ਸ਼ਿਵ ਮੰਦਰ ਕੰਪਲੈਕਸ ਵਿੱਚ ਖੂਨਦਾਨ ਕੈਂਪ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 27 ਜੂਨ
ਭਾਰਤੀ ਸਟੇਟ ਬੈਂਕ ਆਫ ਇੰਡੀਆ ਦੇ ਸਥਾਪਨਾ ਦਿਵਸ ਮੌਕੇ ਸੈਕਟਰ-5 ਦੇ ਸ਼ਿਵ ਮੰਦਰ ਕੰਪਲੈਕਸ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ’ਚ ਬੈਂਕ ਦੇ ਖੇਤਰੀ ਪ੍ਰਬੰਧਕ ਵਿਨੀਤ ਕੁਮਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕੈਂਪ ਦੀ ਪ੍ਰਧਾਨਗੀ ਮੁੱਖ ਪ੍ਰਬੰਧਕ ਗਰਿਮਾ ਰਾਣੀ, ਮਾਨਵ ਸੰਸਾਧਨ ਪ੍ਰਬੰਧਕ ਇਸ਼ਾਣੀ ਤੇ ਉਪ ਪ੍ਰਬੰਧਕ ਪੰਕਜ ਸ਼ਰਮਾ ਨੇ ਕੀਤੀ। ਮੁੱਖ ਮਹਿਮਾਨ ਵਿਨੀਤ ਕੁਮਾਰ ਨੇ ਖੂਨਦਾਨੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਨੇ ਖੂਨਦਾਨੀਆਂ ਨੂੰ ਬੈਜ ਲਗਾ ਕੇ ਉਤਸ਼ਾਹਿਤ ਕੀਤਾ ਤੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਖੂਨਦਾਨ ਵਰਗੇ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਵਿਅਕਤੀ ਵਿਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ। ਖੂਨਦਾਨ ਕਰਨ ਵਾਲੇ ਸਦਾ ਤੰਦਰੁਸਤ ਰਹਿੰਦੇ ਹਨ। ਗਰਿਮਾ ਰਾਣੀ ਨੇ ਕਿਹਾ ਕਿ ਖੂਨਦਾਨ ਨਾਲ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ। ਕੈਂਪ ਦੇ ਕੋਆਰਡੀਨੇਟਰ ਡਾ. ਅਸ਼ੋਕ ਕੁਮਾਰ ਵਰਮਾ ਨੇ ਕਿਹਾ ਕਿ ਅੱਜ ਦਾ ਕੈਂਪ ਸਟੇਟ ਬੈਂਕ ਆਫ ਇੰਡਿਆ ਦਾ ਸਹਿਯੋਗ ਨਾਲ ਲਾਇਆ ਗਿਆ ਹੈ। ਡਾ. ਵਰਮਾ ਨੇ ਕਿਹਾ ਕਿ ਉਹ 551 ਵਾਰ ਖੂਨਦਾਨ ਕੈਂਪ ਲਾਉਣ ਦੇ ਨਾਲ ਨਾਲ ਖੁਦ 178 ਵਾਰ ਖੂਨਦਾਨ ਕਰ ਚੁੱਕੇ ਹਨ। ਮੰਚ ਸੰਚਾਲਨ ਡਾ. ਵਰਮਾ ਨੇ ਕੀਤਾ। ਇਸ ਮੌਕੇ 57 ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਡਾ. ਵਰਮਾ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਦਾ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ।