ਸ਼ਾਇਰ ਗੁਰਚਰਨ ਸਿੰਘ ਗਿੱਲ ਮਨਸੂਰ ਦਾ ਜਨਮ ਦਿਨ ਮਨਾਇਆ
ਹਰਦਮ ਮਾਨ
ਸਰੀ: ਬੀਤੇ ਐਤਵਾਰ ਪੰਜਾਬੀ ਅਤੇ ਉਰਦੂ ਦੇ ਨਾਮਵਰ ਸ਼ਾਇਰ ਮਰਹੂਮ ਗੁਰਚਰਨ ਸਿੰਘ ਗਿੱਲ ਮਨਸੂਰ ਦਾ 100ਵਾਂ ਜਨਮ ਦਿਨ ਮਨਾਇਆ ਗਿਆ। ਡੇਢ ਕੁ ਸਾਲ ਪਹਿਲਾਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਇਸ ਸਬੰਧ ਵਿੱਚ ਗਿੱਲ ਮਨਸੂਰ ਦੇ ਪਰਿਵਾਰ ਵੱਲੋਂ ਗ਼ਜ਼ਲ ਮੰਚ ਸਰੀ ਦੇ ਸਹਿਯੋਗ ਨਾਲ ਸਟਰਾਅਬੇਰੀ ਹਿੱਲ ਲਾਇਬਰੇਰੀ ਸਰੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪਰਿਵਾਰ ਦੇ ਮੈਂਬਰਾਂ ਅਤੇ ਉਨ੍ਹਾਂ ਨਾਲ ਵਿਚਰਨ ਵਾਲੇ ਲੇਖਕਾਂ ਨੇ ਉਨ੍ਹਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੀ ਜ਼ਿੰਦਗੀ ’ਤੇ ਆਧਾਰਿਤ ਦੋ ਸੰਖੇਪ ਵੀਡੀਓ’ਜ਼ ਵੀ ਦਿਖਾਈਆਂ ਗਈਆਂ।
ਸਮਾਗਮ ਦਾ ਆਗਾਜ਼ ਕਰਦਿਆਂ ਗ਼ਜ਼ਲ ਮੰਚ ਸਰੀ ਦੇ ਸਕੱਤਰ ਦਵਿੰਦਰ ਗੌਤਮ ਨੇ ਸਮਾਗਮ ਵਿੱਚ ਸ਼ਾਮਲ ਸਭਨਾਂ ਲੇਖਕਾਂ, ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਗਿੱਲ ਮਨਸੂਰ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਹੁਤ ਹੀ ਨੇਕ ਦਿਲ ਇਨਸਾਨ ਅਤੇ ਉੱਚੀ ਸੁੱਚੀ ਸ਼ਖ਼ਸੀਅਤ ਦੇ ਮਾਲਕ ਮਨਸੂਰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਉਨ੍ਹਾਂ ਕੋਲੋਂ ਅਸੀਂ ਜੀਵਨ ਜਾਚ ਬਾਰੇ ਬਹੁਤ ਕੁੱਝ ਸਿੱਖਿਆ ਹੈ।
ਗਿੱਲ ਮਨਸੂਰ ਦੇ ਸ਼ਾਇਰ ਬੇਟੇ ਦਸਮੇਸ਼ ਗਿੱਲ ਫਿਰੋਜ਼, ਉਨ੍ਹਾਂ ਦੀ ਦੋਹਤੀ ਤਰੰਨੁਮ ਥਿੰਦ ਅਤੇ ਦੋਹਤੇ ਸ਼ਹਿਬਾਜ਼ ਥਿੰਦ ਨੇ ਉਨ੍ਹਾਂ ਦੀ ਸ਼ਖ਼ਸੀਅਤ ਦੇ ਕਈ ਅਹਿਮ ਪਹਿਲੂਆਂ ’ਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੀ ਮਟਕਵੀਂ ਤੋਰ, ਰਹਿਣ ਸਹਿਣ ਅਤੇ ਸਮਾਜ ਵਿੱਚ ਵਿਚਰਨ ਦੇ ਖ਼ੂਬਸੂਰਤ ਸੁਹਜ ਦੀ ਗੱਲ ਕੀਤੀ। ਉਹ ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਹੋਣ ਦੇ ਨਾਲ ਨਾਲ ਬਹੁਤ ਵਧੀਆ ਅਧਿਆਪਕ ਅਤੇ ਖੇਡ-ਕੋਚ ਸਨ। ਉਨ੍ਹਾਂ ਨੇ ਉਰਦੂ ਵਿੱਚ 11 ਹਜ਼ਾਰ ਸ਼ਿਅਰ ਕਹੇ। ਉਨ੍ਹਾਂ ਦੱਸਿਆ ਕਿ ਗਿੱਲ ਮਨਸੂਰ ਕਹਿੰਦੇ ਸਨ ਕਿ ਮਨੁੱਖ ਨੂੰ ਖ਼ੁਦ ਨਾਲ ਪਿਆਰ ਕਰਨਾ ਚਾਹੀਦਾ ਹੈ। ਖ਼ੁਦ ਨੂੰ ਪਿਆਰ ਕਰਨ ਵਾਲੇ ਹੀ ਦੂਜਿਆਂ ਨੂੰ ਮੁਹੱਬਤ ਕਰਦੇ ਹਨ।
ਮਰਹੂਮ ਗਿੱਲ ਨਾਲ ਲੰਮਾਂ ਸਮਾਂ ਸਾਹਿਤਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਵਾਲੇ ਸ਼ਾਇਰ ਇੰਦਰਜੀਤ ਧਾਮੀ ਨੇ ਦਿਲਕਸ਼ ਸ਼ੈਲੀ ਵਿੱਚ ਉਨ੍ਹਾਂ ਦੇ ਮਹਾਨ ਵਿਚਾਰ ਪੇਸ਼ ਕੀਤੇ। ਗਿੱਲ ਮਨਸੂਰ ਨੂੰ ਯਾਦ ਕਰਦਿਆਂ ਹਿੰਦੀ ਸਾਹਿਤਕਾਰ ਸ੍ਰੀਨਾਥ ਪ੍ਰਸਾਦ ਦਿਵੇਦੀ, ਮੋਹਨ ਗਿੱਲ, ਰਾਜਵੰਤ ਰਾਜ, ਕਵਿੰਦਰ ਚਾਂਦ, ਅਮਰੀਕ ਪਲਾਹੀ, ਅੰਗਰੇਜ਼ ਬਰਾੜ, ਦਵਿੰਦਰ ਕੌਰ ਜੌਹਲ, ਪਰਮਿੰਦਰ ਕੌਰ ਸਵੈਚ, ਸੁਖਜੀਤ ਕੌਰ ਹੁੰਦਲ, ਪ੍ਰੀਤ ਮਨਪ੍ਰੀਤ, ਬਿੱਕਰ ਖੋਸਾ, ਡਾ. ਗੁਰਮਿੰਦਰ ਸਿੱਧੂ, ਨਰਿੰਦਰ ਭਾਗੀ, ਡਾ. ਰਮਿੰਦਰ ਕੰਗ, ਸੁਰਜੀਤ ਸਿੰਘ ਬਾਠ, ਸੁਨੀਤਾ ਗਰੇਵਾਲ ਅਤੇ ਕ੍ਰਿਸ਼ਨ ਬੈਕਟਰ ਨੇ ਕਿਹਾ ਕਿ ਜ਼ਿੰਦਗੀ ਦਾ ਜੋ ਸੁਹਜ, ਜ਼ਿੰਦਗੀ ਦੀ ਸਮਝ ਗਿੱਲ ਮਨਸੂਰ ਸਾਨੂੰ ਦੇ ਕੇ ਗਏ ਹਨ ਉਸ ਨੂੰ ਅਪਣਾ ਕੇ ਅਸੀਂ ਆਪਣੇ ਆਲੇ ਦੁਆਲੇ ਨੂੰ ਅਤੇ ਆਪਣੇ ਸਮਾਜ ਨੂੰ ਬਹੁਤ ਖ਼ੂਬਸੂਰਤ ਸਮਾਜ ਬਣਾ ਸਕਦੇ ਹਾਂ।
ਅੰਤ ਵਿੱਚ ਸ਼ਾਇਰ ਰਾਜਵੰਤ ਰਾਜ ਨੇ ਗ਼ਜ਼ਲ ਮੰਚ ਸਰੀ ਅਤੇ ਗਿੱਲ ਮਨਸੂਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਸੰਪਰਕ: +1 604 308 6663