ਸ਼ਾਮਲਾਤ ਦਾ ਕਬਜ਼ਾ ਲੈਣ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਖਦੇੜਿਆ
ਦਵਿੰਦਰ ਸਿੰਘ
ਯਮੁਨਾਨਗਰ, 12 ਮਾਰਚ
ਸਢੌਰਾ ਪਿੰਡ ਵਿੱਚ ਸ਼ਾਮਲਾਤ ਜ਼ਮੀਨ ’ਤੇ ਕਬਜ਼ਾ ਲੈਣ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਭਜਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਕੋਲ ਜੋ ਦੇਹ ਸ਼ਾਮਲਾਤ ਜ਼ਮੀਨ ਹੈ, ਉਹ ਉਨ੍ਹਾਂ ਦੇ ਪੁਰਖਿਆਂ ਦੀ ਜ਼ਮੀਨ ਹੈ ਅਤੇ ਕਿਸਾਨਾਂ ਦਾ ਉਸ ਜ਼ਮੀਨ ’ਤੇ ਪੂਰਾ ਮਾਲਕੀ ਹੱਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਜ਼ਮੀਨ ਖੋਹ ਕੇ ਉਨ੍ਹਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਦੋ ਦਿਨ ਪਹਿਲਾਂ ਹੀ ਕਾਨੂੰਗੋ ਅਤੇ ਪਟਵਾਰੀ ਆਪਣੀ ਟੀਮ ਨਾਲ ਯਮੁਨਾਨਗਰ ਦੇ ਸਢੌਰਾ ਇਲਾਕੇ ਦੇ ਇਸਮਾਈਲਪੁਰ ਪਿੰਡ ਵਿੱਚ ਕਿਸਾਨਾਂ ਸਫੀ ਮੁਹੰਮਦ ਉਰਫ਼ ਪੋਲਾ ਨਵਾਬ ਅਲੀ ਅਤੇ ਰਾਮਕਰਨ ਦੀ ਲਗਪਗ 45 ਏਕੜ ਜ਼ਮੀਨ ’ਤੇ ਕਬਜ਼ਾ ਕਰਨ ਲਈ ਆਏ ਸਨ। ਜਿਵੇਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ, ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਉੱਥੇ ਪਹੁੰਚ ਗਏ। ਕਿਸਾਨਾਂ ਦੇ ਡਰ ਕਾਰਨ ਅਧਿਕਾਰੀ ਉੱਥੋਂ ਭੱਜ ਗਏ। ਯੂਨੀਅਨ ਆਗੂ ਗੁੱਜਰ ਨੇ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਤਾਂ ਗੱਲ ਕਰਦੀ ਹੈ ਅਤੇ ਹਾਲ ਹੀ ਵਿੱਚ ਵਪਾਰੀਆਂ ਦੇ 12 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਸਨ ਪਰ ਕਿਸਾਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਉਨ੍ਹਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਅਤੇ ਸ਼ਹੀਦ ਭਗਤ ਸਿੰਘ ਯੂਨੀਅਨ ਦੇ ਕਿਸਾਨ ਪਿੰਡ ਇਸਮਾਈਲਪੁਰ ਵਿੱਚ ਇਕੱਠੇ ਹੋਏ, ਉਨ੍ਹਾਂ ਨੇ ਉੱਥੋਂ ਅਧਿਕਾਰੀਆਂ ਨੂੰ ਭਜਾ ਦਿੱਤਾ ਅਤੇ ਕਿਹਾ ਕਿ ਇਹ ਜ਼ਮੀਨ ਸਾਡੀ ਹੈ, ਇਸ ਜ਼ਮੀਨ ’ਤੇ ਸਾਡਾ ਮਾਲਕੀ ਹੱਕ ਹੈ ਅਤੇ ਅੱਜ ਪਿੰਡ ਇਸਮਾਈਲਪੁਰ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ ਸਣੇ ਦੀਪ ਰਾਣਾ ਸੂਬਾ ਉਪ ਪ੍ਰਧਾਨ, ਮਾਨਸਿੰਘ ਮਜਾਫਤ, ਸੁਭਾਸ਼ ਸ਼ਰਮਾ, ਕਿਸਾਨ ਆਗੂ ਸੁਖਦੇਵ ਸਲੇਮਪੁਰ, ਜਨਕ ਪਾਂਡੋ, ਮਹਿੰਦਰ ਚਮਰੋੜੀ ਸਣੇ ਪੂਰੀ ਜ਼ਿਲ੍ਹਾ ਟੀਮ ਦਾ ਧੰਨਵਾਦ ਕੀਤਾ।
ਉਨ੍ਹਾਂ ਸਾਰੇ ਕਿਸਾਨਾਂ ਨੂੰ 15 ਮਾਰਚ ਨੂੰ ਪ੍ਰਤਾਪ ਨਗਰ ਦੀ ਅਨਾਜ ਮੰਡੀ ਵਿੱਚ ਬੀਕੇਯੂ ਦੀ ਮਹੱਤਵਪੂਰਨ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ । ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੀ ਇੱਕ ਮਹੱਤਵਪੂਰਨ ਮੀਟਿੰਗ 20 ਮਾਰਚ ਨੂੰ ਕੁਰੂਕਸ਼ੇਤਰ ਵਿੱਚ ਹੋਵੇਗੀ, ਜਿਸ ਵਿੱਚ ਇੱਕ ਸਖ਼ਤ ਫੈਸਲਾ ਲਿਆ ਜਾਵੇਗਾ।
ਅੱਜ ਇਸ ਮੌਕੇ ਦਿਲਬਾਗ ਤਾਹਰਪੁਰ, ਸੁਭਾਸ਼ ਹਰਤੌਲ, ਜਸਵਿੰਦਰ ਅਜ਼ੀਜ਼ਪੁਰ, ਬੀਰ ਸਿੰਘ ਸੰਧੂ, ਸੁਭਾਸ਼ ਸ਼ਰਮਾ, ਨਾਇਬ ਸਲੇਮਪੁਰ, ਅਮਰਜੀਤ ਸਲੇਮਪੁਰ, ਪਵਨ ਗੋਇਲ, ਸੁਖਦੇਵ ਟਿੱਬੀ, ਰਾਜਬੀਰ ਅਹਾੜਵਾਲਾ ਮੌਜੂਦ ਸਨ।
ਕਬਜ਼ਾ ਲੈੇਣ ਲਈ ਆਉਣ ਵਾਲੇ ਅਧਿਕਾਰੀਆਂ ਨੂੰ ਬੰਦੀ ਬਣਾਉਣ ਦੀ ਚਿਤਾਵਨੀ
ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ ਨੇ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਅਤੇ ਨਸਲਾਂ ਨੂੰ ਬਚਾਉਣ ਅਤੇ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ । ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ’ਤੇ ਫਿਰ ਤੋਂ ਤਿੰਨ ਪੁਰਾਣੇ ਕਾਲੇ ਕਾਨੂੰਨ ਥੋਪ ਰਹੀ ਹੈ। ਖੇਤੀਬਾੜੀ ਮਾਰਕੀਟਿੰਗ ਨੀਤੀ ਉਨ੍ਹਾਂ ਤਿੰਨ ਕਾਲੇ ਕਾਨੂੰਨਾਂ ਦਾ ਖਰੜਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰੀ ਅਧਿਕਾਰੀ ਯਮੁਨਾਨਗਰ ਜ਼ਿਲ੍ਹੇ ਦੇ ਕਿਸੇ ਵੀ ਕਿਸਾਨ ਦੀ ਜ਼ਮੀਨ ’ਤੇ ਕਬਜ਼ਾ ਕਰਦੇ ਹਨ ਤਾਂ ਉਨ੍ਹਾਂ ਨੂੰ ਬੰਧੀ ਬਣਾ ਲਿਆ ਜਾਵੇਗਾ।