ਸ਼ੀਰਨ ਨੇ ਸ਼ਾਹਰੁਖ਼ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
ਨਵੀਂ ਦਿੱਲੀ: ਬਰਤਾਨਵੀ ਗਾਇਕ ਐਡ ਸ਼ੀਰਨ ਨੇ ਆਪਣੀ ਭਾਰਤ ਯਾਤਰਾ ਦੌਰਾਨ ਬੌਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਤੇ ਹੋਰ ਹਸਤੀਆਂ ਨਾਲ ਆਪਣੀ ਮੁਲਾਕਾਤ ਦੀ ਇੱਕ ਪੁਰਾਣੀ ਪੋਸਟ ਸਾਂਝੀ ਕੀਤੀ ਹੈ। ‘ਸ਼ੇਪ ਆਫ ਯੂ’, ‘ਬੈਡ ਹੈਬਿਟਸ’ ਅਤੇ ‘ਥਿੰਕਿੰਗ ਆਊਟ ਲਾਊਡ’ ਵਰਗੇ ਮਕਬੂਲ ਗੀਤਾਂ ਦਾ ਬਰਤਾਨਵੀ ਗਾਇਕ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਮੈਥਮੈਟਿਕਸ ਟੂਰ ਤਹਿਤ ਭਾਰਤ ਆਇਆ ਸੀ। ਉਸ ਨੇ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹ ਸ਼ਾਹਰੁਖ਼ ਨਾਲ ਨਜ਼ਰ ਆ ਰਿਹਾ ਹੈ। ਉਸ ਨੇ ਇਸ ਪੋਸਟ ਹੇਠਾਂ ਲਿਖਿਆ, ‘‘ਮੈਂ ਇਸ ਸ਼ਾਹਰੁਖ਼ ਨੂੰ ਬਹੁਤ ਪਸੰਦ ਕਰਦਾ ਹਾਂ।’’ ਸ਼ੀਰਨ ਨੇ ਜਨਵਰੀ ਤੋਂ ਫਰਵਰੀ ਦਰਮਿਆਨ ਆਪਣੇ ਦੌਰੇ ਦੌਰਾਨ ਪੁਣੇ, ਹੈਦਰਾਬਾਦ, ਚੇਨੱਈ, ਬੰਗਲੁਰੂ, ਸ਼ਿਲਾਂਗ ਅਤੇ ਦਿੱਲੀ ਐੱਨਸੀਆਰ ਸਮੇਤ ਛੇ ਸ਼ਹਿਰਾਂ ਵਿੱਚ ਪ੍ਰੋਗਰਾਮ ਕੀਤੇ ਸਨ। ਸ਼ੀਰਨ ਨੇ ਸੋਮਵਾਰ ਨੂੰ ਆਪਣੇ ਗੀਤ ‘ਸੈਫਾਇਰ’ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਆਪਣੇ ਇੰਸਟਾਗ੍ਰਾਮ ’ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਅਪਲੋਡ ਕੀਤੇ। ਇੱਕ ਹੋਰ ਫੁਟੇਜ ਵਿੱਚ ਸ਼ੀਰਨ ਅਤੇ ਬੌਲੀਵੁੱਡ ਗਾਇਕ ਅਰਿਜੀਤ ਸਿੰਘ ਇਕੱਠੇ ਕਾਫ਼ੀ ਪੀਂਦੇ ਦਿਖਾਈ ਦੇ ਰਹੇ ਹਨ। ‘ਸੈਫਾਇਰ’ ਗੀਤ 5 ਜੂਨ ਨੂੰ ਰਿਲੀਜ਼ ਹੋਵੇਗਾ। ਇਹ ਸ਼ੀਰਨ ਦੀ ਐਲਬਮ ‘ਪਲੇਅ’ ਦਾ ਹਿੱਸਾ ਹੈ। ਉਸ ਨੇ ਸੰਗੀਤਕਾਰ ਏਆਰ ਰਹਿਮਾਨ ਨਾਲ ਫਰਵਰੀ ਵਿੱਚ ਚੇਨੱਈ ’ਚ ਹੋਏ ਪ੍ਰੋਗਰਾਮ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਸ਼ੀਰਨ ਨੇ ਪਹਿਲੀ ਵਾਰ 2015 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਬਾਅਦ ਵਿੱਚ ਉਸ ਨੇ 2017 ਅਤੇ 2019 ਵਿੱਚ ਭਾਰਤ ’ਚ ਸ਼ੋਅ ਕੀਤੇ ਸਨ। -ਪੀਟੀਆਈ