉਹ ਗਿੱਲ ਦੀ ਤਕਨੀਕ ਦੇਖ ਕੇ ਪ੍ਰਭਾਵਿਤ ਹੋਏ। ਘਾਵਰੀ ਦੀ ਸਿਫਾਰਸ਼ ਤੋਂ ਬਾਅਦ ਗਿੱਲ ਨੂੰ ਪੰਜਾਬ ਅੰਡਰ-14 ਟੀਮ ਵਿੱਚ ਸ਼ਾਮਲ ਕੀਤਾ ਗਿਆ। ਜਦੋਂ ਭਾਰਤੀ ਟੀਮ 2018 ਦੇ ਦੌਰੇ ਲਈ ਇੰਗਲੈਂਡ ਜਾ ਰਹੀ ਸੀ, ਤਾਂ ਐੱਮਐੱਸਕੇ ਪ੍ਰਸਾਦ ਦੀ ਚੋਣ ਕਮੇਟੀ ਨੇ ਅਨਮੋਲਪ੍ਰੀਤ ਸਿੰਘ ਨੂੰ ਟੀਮ ਵਿੱਚ ਮੌਕਾ ਦੇਣ ਦਾ ਫੈਸਲਾ ਕੀਤਾ ਸੀ ਪਰ ਕੋਚ ਰਾਹੁਲ ਦ੍ਰਾਵਿੜ ਦੀ ਬੇਨਤੀ ’ਤੇ ਗਿੱਲ ਨੂੰ ਚੁਣਿਆ ਗਿਆ। ਸ਼ੁਭਮਨ ਨੇ ਕੁਝ ਮਹੀਨਿਆਂ ਬਾਅਦ ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ। -ਪੀਟੀਆਈ