ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਦੇਣ ਦੀ ਪੇਸ਼ਕਸ਼
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੂਨ
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਸੈਨਿਕ ਦੇ ਚੇਅਰਮੈਨ ਨਿਸ਼ਾਂਤ ਕੁਮਾਰ ਯਾਦਵ ਵੱਲੋਂ ਬੋਰਡ ਮੈਂਬਰਾਂ ਦੇ ਨਾਲ ਸੈਨਿਕਾਂ ਤੇ ਉਨ੍ਹਾਂ ਤੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਮੀਟਿੰਗ ਕੀਤੀ ਗਈ। ਇਸ ਦੌਰਾਨ ਬੋਰਡ ਮੈਂਬਰਾਂ ਨੇ ਸ਼ਹੀਦ ਸੈਨਿਕਾਂ ਅਤੇ ਅਰਥ ਸੈਨਿਕ ਬਲ ਦੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ 50 ਲੱਖ ਰੁਪਏ ਤੋਂ ਵਧਾ ਕੇ ਇਕ ਕਰੋੜ ਰੁਪਏ ਕਰਨ ਦੀ ਪੇਸ਼ਕਸ਼ ਕੀਤੀ ਗਈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਗਰੁੱਪ ‘ਬੀ’ ਤੇ ਗਰੁੱਪ ‘ਸੀ’ ਦੀਆਂ ਨੌਕਰੀਆਂ ਵਿੱਚ ਸਿੱਧੀ ਭਰਤੀ ਦੌਰਾਨ ਅਗਨੀਵੀਰਾਂ ਲਈ 10 ਫ਼ੀਸਦ ਰਾਖਵਾਂ ਕਰਨ ਦੇਣ ਦੀ ਮੰਗ ਕੀਤੀ ਗਈ ਤਾਂ ਜੋ ਦੇਸ਼ ਦੀ ਸੁਰੱਖਿਆ ਵਿੱਚ ਨੌਜਵਾਨਾਂ ਦੀ ਰੁੱਚੀ ਨੂੰ ਹੋਰ ਵਧਾਇਆ ਜਾ ਸਕੇ।
ਬੋਰਡ ਮੈਂਬਰਾਂ ਨੇ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਤੇ ਕਿਸੇ ਗੰਭੀਰ ਸੱਟ ਵੱਜਣ ’ਤੇ ਪਰਿਵਾਰ ਨੂੰ ਇਕ ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤਈ। ਇਸ ਦੇ ਨਾਲ ਹੀ ਬੋਰਡ ਮੈਂਬਰਾਂ ਨੇ ਸੈਕਟਰ-21 ਵਿੱਚ ਸਥਿਤ ਸੈਨਿਕ ਗੈਸਟ ਹਾਊਸ ਨੂੰ ਅੱਪਗ੍ਰੇਡ ਕਰਨ ਦੀ ਮੰਗ ਕੀਤੀ। ਇਸ ਮੀਟਿੰਗ ਵਿੱਚ ਬੋਰਡ ਵੱਲੋਂ ਪਿਛਲੀ ਮੀਟਿੰਗ ਵਿੱਚ ਵਿਚਾਰੇ ਕਏ ਮੁੱਦਿਆਂ ’ਤੇ ਵੀ ਵਿਚਾਰ-ਚਰਚਾ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਸੈਨਿਕ ਬੋਰਡ ਦੇ ਚੇਅਰਮੈਨ ਨਿਸ਼ਾਂਤ ਕੁਮਾਰ ਯਾਦਵ ਨੇ ਬੋਰਡ ਮੈਂਬਰਾਂ ਦੀਆਂ ਪੇਸ਼ਕਸ਼ਾਂ ਨੂੰ ਧਿਆਨ ਨਾਲ ਸੁਣਿਆਂ ਅਤੇ ਉਸ ਨੂੰ ਹੋਰਨਾਂ ਉੱਚ ਅਧਿਕਾਰੀਆਂ ਨਾਲ ਵਿਚਾਰ ਕੇ ਅਮਲੀ ਰੂਪ ਦਿਵਾਉਣ ਦਾ ਭਰੋਸਾ ਦਿੱਤਾ।